ਪਟਿਆਲਾ, 22 ਜੁਲਾਈ
ਭਾਸ਼ਾ ਵਿਭਾਗ, ਪੰਜਾਬ ਵੱਲੋਂ ਪਟਿਆਲਾ ਸਥਿਤ ਸੈਮੀਨਾਰ ਹਾਲ ਵਿੱਚ ਪ੍ਰਸਿੱਧ ਪੰਜਾਬੀ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਪਹੁੰਚੀਆਂ ਕਵਿੱਤਰੀਆਂ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ, ਟੱਪਿਆਂ ਅਤੇ ਬੋਲੀਆਂ ਰਾਹੀਂ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ।
ਸਮਾਗਮ ਦੌਰਾਨ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਸਮਾਜ ਵਿੱਚ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਔਰਤਾਂ ਨੂੰ ਪ੍ਰਮੁੱਖ ਮੰਚ ਦਿੱਤਾ ਜਾਂਦਾ ਹੈ। ਉਨ੍ਹਾਂ ਸਾਹਿਤਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਔਰਤਾਂ ਨੂੰ ਬਰਾਬਰ ਦਾ ਸਥਾਨ ਦੇਣ ਤਾਂ ਜੋ ਲਿੰਗ ਸਮਾਨਤਾ ਸਿਰਫ਼ ਗੱਲਾਂ ਤੱਕ ਸੀਮਿਤ ਨਾ ਰਹੇ, ਸਗੋਂ ਅਮਲ ਵਿੱਚ ਵੀ ਨਜ਼ਰ ਆਵੇ।
watch…..Punjab Becomes India’s First State to Introduce AI as Mainstream Subject from Class I to XII
ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਅਤੇ ਪ੍ਰਸਿੱਧ ਸ਼ਾਇਰਾ ਗੁਰਚਰਨ ਕੌਰ ਕੋਚਰ ਨੇ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਕਵਿਤਾ ਨੂੰ ਨਵੇਂ ਸਮਾਜਿਕ ਸਰੋਕਾਰਾਂ ਨਾਲ ਜੋੜਦਿਆਂ ਔਰਤ ਦੇ ਅੰਦਰੂਨੀ ਮਨੋਭਾਵਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਗੁਰਬਾਣੀ ਦੇ ਹਵਾਲਿਆਂ ਨਾਲ ਸਾਵਣ ਮਹੀਨੇ ਦੀ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ‘ਤੇ ਵੀ ਵਿਚਾਰ ਸਾਂਝੇ ਕੀਤੇ ਅਤੇ ਕਵਿੱਤਰੀਆਂ ਦੀਆਂ ਰਚਨਾਵਾਂ ‘ਤੇ ਸਾਰਥਕ ਟਿੱਪਣੀਆਂ ਕੀਤੀਆਂ। ਇਸ ਮੌਕੇ ਸੀਨੀਅਰ ਸਹਾਇਕ ਸ਼੍ਰੀਮਤੀ ਰਜਿੰਦਰ ਕੌਰ ਨੇ ਉਨ੍ਹਾਂ ਦਾ ਬੂਟਾ ਭੇਟ ਕਰਕੇ ਸਵਾਗਤ ਕੀਤਾ।
ਸਮਾਗਮ ਦੌਰਾਨ ਰਣਜੀਤ ਕੌਰ ਸਵੀ ਨੇ ‘ਆ ਗਿਆ ਵੇ ਮਾਹੀ ਮਹੀਨਾ ਹੁਣ ਸਾਉਣ ਦਾ’ ਗੀਤ ਪੇਸ਼ ਕੀਤਾ। ਡਾ. ਇਰਾਦੀਪ ਤਰੇਹਨ ਨੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਕਵਿਤਾ ‘ਤੂੰ ਨੂਰੀ ਹੈ’ ਅਤੇ ‘ਖੂਬਸੂਰਤ’ ਸੁਣਾਈ। ਰਾਜਿੰਦਰ ਸਰਾਓ ਨੇ ‘ਛੇਤੀ ਦੱਸੀਂ ਪੇਕਿਆਂ ਦਾ ਹਾਲ ਨੀਂ’, ਡਾ. ਨਵਦੀਪ ਕੌਰ ਨੇ ‘ਸਮਕਾਲ ਦਾ ਹਉਕਾ’, ਸਰਬਜੀਤ ਕੌਰ ਜੱਸ ਨੇ ‘ਨੁਸਖਾ’ ਅਤੇ ਬੋਲੀਆਂ, ਜਗਦੀਪ ਕੌਰ ਢਿੱਲਵਾਂ ਨੇ ‘ਦੂਰ ਕਦੇ ਉੱਡ ਚੱਲੀਏ’ ਗ਼ਜ਼ਲ, ਸੰਦੀਪ ਜਸਵਾਲ ਨੇ ਟੱਪੇ, ‘ਬੁੱਝੋ ਕੌਣ’ ਅਤੇ ‘ਧੂਣੀ ਦੀ ਅੱਗ’, ਜਦਕਿ ਰੂਹੀ ਸਿੰਘ ਨੇ ‘ਤੇਰੀ ਆਵਾਜ਼ ਤੋਂ ਨਫ਼ਰਤ’ ਗ਼ਜ਼ਲ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸੁਰਿੰਦਰ ਕੌਰ ਬਾੜਾ ਨੇ ਬੋਲੀਆਂ ਰਾਹੀਂ ਸਮਾਗਮ ਨੂੰ ਹੋਰ ਰੰਗੀਨ ਬਣਾਇਆ।
ਵਿਭਾਗ ਦੀਆਂ ਕਰਮਚਾਰਣਾਂ ਕਿਰਨਜੀਤ ਕੌਰ, ਅਵਨੀਤ ਕੌਰ, ਵਿਸ਼ਵਜੋਤ ਕੌਰ ਅਤੇ ਰਾਖੀ ਨੇ ਸਾਰੀਆਂ ਕਵਿੱਤਰੀਆਂ ਦਾ ਫੁੱਲ ਭੇਟ ਕਰਕੇ ਸਵਾਗਤ ਕੀਤਾ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ (ਖੋਜ ਅਫ਼ਸਰ) ਅਤੇ ਰੂਹੀ ਸਿੰਘ ਨੇ ਸਾਂਝੇ ਤੌਰ ‘ਤੇ ਕੀਤਾ।
ਸਮਾਗਮ ਦੇ ਅੰਤ ਵਿੱਚ ਸਾਰੀਆਂ ਕਵਿੱਤਰੀਆਂ ਨੂੰ ਵਿਭਾਗ ਵੱਲੋਂ ਸ਼ਾਲਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਵਧੀਕ ਡਾਇਰੈਕਟਰ ਚੰਦਨਦੀਪ ਕੌਰ ਨੇ ਕਵਿੱਤਰੀਆਂ, ਮਹਿਮਾਨਾਂ ਅਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੀਤਮ ਸਿੰਘ ਜੌਹਲ, ਗੁਲਜ਼ਾਰ ਪਟਿਆਲਵੀ, ਅੰਮ੍ਰਿਤਪਾਲ ਸ਼ੈਦਾ, ਬਲਵਿੰਦਰ ਸੰਧੂ, ਗੁਰਚਰਨ ਪੱਬਰਾਲੀ, ਸੁਖਮੰਦਰ ਸੇਖੋਂ, ਗੁਰਿੰਦਰ ਅਮਨ, ਇੰਜੀ. ਜਤਿੰਦਰ ਸਿੰਘ ਅਵਤਾਰਜੀਤ, ਡਾ. ਪੁਸ਼ਪਿੰਦਰ ਕੌਰ, ਚਰਨਜੀਤ ਕੌਰ, ਸਹਾਇਕ ਡਾਇਰੈਕਟਰ ਸ. ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਦਵਿੰਦਰ ਕੌਰ, ਸੰਤੋਖ ਸਿੰਘ, ਸਤਪਾਲ ਸਿੰਘ, ਖੋਜ ਅਫ਼ਸਰ ਬਲਦੇਵ ਸਿੰਘ ਸਮੇਤ ਵਿਭਾਗ ਦੇ ਕਈ ਅਧਿਕਾਰੀ, ਸਾਹਿਤਕਾਰ ਅਤੇ ਕਰਮਚਾਰੀ ਹਾਜ਼ਰ ਸਨ।




