
ਚੰਡੀਗੜ੍ਹ, 20 ਅਪ੍ਰੈਲ,
ਪੰਜਾਬ ਵਿੱਚ ਪਰਾਲੀ ਸਾੜਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਟੀਚੇ ਨਾਲ, ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 500 ਕਰੋੜ ਰੁਪਏ ਦੀ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਅਧੀਨ ਕਿਸਾਨਾਂ ਨੂੰ ਨਵੀਨਤਮ ਕਰੌਪ ਰੈਜ਼ੀਡਿਊ ਮੈਨੇਜਮੈਂਟ (ਸੀਆਰਐਮ) ਮਸ਼ੀਨਾਂ ’ਤੇ ਸਬਸਿਡੀ ਦਿੱਤੀ ਜਾਵੇਗੀ ਅਤੇ ਪਰਾਲੀ ਦੇ ਪ੍ਰਬੰਧਨ ਲਈ ਹੋਰ ਰਣਨੀਤੀਆਂ ਲਾਗੂ ਕੀਤੀਆਂ ਜਾਣਗੀਆਂ।
ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਖੁਡੀਆਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਸੂਬੇ ਦੇ ਕਿਸਾਨਾਂ ਨੂੰ ਸੀਆਰਐਮ ਮਸ਼ੀਨਾਂ ਦੀ ਖਰੀਦ ’ਤੇ ਸਬਸਿਡੀ ਦੇਣ ਲਈ ਔਨਲਾਈਨ ਅਰਜ਼ੀਆਂ ਮੰਗੀਆਂ ਹਨ। ਕਿਸਾਨ 22 ਅਪ੍ਰੈਲ ਤੋਂ 12 ਮਈ, 2025 ਤੱਕ ਔਨਲਾਈਨ ਪੋਰਟਲ agrimachinerypb.com ਰਾਹੀਂ ਅਰਜ਼ੀਆਂ ਦਾਖਲ ਕਰ ਸਕਦੇ ਹਨ।
ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਉਠਾਉਣ ਲਈ ਪ੍ਰੇਰਿਤ ਕਰਦਿਆਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਅਕਤੀਗਤ ਕਿਸਾਨਾਂ ਨੂੰ 50% ਅਤੇ ਕਿਸਾਨ ਸਮੂਹਾਂ, ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਨੂੰ 80% ਸਬਸਿਡੀ ਦੇ ਰਹੀ ਹੈ। ਇਸ ਪਹਿਲਕਦਮੀ ਦਾ ਮਕਸਦ ਸੀਆਰਐਮ ਮਸ਼ੀਨਾਂ ਨੂੰ ਕਿਸਾਨਾਂ ਲਈ ਸੁਲਭ ਬਣਾਉਣਾ, ਇਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਸਾਫ-ਸੁਥਰੇ ਵਾਤਾਵਰਣ ਵਿੱਚ ਯੋਗਦਾਨ ਪਾਉਣਾ ਹੈ।
watch……Punjab CM Mann Launches Rs 2000 Crore ‘Sikhiya Kranti’ to Revolutionize Education
ਖੁਡੀਆਂ ਨੇ ਦੱਸਿਆ ਕਿ ਸਬਸਿਡੀ ਸੁਪਰ ਐਸਐਮਐਸ, ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ, ਸਮਾਰਟ ਸੀਡਰ, ਜ਼ੀਰੋ ਟਿਲ ਡਰਿਲ, ਬੇਲਰ, ਰੇਕ, ਸ਼ਰਬ ਮਾਸਟਰ/ਰੋਟਰੀ ਸਲੈਸ਼ਰ, ਪੈਡੀ ਸਟਰੌ ਚੌਪਰ/ਸ਼ਰੈਡਰ/ਮਲਚਰ, ਕਰੌਪ ਰੀਪਰ, ਅਤੇ ਹਾਈਡ੍ਰੌਲਿਕ ਰਿਵਰਸਿਬਲ ਮੋਲਡ ਬੋਰਡ ਪਲੌਅ ਵਰਗੀਆਂ ਸੀਆਰਐਮ ਮਸ਼ੀਨਾਂ ’ਤੇ ਮਿਲੇਗੀ।
ਖੇਤੀਬਾੜੀ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ ਪੰਜਾਬ ਨੇ ਪਰਾਲੀ ਪ੍ਰਬੰਧਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਪਿਛਲੇ ਸੀਜ਼ਨ ਦੌਰਾਨ ਸਰਕਾਰ ਨੇ 17,600 ਸਬਸਿਡੀ ਵਾਲੀਆਂ ਸੀਆਰਐਮ ਮਸ਼ੀਨਾਂ ਵਿਅਕਤੀਗਤ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਵੰਡੀਆਂ। ਇਸ ਤੋਂ ਇਲਾਵਾ, 1,331 ਕਸਟਮ ਹਾਇਰਿੰਗ ਸੈਂਟਰ (ਸੀਐਚਸੀ) ਸਥਾਪਤ ਕੀਤੇ ਗਏ, ਜਿਨ੍ਹਾਂ ਨੇ ਸੀਆਰਐਮ ਅਭਿਆਸਾਂ ਨੂੰ ਸੁਖਾਲਾ ਬਣਾਇਆ। ਇਨ੍ਹਾਂ ਉਪਰਾਲਿਆਂ ਕਾਰਨ ਪਿਛਲੇ ਸੀਜ਼ਨ ਵਿੱਚ ਅੱਗ ਦੀਆਂ ਘਟਨਾਵਾਂ ਵਿੱਚ 70% ਦੀ ਕਮੀ ਆਈ, ਜਿਥੇ 2023 ਵਿੱਚ 36,663 ਘਟਨਾਵਾਂ ਦੀ ਤੁਲਨਾ ਵਿੱਚ ਸਿਰਫ 10,909 ਘਟਨਾਵਾਂ ਦਰਜ ਕੀਤੀਆਂ ਗਈਆਂ।

