ਪਟਿਆਲਾ, 10 ਅਕਤੂਬਰ
ਪਟਿਆਲਾ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵਕ ਪ੍ਰਿੰਸੀਪਲ ਬਾਬੂ ਸਿੰਘ ਗੁਰਮ ਵੱਲੋਂ ਅੱਜ ਇੱਥੇ ਪੰਜਾਬ ਦੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ ਦੀ ਪੰਜਾਬੀ ਵਿੱਚ ਲਿਖੀ ਪੁਸਤਕ ‘ਪਟਿਆਲਵੀ ਪੱਤਰਕਾਰ’ ਦਾ ਵਿਮੋਚਨ ਕੀਤਾ ਗਿਆ।
ਪ੍ਰਿੰਸੀਪਲ ਗੁਰਮ ਨੇ ਪੁਸਤਕ ਦੇ ਲੇਖਕ ਉਜਾਗਰ ਸਿੰਘ ਨੂੰ ਇਸ ਮਹੱਤਵਪੂਰਨ ਉਪਰਾਲੇ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੱਤਰਕਾਰੀ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ ਦੇ ਜੀਵਨ, ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਕਲਮਬੱਧ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਕੀਮਤੀ ਦਸਤਾਵੇਜ਼ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਅਜਿਹੀਆਂ ਪੁਸਤਕਾਂ ਸਮਾਜ ਦੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਉਜਾਗਰ ਸਿੰਘ ਨੇ ਦੱਸਿਆ ਕਿ ‘ਪਟਿਆਲਵੀ ਪੱਤਰਕਾਰ’ ਪੁਸਤਕ ਦੀ ਪ੍ਰਕਾਸ਼ਨਾ ਲਈ ਪ੍ਰਿੰਸੀਪਲ ਗੁਰਮ ਵੱਲੋਂ ਸਪਾਂਸਰਸ਼ਿਪ ਦਿੱਤੀ ਗਈ ਹੈ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ।
158 ਪੱਤਰਕਾਰਾਂ ਦੇ ਜੀਵਨ ਅਤੇ ਯੋਗਦਾਨ ਦਾ ਵੇਰਵਾ
ਉਜਾਗਰ ਸਿੰਘ ਨੇ ਇਸ ਪੁਸਤਕ ਵਿੱਚ ਪਟਿਆਲਾ ਨਾਲ ਸਬੰਧਤ ਵੱਖ-ਵੱਖ ਸਮਿਆਂ ਦੇ ਲਗਭਗ 158 ਪੱਤਰਕਾਰਾਂ ਦੇ ਜੀਵਨ, ਪੱਤਰਕਾਰੀ ਸਫ਼ਰ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਇਸ ਪੁਸਤਕ ਰਾਹੀਂ ਪਟਿਆਲਾ ਦੀ ਪੱਤਰਕਾਰੀ ਵਿਰਾਸਤ ਨੂੰ ਸਾਂਭਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸਾਰਥਕ ਯਤਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਦਾਰ ਉਜਾਗਰ ਸਿੰਘ ਇਸ ਤੋਂ ਪਹਿਲਾਂ ਵੀ ਸਮਾਜਿਕ, ਇਤਿਹਾਸਕ, ਰਾਜਨੀਤਕ ਅਤੇ ਸਾਹਿਤਕ ਵਿਸ਼ਿਆਂ ’ਤੇ ਲਗਭਗ 17 ਪੁਸਤਕਾਂ ਲਿਖ ਚੁੱਕੇ ਹਨ। ਇਨ੍ਹਾਂ ਵਿੱਚ ‘ਪਟਿਆਲਾ ਦੀ ਵਿਰਾਸਤ’, ‘ਸਮਕਾਲੀ ਸਮਾਜ’, ‘ਸਿਆਸਤ ਅਤੇ ਲੋਕ ਸੰਪਰਕ’, ‘ਪੰਜਾਬ ਦੇ 52 ਰਤਨ ਹੀਰੇ’, ‘ਸਰਦਾਰ ਬੇਅੰਤ ਸਿੰਘ ਕਤਲ ਦਾ ਅਸਲ ਸੱਚ’, ‘ਪੰਜਾਬ ਦੀਆਂ ਅਨਮੋਲ ਰਤਨ ਸ਼ਖ਼ਸੀਅਤਾਂ’ ਅਤੇ ‘ਆਪਣੇ ਸਿੱਖ ਸਮਾਜ ਦੇ ਮਸਲੇ’ ਸਮੇਤ ਹੋਰ ਪੁਸਤਕਾਂ ਸ਼ਾਮਲ ਹਨ।
ਪ੍ਰਿੰਸੀਪਲ ਗੁਰਮ ਨੇ ਉਜਾਗਰ ਸਿੰਘ ਦੀ ਲੇਖਣੀ ਅਤੇ ਖੋਜ-ਅਧਾਰਿਤ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਲਿਖਤਾਂ ਸਮਾਜ ਦੀਆਂ ਅਹਿਮ ਸ਼ਖ਼ਸੀਅਤਾਂ ਅਤੇ ਘਟਨਾਵਾਂ ਨੂੰ ਇਤਿਹਾਸ ਦੇ ਪੰਨਿਆਂ ’ਤੇ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਹੋਰ ਲੇਖਕ ਵੀ ਅਜਿਹੇ ਵਿਸ਼ਿਆਂ ’ਤੇ ਲਿਖਣ ਲਈ ਅੱਗੇ ਆਉਣਗੇ ਅਤੇ ਆਪਣੀ ਕਲਮ ਰਾਹੀਂ ਸਮਾਜ ਨੂੰ ਸਾਰਥਕ ਸੇਧ ਦੇਣਗੇ। ਉਨ੍ਹਾਂ ਕਿਹਾ ਕਿ ‘ਪਟਿਆਲਵੀ ਪੱਤਰਕਾਰ’ ਪਟਿਆਲਾ ਦੀ ਪੱਤਰਕਾਰੀ ਵਿਰਾਸਤ ਨੂੰ ਸਮਝਣ ਦੇ ਚਾਹਵਾਨ ਪਾਠਕਾਂ, ਖੋਜਾਰਥੀਆਂ ਅਤੇ ਨੌਜਵਾਨ ਪੀੜ੍ਹੀ ਲਈ ਲਾਹੇਵੰਦ ਪੁਸਤਕ ਸਾਬਤ ਹੋਵੇਗੀ।
watch……ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਪੰਜਾਬ ਵਿੱਚ ਹੋਣਗੇ ਵਿਸ਼ਵ ਪੱਧਰੀ ਪ੍ਰਬੰਧ: ਮੁੱਖ ਮੰਤਰੀ ਮਾਨ
ਪੁਸਤਕ ਦਾ ਦੂਜਾ ਐਡੀਸ਼ਨ ਛੇ ਮਹੀਨਿਆਂ ਵਿੱਚ ਪ੍ਰਕਾਸ਼ਿਤ ਹੋਵੇਗਾ
ਉਜਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਿੱਤਰ ਅਤੇ ਪਟਿਆਲਾ ਦੇ ਪ੍ਰਸਿੱਧ ਪੱਤਰਕਾਰ ਸਵਰਗੀ ਸਰਦਾਰ ਸੋਹਣ ਸਿੰਘ, ਜੋ ‘ਤੀਰ ਕਮਾਨ’ ਸਿਰਲੇਖ ਹੇਠ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਿਤ ਕਰਦੇ ਸਨ, ਦੇ ਸਪੁੱਤਰ ਮਨਮੋਹਨ ਸਿੰਘ, ਸਾਬਕਾ ਉਪ ਸਕੱਤਰ, ਲੋਕ ਸੰਪਰਕ ਵਿਭਾਗ ਨੇ ਪੁਸਤਕ ਦਾ ਦੂਜਾ ਐਡੀਸ਼ਨ ਅਗਲੇ ਛੇ ਮਹੀਨਿਆਂ ਵਿੱਚ ਪ੍ਰਕਾਸ਼ਿਤ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਇਹ ਵੀ ਜ਼ਿੰਮੇਵਾਰੀ ਲਈ ਹੈ ਕਿ ਪੁਸਤਕ ਪੰਜਾਬ ਦੀਆਂ ਉਨ੍ਹਾਂ ਯੂਨੀਵਰਸਿਟੀਆਂ ਵਿੱਚ ਭੇਜੀ ਜਾਵੇ, ਜਿੱਥੇ ਪੱਤਰਕਾਰੀ ਦੇ ਵਿਭਾਗ ਸਥਾਪਿਤ ਹਨ।
ਸੀਨੀਅਰ ਪੱਤਰਕਾਰਾਂ ਅਤੇ ਮੀਡੀਆ ਮਾਹਿਰਾਂ ਨੇ ਕੀਤੀ ਸ਼ਲਾਘਾ
ਸਮਾਗਮ ਦੌਰਾਨ ਪਟਿਆਲਾ ਦੇ ਕਈ ਨਾਮਵਰ ਮੀਡੀਆ ਮਾਹਿਰਾਂ ਅਤੇ ਸੀਨੀਅਰ ਪੱਤਰਕਾਰਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਰਦਾਰ ਉਜਾਗਰ ਸਿੰਘ ਵੱਲੋਂ ਲਿਖੀ ਪੁਸਤਕ ‘ਪਟਿਆਲਵੀ ਪੱਤਰਕਾਰ’ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਨ੍ਹਾਂ ਵਿੱਚ ਡਾ. ਹਰਜਿੰਦਰ ਸਿੰਘ ਵਾਲੀਆ, ਨਰਪਾਲ ਸਿੰਘ ਸ਼ੇਰਗਿੱਲ, ਮੀਡੀਆ ਕਲੱਬ ਪਟਿਆਲਾ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਰਵੇਲ ਭਿੰਡਰ, ਜਸਵਿੰਦਰ ਸਿੰਘ ਦਾਖਾ, ਸੁਕੰਨਿਆਂ ਭਾਰਦਵਾਜ਼, ਗੁਰ ਕ੍ਰਿਪਾਲ ਸਿੰਘ ਅਸ਼ਕ, ਹਰਬੰਸ ਸੋਢੀ, ਗਗਨਦੀਪ ਸਿੰਘ ਆਹੂਜਾ, ਭੂਸ਼ਨ ਸੂਦ, ਜਸਪਾਲ ਸਿੰਘ ਢਿੱਲੋਂ, ਚੌਧਰੀ ਪ੍ਰਭਜੋਤ ਸਿੰਘ ਅਤੇ ਸਤਿੰਦਰ ਸਿੰਘ ਨਰੂਲਾ ਸ਼ਾਮਲ ਸਨ।
ਬੁਲਾਰਿਆਂ ਨੇ ਕਿਹਾ ਕਿ ਇਹ ਪੁਸਤਕ ਨੌਜਵਾਨ ਪੀੜ੍ਹੀ ਲਈ ਲਾਹੇਵੰਦ ਸਾਬਤ ਹੋਵੇਗੀ ਅਤੇ ਪਟਿਆਲਾ ਦੀ ਪੱਤਰਕਾਰੀ ਦੇ ਇਤਿਹਾਸ ਨੂੰ ਸੰਭਾਲਣ ਵਾਲੇ ਇੱਕ ਮਹੱਤਵਪੂਰਨ ਵਿਰਾਸਤੀ ਦਸਤਾਵੇਜ਼ ਵਜੋਂ ਜਾਣੀ ਜਾਵੇਗੀ।
ਸਮਾਗਮ ਵਿੱਚ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੂਪੇਸ਼ ਚੱਠਾ ਅਤੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕੁਲਜੀਤ ਸਿੰਘ ਵੀ ਸ਼ਾਮਲ ਹੋਏ। ਸਮਾਗਮ ਦੇ ਅੰਤ ਵਿੱਚ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਪ੍ਰਮੀਤ ਸਿੰਘ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।





