ਪਟਿਆਲਾ, 17 ਅਗਸਤ
ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੇ ਮਸ਼ਾਲ ਮਾਰਚ ਨੂੰ ਪਟਿਆਲਾ ਵਿੱਚ ਰਾਤਰੀ ਠਹਿਰਾਅ ਤੋਂ ਬਾਅਦ ਅੱਜ ਰਿੰਕ ਹਾਲ, ਬਾਰਾਂਦਰੀ ਤੋਂ ਅਗਲੇ ਪੜਾਅ ਫਤਹਿਗੜ੍ਹ ਸਾਹਿਬ ਲਈ ਰਵਾਨਾ ਕੀਤਾ ਗਿਆ।
ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਸੂਬੇ ਨੂੰ ਦੇਸ਼ ਦਾ ਮੋਹਰੀ ਖੇਡ ਸੂਬਾ ਬਣਾਉਣ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ ਲਗਭਗ 3,100 ਖੇਡ ਸਟੇਡੀਅਮ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿੱਚ ਸੂਬੇ ਦੀਆਂ ਤਿੰਨ ਪੀੜ੍ਹੀਆਂ ਨੂੰ ਇਕੱਠਿਆਂ ਖੇਡਣ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।
ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਬਾਰੇ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਪੰਜਾਬ ਤੱਕ ਸੀਮਤ ਨਹੀਂ, ਸਗੋਂ ਇਹ ਪੂਰੇ ਦੇਸ਼ ਅਤੇ ਵਿਸ਼ਵ ਲਈ ਗੰਭੀਰ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਾਗੀਦਾਰੀ ਨਾਲ ਯੋਜਨਾਬੱਧ ਢੰਗ ਨਾਲ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹੁਣ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਪੰਨੂ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੇ ਸੁਰੱਖਿਅਤ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਸਬੰਧੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਦੇ ਕਿਸਾਨਾਂ ’ਤੇ ਪੈ ਸਕਦਾ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣਨ ਦੀ ਅਪੀਲ ਕੀਤੀ।
watch…..ਪੰਜਾਬ ‘ਚ ‘ਆਪ’ ਨੂੰ ਵੱਡਾ ਹੁੰਗਾਰਾ, ਕਾਂਗਰਸ ਦੇ ਕਈ ਆਗੂਆਂ ਨੇ ਫੜ੍ਹਿਆ ਝਾੜੂ
ਇਸ ਮੌਕੇ ਬਲਤੇਜ ਸਿੰਘ ਪੰਨੂ ਨੇ ਖੇਡ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਕੋਚਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਤਲਵਾਰਬਾਜ਼ੀ ਦੀ ਕਾਮਨਵੈਲਥ ਚੈਂਪੀਅਨਸ਼ਿਪ ਦੀ ਫੋਇਲ ਕੈਟੇਗਰੀ ਵਿੱਚ ਕਾਂਸੀ ਤਗਮਾ ਜੇਤੂ ਖਿਡਾਰੀ ਤੇ ਕੋਚ ਅਰਜਨ, ਅਥਲੈਟਿਕਸ ਦੇ ਓਲੰਪੀਅਨ ਕੋਚ ਗੁਰਪ੍ਰੀਤ ਸਿੰਘ ਅਤੇ ਏਸ਼ੀਅਨ ਸਿਲਵਰ ਮੈਡਲ ਜੇਤੂ ਕ੍ਰਿਕਟਰ ਤੇ ਕੋਚ ਕਨਿਕਾ ਅਹੂਜਾ ਨੂੰ ਸਨਮਾਨਿਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-4’ ਤਹਿਤ ਬਲਾਕ ਪੱਧਰ ’ਤੇ ਪੰਜ ਖੇਡਾਂ, ਜਿਨ੍ਹਾਂ ਵਿੱਚ ਕਬੱਡੀ, ਖੋ-ਖੋ, ਵਾਲੀਬਾਲ, ਫੁੱਟਬਾਲ ਅਤੇ ਅਥਲੈਟਿਕਸ ਸ਼ਾਮਲ ਹਨ, ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ 28 ਅਤੇ ਸੂਬਾ ਪੱਧਰ ’ਤੇ 38 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਕੋਆਰਡੀਨੇਟਰ ਯਾਦਵਿੰਦਰ ਸਿੰਘ ਗੋਲਡੀ, ਏ.ਡੀ.ਸੀ. ਦਮਨਜੀਤ ਸਿੰਘ ਮਾਨ, ਓ.ਐਸ.ਡੀ. ਗੁਰਵਿੰਦਰ ਸਿੰਘ ਸਮੇਤ ਜ਼ਿਲ੍ਹੇ ਦੇ ਉੱਘੇ ਖਿਡਾਰੀ, ਕੋਚ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਮੌਜੂਦ ਸਨ।
ਮੌਕੇ ’ਤੇ ਕੋਚ ਗੁਰਵਿੰਦਰ ਸਿੰਘ, ਗੌਰਵ ਸ਼ਰਮਾ (ਆਰਚਰੀ), ਸ਼ਿਵਾ (ਏਸ਼ੀਅਨ ਚੈਂਪੀਅਨਸ਼ਿਪ ਗੋਲਡ ਮੈਡਲਿਸਟ), ਨਵਿੰਦਰ ਸਿੰਘ (ਫੁੱਟਬਾਲ), ਗੁਰਪਾਲ ਸਿੰਘ (ਅਥਲੈਟਿਕਸ), ਕੰਵਲਦੀਪ ਸਿੰਘ (ਬਾਸਕਟਬਾਲ), ਪਰਮਿੰਦਰ ਸਿੰਘ (ਵਾਲੀਬਾਲ), ਹਰਮਿੰਦਰ ਸਿੰਘ (ਕਾਮਨਵੈਲਥ ਗੇਮਜ਼ ਮੈਡਲਿਸਟ, ਅਥਲੈਟਿਕਸ), ਸਹਿਜਦੀਪ ਸਿੰਘ (ਸੁਪਰਵਾਈਜ਼ਰ ਨਰਸਰੀਜ਼), ਨਵਜੋਤ ਪਾਲ ਸਿੰਘ (ਫੁੱਟਬਾਲ), ਗੁਰਮੀਤ ਸਿੰਘ (ਬਾਸਕਟਬਾਲ), ਗੁਰਦੀਪ ਕੌਰ (ਕਬੱਡੀ), ਰਮਨੀਕ ਅਹੂਜਾ (ਬਾਸਕਟਬਾਲ) ਅਤੇ ਸੰਦੀਪ ਸਿੰਘ (ਕ੍ਰਿਕਟ) ਵੀ ਹਾਜ਼ਰ ਸਨ।





