ਸੰਘੋਲ, 19 ਅਗਸਤ (ਔਜਲਾ):
ਨਜ਼ਦੀਕੀ ਪਿੰਡ ਬੁਰਜ ਨੇੜੇ ਲਿੰਕ ਸੜਕ ‘ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਖੇੜੀ ਨੌਧ ਸਿੰਘ ਪੁਲਿਸ ਨੂੰ 19 ਅਗਸਤ ਦੀ ਸਵੇਰ ਉਸ ਵੇਲੇ ਸੂਚਨਾ ਮਿਲੀ ਜਦੋਂ ਪਿੰਡ ਵਾਸੀਆਂ ਨੇ ਝੋਨੇ ਦੇ ਖੇਤ ਵਿੱਚ ਇੱਕ ਨੌਜਵਾਨ ਨੂੰ ਮੂੰਹ ਦੇ ਭਾਰ ਡਿੱਗਿਆ ਹੋਇਆ ਦੇਖਿਆ। ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਸ਼ੁਰੂਆਤੀ ਪੜਤਾਲ ਦੌਰਾਨ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (35) ਵਾਸੀ ਮੁੱਲਾਂਪੁਰ, ਨੇੜੇ ਖੇੜੀ ਨੌਧ ਸਿੰਘ ਵਜੋਂ ਹੋਈ ਹੈ। ਪੁਲਿਸ ਅਨੁਸਾਰ ਕੁਲਦੀਪ ਸਿੰਘ ਦੇਰ ਰਾਤ ਆਪਣੇ ਘਰ ਤੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਡਿਊਟੀ ਲਈ ਨਿਕਲਿਆ ਸੀ। ਰਸਤੇ ਵਿੱਚ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਵੇਰੇ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਮ੍ਰਿਤਕ ਹਾਲਤ ਵਿੱਚ ਪਿਆ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਇੱਕ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ। ਇਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਇਸੇ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਹੋ ਸਕਦਾ ਹੈ।
watch…..ਦੋ ਪੰਥਕ ਪਰਿਵਾਰ, ਇੱਕ ਹਲਕਾ: ਬੱਸੀ ਪਠਾਣਾਂ ‘ਚ ਮੁਕਾਬਲਾ ਹੋਇਆ ਰੋਚਕ
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।





