Homeਪੰਜਾਬੀਪੰਜਾਬਮੁਹਾਲੀ ਬਣੇਗਾ ਏ.ਆਈ. ਤੇ ਡਿਜੀਟਲ ਇਨੋਵੇਸ਼ਨ ਦਾ ਪ੍ਰਮੁੱਖ ਕੇਂਦਰ: ਮਾਨ

ਮੁਹਾਲੀ ਬਣੇਗਾ ਏ.ਆਈ. ਤੇ ਡਿਜੀਟਲ ਇਨੋਵੇਸ਼ਨ ਦਾ ਪ੍ਰਮੁੱਖ ਕੇਂਦਰ: ਮਾਨ

- Advertisement -spot_img

ਚੰਡੀਗੜ੍ਹ, 24 ਅਗਸਤ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਨੈਸਕੌਮ (ਨੈਸ਼ਨਲ ਐਸੋਸੀਏਸ਼ਨ ਆਫ਼ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼) ਦੇ ਵਫ਼ਦ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਤੇਜ਼ੀ ਨਾਲ ਦੇਸ਼ ਦੇ ਪ੍ਰਮੁੱਖ ਆਈ.ਟੀ. ਹੱਬ ਵਜੋਂ ਆਪਣੀ ਪਛਾਣ ਬਣਾ ਰਿਹਾ ਹੈ ਅਤੇ ਮੁਹਾਲੀ ਏ.ਆਈ., ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ (ਜੀ.ਸੀ.ਸੀ.) ਲਈ ਇੱਕ ਪ੍ਰਮੁੱਖ ਕੇਂਦਰ ਬਣਨ ਵੱਲ ਵਧ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਹੁਨਰਮੰਦ ਮਨੁੱਖੀ ਸਰੋਤ, ਘੱਟ ਕਾਰੋਬਾਰੀ ਲਾਗਤਾਂ, ‘ਇਨਵੈਸਟ ਪੰਜਾਬ’ ਅਤੇ ਨਵੀਂ ਜੀ.ਸੀ.ਸੀ. ਨੀਤੀ-2026 ਸੂਬੇ ਵਿੱਚ ਤਕਨਾਲੋਜੀ ਕੰਪਨੀਆਂ ਅਤੇ ਨਵੇਂ ਨਿਵੇਸ਼ ਲਈ ਮਜ਼ਬੂਤ ਈਕੋਸਿਸਟਮ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਮੀਟਿੰਗ ਦੀ ਵੀਡੀਓ ਕਲਿੱਪ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ’ ਉੱਤੇ ਕਿਹਾ ਕਿ ਪੰਜਾਬ ਨੂੰ ਆਈ.ਟੀ. ਖੇਤਰ ਵਿੱਚ ਮੋਹਰੀ ਬਣਾਉਣ ਦੇ ਉਦੇਸ਼ ਨਾਲ ਨੈਸਕੌਮ ਦੇ ਵਫ਼ਦ ਨਾਲ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਏ.ਆਈ., ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ।

ਉਨ੍ਹਾਂ ਅਨੁਸਾਰ, ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਕਾਰਨ ਮੁਹਾਲੀ ਉੱਤਰੀ ਭਾਰਤ ਵਿੱਚ ਨਿਵੇਸ਼ਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ। ਸੂਬੇ ਵਿੱਚ ਆਈ.ਆਈ.ਟੀ. ਅਤੇ ਆਈ.ਐੱਸ.ਬੀ. ਵਰਗੀਆਂ ਪ੍ਰਸਿੱਧ ਸੰਸਥਾਵਾਂ ਤੋਂ ਉਪਲਬਧ ਹੁਨਰਮੰਦ ਪ੍ਰਤਿਭਾ ਦੇ ਨਾਲ-ਨਾਲ ਘੱਟ ਕਾਰੋਬਾਰੀ ਲਾਗਤਾਂ ਅਤੇ ਨਿਵੇਸ਼-ਪੱਖੀ ਨੀਤੀਆਂ ਮੌਜੂਦ ਹਨ।

watch…..ਮਲੇਰਕੋਟਲਾ ਵਿੱਚ ‘ਆਪ’ ਨੂੰ ਵੱਡੀ ਮਜ਼ਬੂਤੀ, ਡਾ. ਗੁਲਜ਼ਾਰ ਮੁਹੰਮਦ ਸਮੇਤ ਤਿੰਨ ਕੌਂਸਲਰ ਪਾਰਟੀ ਵਿੱਚ ਸ਼ਾਮਲ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤਕਨਾਲੋਜੀ ਆਧਾਰਿਤ ਤਬਦੀਲੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਸੂਬੇ ਵਿੱਚ ਅਗਲੀ ਪੀੜ੍ਹੀ ਦੇ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਨਵੀਆਂ ਤਕਨੀਕਾਂ ਦਾ ਲਾਭ ਉਠਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੈਸਕੌਮ ਨੂੰ ਮੁਹਾਲੀ ਵਿੱਚ ਅਤਿ-ਆਧੁਨਿਕ ਸਟਾਰਟਅੱਪ ਇਨਕਿਊਬੇਟਰ ਸਥਾਪਤ ਕਰਨ ਲਈ ਪੰਜਾਬ ਨਾਲ ਸਾਂਝੇਦਾਰੀ ਕਰਨ ਅਤੇ ਸੂਬੇ ਦੇ ਸਟਾਰਟਅੱਪ ਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਖੇਤੀਬਾੜੀ ਖੇਤਰ ਵਿੱਚ ਏ.ਆਈ. ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਈ.ਆਈ.ਟੀ. ਰੋਪੜ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ ਸਾਂਝੇ ਤੌਰ ‘ਤੇ ਕੰਮ ਸ਼ੁਰੂ ਕੀਤਾ ਹੈ। ਇਸ ਸਹਿਯੋਗ ਦਾ ਉਦੇਸ਼ ਸਮਾਰਟ ਫਾਰਮਿੰਗ ਮਾਡਲਾਂ ਅਤੇ ਭਵਿੱਖਬਾਣੀ ਵਿਸ਼ਲੇਸ਼ਣ ਰਾਹੀਂ ਕਿਸਾਨਾਂ ਦੀ ਉਤਪਾਦਕਤਾ ਵਧਾਉਣਾ ਅਤੇ ਖੇਤੀਬਾੜੀ ਵਿੱਚ ਟਿਕਾਊਪਣ ਨੂੰ ਉਤਸ਼ਾਹਿਤ ਕਰਨਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਈ ਬਹੁ-ਰਾਸ਼ਟਰੀ ਕੰਪਨੀਆਂ ਪੰਜਾਬ, ਖ਼ਾਸ ਕਰਕੇ ਮੁਹਾਲੀ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਵਿਸ਼ਵ ਪੱਧਰੀ ਹਵਾਈ, ਰੇਲ ਅਤੇ ਸੜਕੀ ਸੰਪਰਕ, ਉੱਚ ਪੱਧਰੀ ਸਿਹਤ ਸਹੂਲਤਾਂ, ਮਿਆਰੀ ਵਿੱਦਿਅਕ ਸੰਸਥਾਵਾਂ ਅਤੇ ਜ਼ਮੀਨ ਦੀ ਉਪਲਬਧਤਾ ਵਰਗੀਆਂ ਸਹੂਲਤਾਂ ਮੌਜੂਦ ਹਨ। ਇਹ ਸਾਰੇ ਕਾਰਕ ਮੁਹਾਲੀ ਨੂੰ ਗਲੋਬਲ ਕੰਪਨੀਆਂ ਅਤੇ ਤਕਨਾਲੋਜੀ ਆਧਾਰਿਤ ਨਿਵੇਸ਼ ਲਈ ਇੱਕ ਆਕਰਸ਼ਕ ਮੰਜ਼ਿਲ ਬਣਾਉਂਦੇ ਹਨ।

ਉਨ੍ਹਾਂ ਦੱਸਿਆ ਕਿ ਮੁਹਾਲੀ ਅਤੇ ਇਸ ਦੇ ਆਲੇ-ਦੁਆਲੇ ਛੇ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਮੌਜੂਦ ਹਨ, ਜੋ ਗਲੋਬਲ ਕੰਪਨੀਆਂ ਨੂੰ ਹੁਨਰਮੰਦ ਪ੍ਰਤਿਭਾ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹੁਨਰਮੰਦ ਮਨੁੱਖੀ ਸ਼ਕਤੀ, ਗੁਣਵੱਤਾ ਵਾਲਾ ਬੁਨਿਆਦੀ ਢਾਂਚਾ ਅਤੇ ਬਿਹਤਰ ਸੰਪਰਕ ਕੰਪਨੀਆਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਨ ਅਤੇ ਵਿਸਤਾਰ ਕਰਨ ਲਈ ਮਜ਼ਬੂਤ ਈਕੋਸਿਸਟਮ ਮੁਹੱਈਆ ਕਰਦੇ ਹਨ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਇਤਿਹਾਸਕ ‘ਰਾਈਟ ਟੂ ਬਿਜ਼ਨਸ ਐਕਟ’ ਪਾਸ ਕੀਤਾ ਹੈ। ਇਸ ਕਾਨੂੰਨ ਨਾਲ ਉੱਦਮੀਆਂ ਲਈ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਹੋਰ ਸੁਖਾਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਜ਼ਬੂਤ ਸਿੰਗਲ ਵਿੰਡੋ ਸਿਸਟਮ ਅਤੇ ਡਿਜੀਟਾਈਜ਼ਡ ਜਨਤਕ ਸੇਵਾ ਪ੍ਰਦਾਨਗੀ ਪ੍ਰਣਾਲੀ ਉਦਯੋਗ ਲਈ ਮਿਸਾਲ ਬਣ ਰਹੀ ਹੈ ਅਤੇ ਕਈ ਹੋਰ ਸੂਬਿਆਂ ਨੇ ਵੀ ਪੰਜਾਬ ਮਾਡਲ ਨੂੰ ਅਪਣਾਇਆ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਰੋਬਾਰਾਂ ਲਈ ਪੰਜਾਬ ਵਿੱਚ ਨਿਵੇਸ਼ ਕਰਨਾ, ਕੰਮ ਕਰਨਾ ਅਤੇ ਆਪਣੇ ਕਾਰੋਬਾਰ ਦਾ ਵਿਸਤਾਰ ਕਰਨਾ ਹੋਰ ਆਸਾਨ ਬਣਾਉਣ ਲਈ ਵਚਨਬੱਧ ਹੈ। ਸਰਕਾਰ ਨਿਵੇਸ਼ ਈਕੋਸਿਸਟਮ ਨੂੰ ਮਜ਼ਬੂਤ ਕਰਨ, ਤਕਨਾਲੋਜੀ ਆਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਮੀਟਿੰਗ ਦੌਰਾਨ ਉਦਯੋਗ ਤੇ ਵਣਜ ਅਤੇ ਇਨਵੈਸਟਮੈਂਟ ਪ੍ਰੋਮੋਸ਼ਨ ਮੰਤਰੀ ਅਮਨ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here