ਚੰਡੀਗੜ੍ਹ, 18 ਅਗਸਤ:
ਆਮ ਆਦਮੀ ਪਾਰਟੀ (ਆਪ) ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਖੇਤਰ ਨੂੰ ਹਰ ਸਾਲ ਆਉਣ ਵਾਲੇ ਭਿਆਨਕ ਹੜ੍ਹਾਂ ਤੋਂ ਬਚਾਉਣ ਅਤੇ ਸਰਹੱਦੀ ਇਲਾਕੇ ਦੇ ਸਮੁੱਚੇ ਵਿਕਾਸ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅਜਨਾਲਾ ਹਲਕੇ ਦੇ ਸਰਪੰਚ, ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਵਫ਼ਦ ਵੀ ਮੌਜੂਦ ਸੀ।
ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਅਜਨਾਲਾ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਅਤੇ ਹੜ੍ਹਾਂ ਕਾਰਨ ਹੋ ਰਹੇ ਭਾਰੀ ਨੁਕਸਾਨ ਨੂੰ ਰਾਜਪਾਲ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਰਾਵੀ ਅਤੇ ਉੱਜ ਦਰਿਆਵਾਂ ਦਾ ਪਾਣੀ ਹਰ ਸਾਲ ਅਜਨਾਲਾ ਖੇਤਰ ਵਿੱਚ ਤਬਾਹੀ ਮਚਾਉਂਦਾ ਹੈ। ਜੰਮੂ-ਕਸ਼ਮੀਰ ਤੋਂ ਆਉਣ ਵਾਲਾ ਉੱਜ ਦਰਿਆ ਦਾ ਪਾਣੀ ਪਠਾਨਕੋਟ, ਸੁਜਾਨਪੁਰ, ਦੀਨਾਨਗਰ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਤੋਂ ਹੁੰਦਾ ਹੋਇਆ ਅਜਨਾਲਾ ਪਹੁੰਚਦਾ ਹੈ, ਜਿੱਥੇ ਇਹ ਵੱਡੇ ਪੱਧਰ ‘ਤੇ ਨੁਕਸਾਨ ਕਰਦਾ ਹੈ ਅਤੇ ਫਿਰ ਪਾਕਿਸਤਾਨ ਵੱਲ ਵਗ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹਰ ਸਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚਾ ਨੁਕਸਾਨੀ ਹੁੰਦਾ ਹੈ, ਸਕੂਲ ਪ੍ਰਭਾਵਿਤ ਹੁੰਦੇ ਹਨ ਅਤੇ ਉਪਜਾਊ ਜ਼ਮੀਨ ਰੁੜ੍ਹ ਜਾਂਦੀ ਹੈ। ਇਸ ਲਗਾਤਾਰ ਖ਼ਤਰੇ ਕਾਰਨ ਖੇਤਰ ਵਿੱਚ ਉਦਯੋਗਿਕ ਨਿਵੇਸ਼ ਵੀ ਨਹੀਂ ਹੋ ਪਾ ਰਿਹਾ, ਜਿਸ ਨਾਲ ਇਲਾਕੇ ਦਾ ਵਿਕਾਸ ਰੁਕਿਆ ਹੋਇਆ ਹੈ।
ਧਾਲੀਵਾਲ ਨੇ ਰਾਜਪਾਲ ਦਾ ਧਿਆਨ ਉੱਜ ਦਰਿਆ ‘ਤੇ ਪ੍ਰਸਤਾਵਿਤ ਡੈਮ ਪ੍ਰਾਜੈਕਟ ਵੱਲ ਦਿਵਾਇਆ, ਜੋ ਪਿਛਲੇ 10 ਤੋਂ 12 ਸਾਲਾਂ ਤੋਂ ਲਟਕਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਰਾਜਪਾਲ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ, ਤਾਂ ਜੋ ਡੈਮ ਦਾ ਨਿਰਮਾਣ ਜਲਦੀ ਪੂਰਾ ਹੋ ਸਕੇ।
watch…..ਪੰਜਾਬ ਦੇ ਪੇਂਡੂ ਖੇਤਰਾਂ ਨੂੰ ਮਿਲਣਗੀਆਂ 100 ਨਵੀਆਂ ‘ਪੀ.ਆਰ.ਟੀ.ਸੀ. ਜੂਨੀਅਰ’ ਬੱਸਾਂ
ਉਨ੍ਹਾਂ ਕਿਹਾ ਕਿ ਡੈਮ ਬਣਨ ਨਾਲ ਹੜ੍ਹਾਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ, ਬਿਜਲੀ ਉਤਪਾਦਨ ਨੂੰ ਬਲ ਮਿਲੇਗਾ, ਸਿੰਚਾਈ ਲਈ ਨਹਿਰਾਂ ਦਾ ਜਾਲ ਵਿਕਸਿਤ ਹੋਵੇਗਾ ਅਤੇ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੀ ਹੈ ਤਾਂ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਵੀ ਤਰਜੀਹ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਾਰਡਰ ਇਲਾਕਿਆਂ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਦੇਸ਼ ਦਾ ਸੰਪੂਰਨ ਵਿਕਾਸ ਸੰਭਵ ਨਹੀਂ।
ਉਨ੍ਹਾਂ ਨੇ ਇਹ ਮੁੱਦਾ ਵੀ ਉਠਾਇਆ ਕਿ ਪਿਛਲੇ ਹੜ੍ਹਾਂ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਮੁਆਵਜ਼ੇ ਦੀ ਰਕਮ ਅਜੇ ਤੱਕ ਪ੍ਰਭਾਵਿਤ ਲੋਕਾਂ ਨੂੰ ਨਹੀਂ ਮਿਲੀ।
ਧਾਲੀਵਾਲ ਅਨੁਸਾਰ, ਰਾਜਪਾਲ ਨੇ ਵਫ਼ਦ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਵਫ਼ਦ ਦੀ ਮੁਲਾਕਾਤ ਕਰਵਾਉਣਗੇ ਅਤੇ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦੇ ਹੱਲ ਲਈ ਯਤਨ ਕਰਨਗੇ।





