Homeਪੰਜਾਬੀਪੰਜਾਬ‘ਇੱਕ ਸਾਲ ਦੇ ਸਫ਼ੇ’ ਪੁਸਤਕ ਵੀ ਲੋਕ ਅਰਪਣ, ਢਾਡੀ ਜਥਿਆਂ ਦਾ ਸਨਮਾਨ

‘ਇੱਕ ਸਾਲ ਦੇ ਸਫ਼ੇ’ ਪੁਸਤਕ ਵੀ ਲੋਕ ਅਰਪਣ, ਢਾਡੀ ਜਥਿਆਂ ਦਾ ਸਨਮਾਨ

- Advertisement -spot_img

ਪਟਿਆਲਾ, 25 ਅਗਸਤ

ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾ ਭਵਨ ਵਿਖੇ ਗਿਆਨੀ ਸੋਹਣ ਸਿੰਘ ਸੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ  ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉੱਘੇ ਢਾਡੀ ਜਥਿਆਂ ਨੇ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਰਚਨਾਵਾਂ ਦਾ ਗਾਇਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਢਾਡੀ ਕਲਾ ਦੇ ਨਾਲ-ਨਾਲ ਇਤਿਹਾਸਕਾਰੀ, ਗੀਤਕਾਰੀ ਅਤੇ ਨਾਵਲਕਾਰੀ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਕਿਹਾ ਕਿ ਸੀਤਲ ਜੀ ਦੀ ਖਾਸੀਅਤ ਇਹ ਸੀ ਕਿ ਜਦੋਂ ਉਹ ਢਾਡੀ ਵਜੋਂ ਆਪਣੀ ਕਲਾ ਪੇਸ਼ ਕਰਦੇ ਸਨ ਤਾਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਸੀ ਕਿ ਉਹ ਇੱਕ ਬਾਰੀਕਬੀਨੀ ਵਾਲੇ ਨਾਵਲਕਾਰ ਵੀ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਨਾਵਲ ਪੜ੍ਹਦਿਆਂ ਇਹ ਮਹਿਸੂਸ ਨਹੀਂ ਹੁੰਦਾ ਸੀ ਕਿ ਉਹ ਉੱਚ ਕੋਟੀ ਦੇ ਢਾਡੀ ਵੀ ਸਨ।

ਸ. ਜ਼ਫ਼ਰ ਨੇ ਕਿਹਾ ਕਿ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਰਚਨਾ ਤੇ ਵਿਰਾਸਤ ਨਾਲ ਜਾਣੂ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਢਾਡੀ ਅਤੇ ਕਵੀਸ਼ਰੀ ਕਲਾ ਨੇ ਮੱਧਕਾਲ ਤੋਂ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਫੁੱਲਤਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਢਾਡੀ ਕਲਾ ਦੀਆਂ ਧਾਰਮਿਕ ਅਤੇ ਵਿਰਾਸਤੀ ਦੋਵੇਂ ਧਾਰਾਵਾਂ ਦਾ ਆਪਣਾ ਵਿਲੱਖਣ ਰੰਗ ਅਤੇ ਮਹੱਤਵ ਹੈ।

ਇਸ ਮੌਕੇ ਮੁੱਖ ਵਕਤਾ ਦੇਸ ਰਾਜ ਛਾਜਲੀ ਨੇ ਗਿਆਨੀ ਸੋਹਣ ਸਿੰਘ ਸੀਤਲ ਦੀ ਸ਼ਖ਼ਸੀਅਤ ਅਤੇ ਕਲਾ ਬਾਰੇ ਚਾਨਣਾ ਪਾਉਂਦਿਆਂ ਪੰਜਾਬ ਦੀ ਢਾਡੀ ਪਰੰਪਰਾ ਦੇ ਆਰੰਭ ਅਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਢਾਡੀ ਕਲਾ ਇੱਕ ਸੱਚੀ-ਸੁੱਚੀ ਸੰਗੀਤਕ ਪਰੰਪਰਾ ਹੈ, ਜੋ ਗੁਰੂ ਕਾਲ ਤੋਂ ਪਹਿਲਾਂ ਤੋਂ ਚੱਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਢਾਡੀ ਕਲਾ ਵਿੱਚ ਇੱਕ ਮਹੱਤਵਪੂਰਨ ਮੋੜ ਆਇਆ ਅਤੇ ਇਸ ਵਿੱਚ ਬੀਰ ਰਸ ਦਾ ਰੰਗ ਹੋਰ ਗੂੜ੍ਹਾ ਹੋਇਆ। ਉਨ੍ਹਾਂ ਕਿਹਾ ਕਿ ਢਾਡੀ ਕਲਾ ਲੋਕਾਂ ਦੀ ਸੋਚ ਨੂੰ ਸੁੱਚੀ, ਉੱਚੀ ਅਤੇ ਤਿੱਖੀ ਕਰਨ ਵਿੱਚ ਸਮਰੱਥ ਹੈ।

watch…..509 ਹੋਰ ਪੇਂਡੂ ਖੇਡ ਮੈਦਾਨ ਨੌਜਵਾਨਾਂ ਨੂੰ ਸਮਰਪਿਤ, ਪੰਜਾਬ ’ਚ ਕੁੱਲ ਗਿਣਤੀ 734 ਹੋਈ: ਭਗਵੰਤ ਮਾਨ

ਇਸ ਤੋਂ ਬਾਅਦ ਛਾਜਲੀ ਅਤੇ ਸਾਥੀਆਂ ਘਰਿੰਦਰ ਸਿੰਘ ਵੜੈਚ, ਹਰਬਾਗ ਸਿੰਘ ਵੜੈਚ ਤੇ ਹੰਸ ਰਾਜ ਛਾਜਲੀ ਨੇ ‘ਅੰਗ-ਸੰਗ ਰਹੀ ਬਾਜ਼ਾਂ ਵਾਲਿਆਂ’ ਦਾ ਗਾਇਨ ਕਰਕੇ ਢਾਡੀ ਪੇਸ਼ਕਾਰੀ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਗਦਰ ਲਹਿਰ ਅਤੇ ਪੰਜਾਬ ਦੀ ਮੌਜੂਦਾ ਸਥਿਤੀ ਨਾਲ ਸਬੰਧਤ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।

ਢਾਡੀ ਰਛਪਾਲ ਸਿੰਘ ਪਮਾਲ ਦੇ ਜਥੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇੱਕ ਪੌੜੀ ਦੇ ਗਾਇਨ ਉਪਰੰਤ ਗਿਆਨੀ ਸੀਤਲ ਦੀਆਂ ਰਚਨਾਵਾਂ ‘ਕਹਿ ਦੇ ਇੱਕ ਵਾਰੀ ਪੁੱਤ ਨਹੀਂ ਦਸਮੇਸ਼ ਦਾ’ ਅਤੇ ‘ਆਪਣਾ ਪੰਜਾਬ ਹੋਵੇ, ਹੱਥ ’ਚ ਕਿਤਾਬ ਹੋਵੇ’ ਪੇਸ਼ ਕਰਕੇ ਸਮਾਗਮ ਨੂੰ ਨਵੇਂ ਰੰਗ ਵਿੱਚ ਰੰਗ ਦਿੱਤਾ।

ਇਸੇ ਦੌਰਾਨ ਨਵਜੋਤ ਸਿੰਘ ਮੰਡੇਰ, ਜਸਕੰਵਰ ਸਿੰਘ ਮੰਡੇਰ ਅਤੇ ਨਵਕੰਵਰ ਸਿੰਘ ਮੰਡੇਰ ਦੇ ਜਥੇ ਨੇ ਗਿਆਨੀ ਸੀਤਲ ਦੀਆਂ ਰਚਨਾਵਾਂ ‘ਪੰਜਾਬ ਦੀਏ ਮੁਟਿਆਰੇ ਨੀ’ ਅਤੇ ‘ਮੇਰੀ ਹੰਝੂਆਂ ’ਚ ਖੁਰ ਗਈ ਜਵਾਨੀ’ ਸਮੇਤ ਆਪਣਾ ਚਰਚਿਤ ਗੀਤ ‘ਗਾਨੀ’ ਅਤੇ ‘ਕਲੈਰੀਆ ਮੋਰਾ ਵੇ’ ਪੇਸ਼ ਕਰਕੇ ਸਮਾਗਮ ਨੂੰ ਸਿਖਰ ’ਤੇ ਪਹੁੰਚਾਇਆ।

ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਭਾਸ਼ਾ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਨੂੰ ਯਾਦ ਕਰਕੇ ਵਿਭਾਗ ਨੇ ਪੰਜਾਬੀ ਮਾਂ ਦੀਆਂ ਅਸੀਸਾਂ ਲੈਣ ਵਾਲਾ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜੀ ਆਪਣੀ ਕਲਾ ਦੇ ਵੱਖ-ਵੱਖ ਰੂਪਾਂ ਰਾਹੀਂ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਦੀ ਚਾਹਤ ਪ੍ਰਗਟਾਉਂਦੇ ਰਹੇ। ਉਨ੍ਹਾਂ ਦੀ ਵਿਦਵਤਾ ਅਤੇ ਰਚਨਾਵਾਂ ਨੂੰ ਨਾਲ ਲੈ ਕੇ ਅੱਗੇ ਵਧਣਾ ਸਾਡੀ ਜ਼ਿੰਮੇਵਾਰੀ ਹੈ।

ਸ. ਸੰਧਵਾਂ ਨੇ ਕਿਹਾ ਕਿ ਢਾਡੀ ਕਲਾ ਸੂਰਮਗਤੀ ਦੀ ਪ੍ਰਤੀਨਿਧਤਾ ਕਰਨ ਵਾਲੀ ਕਲਾ ਹੈ ਅਤੇ ਇਹ ਸਮੇਂ-ਸਮੇਂ ’ਤੇ ਇਤਿਹਾਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਭੂਮਿਕਾ ਨਿਭਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਵਿਭਿੰਨਤਾ ਹੀ ਸਾਡੇ ਦੇਸ਼ ਦੀ ਖੂਬਸੂਰਤੀ ਹੈ। ਉਨ੍ਹਾਂ ਭਾਸ਼ਾ ਵਿਭਾਗ ਵਰਗੀਆਂ ਸੰਸਥਾਵਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਸੰਭਾਲਣ ਲਈ ਹੋਰ ਵਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਭਾਸ਼ਾ ਵਿਭਾਗ ਦੀਆਂ ਪਿਛਲੇ ਵਰ੍ਹੇ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ’ਤੇ ਆਧਾਰਿਤ ਪੁਸਤਕ ‘ਇੱਕ ਸਾਲ ਦੇ ਸਫ਼ੇ’ ਵੀ ਲੋਕ ਅਰਪਣ ਕੀਤੀ ਗਈ। ਮਹਿਮਾਨਾਂ ਅਤੇ ਢਾਡੀ ਜਥਿਆਂ ਨੂੰ ਵਿਭਾਗੀ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਵਿੱਚ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਢੀਂਡਸਾ, ਪਦਮਸ਼੍ਰੀ ਪ੍ਰਾਣ ਸੱਭਰਵਾਲ, ਪ੍ਰੋ. ਕਿਰਪਾਲ ਕਜ਼ਾਕ, ਇੰਜ. ਜੋਤਇੰਦਰ ਸਿੰਘ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਐਸ.ਡੀ.ਐਮ. ਗੁਰਦੇਵ ਸਿੰਘ, ਸਾਬਕਾ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਸ਼ਾਇਰ ਅਵਤਾਰਜੀਤ ਸਿੰਘ, ਡਾ. ਜਗਦੀਸ਼ ਪਾਪੜਾ, ਪ੍ਰੀਤਮ ਸਿੰਘ ਜੌਹਲ, ਰੰਗਕਰਮੀ ਜੋਗਾ ਸਿੰਘ ਅਤੇ ਡਾ. ਪੁਸ਼ਪਿੰਦਰ ਖੋਖਰ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here