Homeਪੰਜਾਬੀਪੰਜਾਬਦੋ ਪੰਥਕ ਪਰਿਵਾਰ, ਇੱਕ ਹਲਕਾ: ਬੱਸੀ ਪਠਾਣਾਂ 'ਚ ਮੁਕਾਬਲਾ ਹੋਇਆ ਰੋਚਕ

ਦੋ ਪੰਥਕ ਪਰਿਵਾਰ, ਇੱਕ ਹਲਕਾ: ਬੱਸੀ ਪਠਾਣਾਂ ‘ਚ ਮੁਕਾਬਲਾ ਹੋਇਆ ਰੋਚਕ

- Advertisement -spot_img

ਸੰਘੋਲ, 16 ਅਗਸਤ (ਰਣਜੋਧ ਸਿੰਘ ਔਜਲਾ)
ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਵਿੱਚ ਇਸ ਵਾਰ ਦੋ ਪੰਥਕ ਪਰਿਵਾਰਾਂ ਦੇ ਵਾਰਿਸ ਚੋਣ ਮੈਦਾਨ ਵਿੱਚ ਆਹਮੋ-ਸਾਹਮਣੇ ਹੋਣ ਕਾਰਨ ਸਿਆਸੀ ਮੁਕਾਬਲਾ ਦਿਲਚਸਪ ਬਣ ਗਿਆ ਹੈ। ਦੋਵੇਂ ਪਰਿਵਾਰਾਂ ਦਾ ਸਬੰਧ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨਾਲ ਜੁੜੇ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਨਾਲ ਹੈ।

ਦੋਵਾਂ ਪਰਿਵਾਰਾਂ ਦੇ ਉਮੀਦਵਾਰਾਂ ਦੇ ਚੋਣ ਮੈਦਾਨ ਵਿੱਚ ਉਤਰਨ ਨਾਲ ਪੰਥਕ ਸੋਚ ਰੱਖਣ ਵਾਲੇ ਵੋਟਰਾਂ ਵਿੱਚ ਦੁਚਿੱਤੀ ਦੀ ਸਥਿਤੀ ਬਣ ਗਈ ਹੈ ਕਿ ਉਹ ਕਿਸ ਉਮੀਦਵਾਰ ਦਾ ਸਮਰਥਨ ਕਰਨ। ਅਜਿਹੇ ਹਾਲਾਤ ਵਿੱਚ ਪੰਥਕ ਵੋਟ ਵੰਡਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਦਾ ਸਿੱਧਾ ਲਾਭ ਕਿਸੇ ਤੀਜੇ ਉਮੀਦਵਾਰ ਨੂੰ ਮਿਲ ਸਕਦਾ ਹੈ।

ਸੰਨ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਸ਼ਾਇਦ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਚੋਣ ਮੈਦਾਨ ਵਿੱਚ ਇੱਕ-ਦੂਜੇ ਦੇ ਮੁਕਾਬਲੇ ਖੜ੍ਹੇ ਹੋਣਗੇ।

ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਬੀਬੀ ਬਿਮਲ ਕੌਰ ਖ਼ਾਲਸਾ ਦੀ ਸਪੁੱਤਰੀ ਬੀਬੀ ਅੰਮ੍ਰਿਤ ਕੌਰ ਮਲੋਆ ਨੇ 31 ਜੁਲਾਈ ਨੂੰ ਸੋਸ਼ਲ ਮੀਡੀਆ ਰਾਹੀਂ ਬੱਸੀ ਪਠਾਣਾਂ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਹਾਈਕਮਾਂਡ ਨੇ 11 ਅਗਸਤ ਨੂੰ ਪ੍ਰੈੱਸ ਕਾਨਫਰੰਸ ਕਰਕੇ ਸ਼ਹੀਦ ਭਾਈ ਕੇਹਰ ਸਿੰਘ ਦੇ ਪੁੱਤਰ ਭਾਈ ਸਤਵੰਤ ਸਿੰਘ ਨੂੰ ਇਸੇ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭਾਈ ਕੇਹਰ ਸਿੰਘ ਦੇ ਪਰਿਵਾਰ ਵੱਲੋਂ ਬੱਸੀ ਪਠਾਣਾਂ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਗਈ ਸੀ।

watch…..ਹੁਸੈਨੀਵਾਲਾ ’ਚ ਸ਼ਹੀਦਾਂ ਦੀ ਵਿਰਾਸਤ ਨੂੰ ਮਿਲੇਗੀ ਨਵੀਂ ਪਹਿਚਾਣ, 24.99 ਕਰੋੜ ਦਾ ਹੈਰੀਟੇਜ ਕੰਪਲੈਕਸ

ਦੋਵੇਂ ਉਮੀਦਵਾਰ ਆਪਣੇ-ਆਪਣੇ ਪਰਿਵਾਰ ਵੱਲੋਂ ਸਿੱਖ ਕੌਮ ਲਈ ਦਿੱਤੀ ਕੁਰਬਾਨੀ ਨੂੰ ਆਧਾਰ ਬਣਾ ਕੇ ਵੋਟਰਾਂ ਤੋਂ ਸਮਰਥਨ ਮੰਗ ਰਹੇ ਹਨ।

ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਬੇਅੰਤ ਸਿੰਘ ਦੀ ਪਤਨੀ ਬੀਬੀ ਬਿਮਲ ਕੌਰ ਖ਼ਾਲਸਾ 1989 ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ‘ਤੇ ਰੋਪੜ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਸੰਸਦ ਮੈਂਬਰ ਰਹਿ ਚੁੱਕੇ ਹਨ। ਹਲਕੇ ਵਿੱਚ ਉਨ੍ਹਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕੰਮਾਂ ਕਾਰਨ ਉਨ੍ਹਾਂ ਦੇ ਸਮਰਥਕ ਅੱਜ ਵੀ ਉਨ੍ਹਾਂ ਦੀਆਂ ਯਾਦਾਂ ਨਾਲ ਜੁੜੇ ਹੋਏ ਹਨ।

ਇਸ ਦਾ ਲਾਭ ਬੀਬੀ ਅੰਮ੍ਰਿਤ ਕੌਰ ਮਲੋਆ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਉਹ ਆਪਣੀ ਮਾਤਾ ਬੀਬੀ ਬਿਮਲ ਕੌਰ ਖ਼ਾਲਸਾ ਦੇ ਪੁਰਾਣੇ ਸਮਰਥਕਾਂ ਨਾਲ ਲਗਾਤਾਰ ਸੰਪਰਕ ਕਾਇਮ ਕਰ ਰਹੇ ਹਨ।

ਬੀਬੀ ਅੰਮ੍ਰਿਤ ਕੌਰ ਮਲੋਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ 31 ਜੁਲਾਈ ਨੂੰ ਹੀ ਸੋਸ਼ਲ ਮੀਡੀਆ ‘ਤੇ ਬੱਸੀ ਪਠਾਣਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ, ਜਦਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 11 ਅਗਸਤ ਨੂੰ ਭਾਈ ਸਤਵੰਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਭਾਈ ਸਤਵੰਤ ਸਿੰਘ ਨੂੰ ਟਿਕਟ ਦੇਣ ਤੋਂ ਪਹਿਲਾਂ ਪਾਰਟੀ ਵੱਲੋਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਕੀਤਾ ਗਿਆ।

ਬੀਬੀ ਅੰਮ੍ਰਿਤ ਕੌਰ ਮੁਤਾਬਕ ਜੇਕਰ ਪਾਰਟੀ ਵੱਲੋਂ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਸ਼ਾਇਦ ਉਹ ਬੱਸੀ ਪਠਾਣਾਂ ਤੋਂ ਚੋਣ ਲੜਨ ਦਾ ਆਪਣਾ ਫ਼ੈਸਲਾ ਬਦਲ ਸਕਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਾਕੀ 116 ਵਿਧਾਨ ਸਭਾ ਹਲਕਿਆਂ ਵਿੱਚੋਂ ਉਹ ਕਿਸੇ ਵੀ ਹਲਕੇ ਤੋਂ ਚੋਣ ਲੜ ਸਕਦੇ ਸਨ, ਪਰ ਹੁਣ ਉਨ੍ਹਾਂ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਭਾਈ ਸਤਵੰਤ ਸਿੰਘ ਨੂੰ ਟਿਕਟ ਦੇਣ ਤੋਂ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਿਉਂ ਨਹੀਂ ਕੀਤਾ ਗਿਆ। ਇਸ ਕਾਰਨ ਉਹ ਹੁਣ ਬੱਸੀ ਪਠਾਣਾਂ ਤੋਂ ਚੋਣ ਲੜਨ ਦੇ ਆਪਣੇ ਫ਼ੈਸਲੇ ‘ਤੇ ਦ੍ਰਿੜ ਹਨ।

ਦੂਜੇ ਪਾਸੇ ਭਾਈ ਸਤਵੰਤ ਸਿੰਘ ਇਸ ਸਮੇਂ ਇੰਗਲੈਂਡ ਗਏ ਹੋਏ ਹਨ। ਉਨ੍ਹਾਂ ਦੇ ਸਮਰਥਕ ਅਤੇ ਪਿੰਡ ਵਾਸੀ ਵੀ ਉਨ੍ਹਾਂ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ, ਜਿਸ ਕਰਕੇ ਫਿਲਹਾਲ ਉਨ੍ਹਾਂ ਵੱਲੋਂ ਕੋਈ ਵੱਡੀ ਸਿਆਸੀ ਸਰਗਰਮੀ ਸਾਹਮਣੇ ਨਹੀਂ ਆਈ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here