- ਕਿਹਾ ਗਿਆ, ਅਰਬਨ ਅਸਟੇਟ ਵਿੱਚ ਕਮਿਊਨਿਟੀ ਹੈਲਥ ਸੈਂਟਰ ਅਤੇ ਨਵਾਂ ਸਕੂਲ ਖੋਲ੍ਹਣ ਦੀ ਵੀ ਤਜਵੀਜ਼
- ਮੁਸ਼ਕਲਾਂ ਹੱਲ ਕਰਨ ਲਈ ਸਿਹਤ ਮੰਤਰੀ ਨੇ ਪੀਡੀਏ ਅਧਿਕਾਰੀਆਂ ਅਤੇ ਸਥਾਨਕ ਵਾਸੀਆਂ ਨਾਲ ਮੀਟਿੰਗ ਕੀਤੀ
- ਦੱਸਿਆ, ਮਾਰਚ ਦੇ ਤੀਜੇ ਹਫ਼ਤੇ ਅਰਬਨ ਅਸਟੇਟ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨਾਲ ਇੱਕ ਹੋਰ ਮੀਟਿੰਗ ਹੋਵੇਗੀ
ਪਟਿਆਲਾ, 2 ਮਾਰਚ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਕਾਸ ਅਥਾਰਟੀ (ਪੀਡੀਏ) ਦੇ ਸੀਏ ਅਪਰਨਾ ਐਮਬੀ, ਏਸੀਏ ਪਰਮਦੀਪ ਸਿੰਘ ਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਮੈਂਬਰਾਂ ਨਾਲ ਮਿਲ ਕੇ ਅਰਬਨ ਅਸਟੇਟ, ਪਟਿਆਲਾ ਦੇ ਨਿਵਾਸੀਆਂ ਦੀਆਂ ਮੁੱਖ ਸਮੱਸਿਆਵਾਂ ਹੱਲ ਕਰਨ ਲਈ ਇੱਕ ਬੈਠਕ ਦੀ ਅਗਵਾਈ ਕੀਤੀ।
ਡਾ. ਬਲਬੀਰ ਸਿੰਘ ਨੇ ਵਾਸੀਆਂ ਵੱਲੋਂ ਚੁੱਕੀਆਂ ਸਾਰੀਆਂ ਸ਼ਿਕਾਇਤਾਂ ਧਿਆਨ ਨਾਲ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਅਰਬਨ ਅਸਟੇਟ ਦੀਆਂ ਸਾਰੀਆਂ ਵੱਡੀਆਂ ਸਮੱਸਿਆਵਾਂ ਨੂੰ ਨਿਸ਼ਚਿਤ ਸਮਾਂ-ਸੀਮਾ ਵਿੱਚ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਰਬਨ ਅਸਟੇਟ ਵਿੱਚ ਇੱਕ ਕਮਿਊਨਿਟੀ ਹੈਲਥ ਸੈਂਟਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਇਲਾਕੇ ਵਿੱਚ ਨਵਾਂ ਸਰਕਾਰੀ ਸਕੂਲ ਖੋਲ੍ਹਣ ਦੇ ਪ੍ਰਸਤਾਵ ‘ਤੇ ਸਿੱਖਿਆ ਮੰਤਰੀ ਨਾਲ ਚਰਚਾ ਕੀਤੀ ਜਾਵੇਗੀ। ਇਸ ਲਈ ਢੁਕਵੀਂ ਜ਼ਮੀਨ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਸਭ ਤੋਂ ਵੱਡੀਆਂ ਤਰਜੀਹਾਂ ਹਨ, ਇਸ ਲਈ ਅਰਬਨ ਅਸਟੇਟ ਵਾਸੀਆਂ ਨੂੰ ਵੀ ਇਸ ਦਾ ਪੂਰਾ ਲਾਭ ਮਿਲੇਗਾ।
ਸਿਹਤ ਮੰਤਰੀ ਨੇ ਵਾਸੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਹੋਈ ਪ੍ਰਗਤੀ ਦੀ ਜਾਂਚ ਲਈ ਮਾਰਚ ਦੇ ਤੀਜੇ ਹਫ਼ਤੇ ਉਹ ਫਿਰ ਤੋਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨਾਲ ਸਮੀਖਿਆ ਮੀਟਿੰਗ ਕਰਨਗੇ।
ਮੀਟਿੰਗ ਵਿੱਚ ਵਾਸੀਆਂ ਨੇ ਕਈ ਮੰਗਾਂ ਰੱਖੀਆਂ, ਜਿਨ੍ਹਾਂ ਵਿੱਚ ਫੇਜ਼-1 ਵਿੱਚ ਇੱਕ ਇੰਡੋਰ ਬੈਡਮਿੰਟਨ ਕੋਰਟ ਬਣਾਉਣਾ, ਸੇਵਾ ਕੇਂਦਰ ਤੇ ਕਮਿਊਨਿਟੀ ਸੈਂਟਰ ਬਣਾਉਣਾ, ਸੜਕਾਂ ਦੀ ਮੁਰੰਮਤ, ਮੀਂਹ ਦੇ ਪਾਣੀ ਦੀ ਨਿਕਾਸੀ, ਟ੍ਰੈਫਿਕ ਜਾਮ ਘਟਾਉਣ ਲਈ ਉਪਾਅ, ਅਵਾਰਾ ਕੁੱਤਿਆਂ ਤੇ ਪਸ਼ੂਆਂ ‘ਤੇ ਕਾਬੂ, ਕੂੜਾ ਚੁੱਕਣ ਵਿੱਚ ਸੁਧਾਰ ਅਤੇ ਵਾਧੂ ਜਨਤਕ ਸੌਚਾਲੇ ਤੇ ਹੋਰ ਨਾਗਰਿਕ ਸਹੂਲਤਾਂ ਦੀ ਵਿਵਸਥਾ ਸ਼ਾਮਲ ਸੀ।
ਡਾ. ਬਲਬੀਰ ਸਿੰਘ ਨੇ ਸੀਏ ਪੀਡੀਏ ਅਤੇ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਤੁਰੰਤ ਕਾਰਵਾਈ ਸ਼ੁਰੂ ਕਰੋ ਅਤੇ ਸਾਰੇ ਲੋੜੀਂਦੇ ਕੰਮ ਨਿਸ਼ਚਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਸੀਏ ਅਪਰਨਾ ਐਮਬੀ ਨੇ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਹਦਾਇਤਾਂ ਮੁਤਾਬਕ ਜ਼ਰੂਰੀ ਕਦਮ ਚੁੱਕੇ ਜਾਣਗੇ।
ਮੀਟਿੰਗ ਵਿੱਚ ਪ੍ਰੀਤਇੰਦਰ ਸਿੰਘ, ਮੌਂਟੀ ਘੁੰਮਣ, ਪ੍ਰੋ. ਆਰ.ਐਸ. ਘੁੰਮਣ, ਵਰਿੰਦਰ ਸੂਦ, ਮੌਦਗਿੱਲ, ਟਰੇਡ ਵਿੰਗ ਦੇ ਪ੍ਰਧਾਨ ਸੁਰਵੀਰ ਸਿੰਘ ਸਮੇਤ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਹੋਰ ਮੈਂਬਰ ਅਤੇ ਪੀਡੀਏ ਅਧਿਕਾਰੀ ਹਾਜ਼ਰ ਸਨ।




