ਪਟਿਆਲਾ, 18 ਅਗਸਤ
ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ ਸਮਾਗਮ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਟਿਆਲਾ ਦੇ ਪ੍ਰਸਿੱਧ ਕਾਰੀਗਰ ਅਤੇ ਮੂਰਤੀਕਾਰ ਤਰਸੇਮ ਸਿੰਘ ਨੂੰ ਦਸਤਕਾਰੀ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਜਾ ਰਹੇ ਵਿਸ਼ੇਸ਼ ਯੋਗਦਾਨ ਲਈ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ. ਵਰੁਣ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਏਕਤਾ ਵਿਹਾਰ, ਪਟਿਆਲਾ ਦੇ ਵਸਨੀਕ ਤਰਸੇਮ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਲੱਕੜ ਦੀ ਨੱਕਾਸ਼ੀ ਅਤੇ ਮੂਰਤੀ ਕਲਾ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਇਹ ਰਵਾਇਤੀ ਕਲਾ ਆਪਣੇ ਪਿਤਾ ਸ੍ਰੀ ਬਲਵਿੰਦਰ ਸਿੰਘ ਤੋਂ ਸਿੱਖੀ ਅਤੇ ਉਨ੍ਹਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਲੱਕੜ ਦੇ ਕੰਮ, ਲੁਹਾਰਗੀਰੀ ਅਤੇ ਰਾਜ ਮਿਸਤਰੀ ਵਰਗੇ ਰਵਾਇਤੀ ਕਿੱਤਿਆਂ ਨਾਲ ਸੰਬੰਧਿਤ ਰਿਹਾ ਹੈ।
ਦਸੰਬਰ 2024 ਵਿੱਚ ਅਪੈਂਡਿਕਸ ਕੈਂਸਰ ਨਾਲ ਜੰਗ ਲੜਨ ਤੋਂ ਬਾਅਦ ਸਿਹਤ ਸੰਬੰਧੀ ਚੁਣੌਤੀਆਂ ਕਾਰਨ ਉਨ੍ਹਾਂ ਲਈ ਭਾਰੀ ਲੱਕੜੀ ਦਾ ਕੰਮ ਕਰਨਾ ਮੁਸ਼ਕਲ ਹੋ ਗਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਕਲਾ ਪ੍ਰਤੀ ਜਜ਼ਬਾ ਕਾਇਮ ਰੱਖਿਆ ਅਤੇ ਲੱਕੜ ਦੀਆਂ ਮੂਰਤੀਆਂ ਤਿਆਰ ਕਰਕੇ ਆਪਣੀ ਰਚਨਾਤਮਕਤਾ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ਉਨ੍ਹਾਂ ਦੀ ਮਿਹਨਤ, ਸਿਰਜਣਾਤਮਕ ਸੋਚ ਅਤੇ ਅਟੱਲ ਹੌਂਸਲੇ ਦੀ ਪ੍ਰਤੀਕ ਹਨ।
watch…..ਪੰਜਾਬ ਦੇ ਪੇਂਡੂ ਖੇਤਰਾਂ ਨੂੰ ਮਿਲਣਗੀਆਂ 100 ਨਵੀਆਂ ‘ਪੀ.ਆਰ.ਟੀ.ਸੀ. ਜੂਨੀਅਰ’ ਬੱਸਾਂ
ਤਰਸੇਮ ਸਿੰਘ ਨਾ ਸਿਰਫ਼ ਲੱਕੜ ਦੀ ਬਰੀਕ ਨੱਕਾਸ਼ੀ ਅਤੇ ਮੂਰਤੀ ਕਲਾ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲ ਰਹੇ ਹਨ, ਸਗੋਂ ਇਸ ਪਰੰਪਰਾਗਤ ਹੁਨਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਵੀ ਲਗਾਤਾਰ ਯਤਨਸ਼ੀਲ ਹਨ। ਇਸ ਤੋਂ ਇਲਾਵਾ ਉਹ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਐਨ.ਜੀ.ਓ. ਨਾਲ ਜੁੜ ਕੇ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਲਈ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਲੱਕੜ ਕਲਾ ਦੀ ਸੰਭਾਲ, ਵਿਰਾਸਤੀ ਹੁਨਰ ਨੂੰ ਜਿਊਂਦਾ ਰੱਖਣ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਦੇਖਦਿਆਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਸ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ।





