ਰੰਗਲਾ ਪੰਜਾਬ ਬਣਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਨਿਭਾਏਗੀ ਅਹਿਮ ਭੂਮਿਕਾ
ਪਟਿਆਲਾ, 28 ਮਈ:
ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਗੁਰਦੇਵ ਸਿੰਘ ਟਿਵਾਣਾ ਨੇ ਅੱਜ ਅਰਦਾਸ ਉਪਰੰਤ ਅਤੇ ਸ੍ਰੀ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਵਜੋਂ ਰਸਮੀ ਤੌਰ ‘ਤੇ ਅਹੁਦਾ ਸੰਭਾਲ ਲਿਆ। ਇਸ ਮੌਕੇ ਬਿੰਦਰ ਕੌਰ ਨੇ ਵੀ ਵਾਈਸ ਚੇਅਰਪਰਸਨ ਵਜੋਂ ਆਪਣਾ ਕਾਰਜਭਾਰ ਸੰਭਾਲਿਆ।
ਸਰਹਿੰਦ ਰੋਡ ਸਥਿਤ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਮਾਗਮ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਜਲ ਸਰੋਤ ਮੰਤਰੀ ਬਰਿੰਦਰ ਗੋਇਲ ਸਮੇਤ ਕਈ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਕੈਬਨਿਟ ਮੰਤਰੀਆਂ ਤਰੁਨਪ੍ਰੀਤ ਸਿੰਘ ਸੌਂਦ, ਡਾ. ਬਲਬੀਰ ਸਿੰਘ ਅਤੇ ਬਰਿੰਦਰ ਗੋਇਲ ਨੇ ਗੁਰਦੇਵ ਸਿੰਘ ਟਿਵਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਅਤੇ ਮਿਹਨਤੀ ਆਗੂ ਦੇ ਚੇਅਰਮੈਨ ਬਣਨ ਨਾਲ ਪਟਿਆਲਾ ਜ਼ਿਲ੍ਹੇ ਦੇ ਪੇਂਡੂ ਵਿਕਾਸ ਨੂੰ ਹੋਰ ਤੇਜ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਸਲ ਰੂਹ ਪਿੰਡਾਂ ਵਿੱਚ ਵੱਸਦੀ ਹੈ ਅਤੇ ਜ਼ਿਲ੍ਹਾ ਪ੍ਰੀਸ਼ਦ ਪਿੰਡਾਂ ਦੇ ਵਿਕਾਸ ਦਾ ਮੁੱਖ ਕੇਂਦਰ ਹੁੰਦੀ ਹੈ।
ਮੰਤਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦੀ ਉਸਾਰੀ, ਛੱਪੜਾਂ ਦੀ ਸਫ਼ਾਈ, ਵਾਤਾਵਰਨ ਸੰਭਾਲ ਅਤੇ ਬੂਟੇ ਲਗਾਉਣ ਵਰਗੀਆਂ ਕਈ ਯੋਜਨਾਵਾਂ ਤੇਜ਼ੀ ਨਾਲ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਗੁਰਦੇਵ ਸਿੰਘ ਟਿਵਾਣਾ ਅਤੇ ਉਨ੍ਹਾਂ ਦੀ ਟੀਮ ਇਹ ਸਕੀਮਾਂ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਲੰਟੀਅਰਾਂ ਅਤੇ ਆਮ ਪਰਿਵਾਰਾਂ ਨਾਲ ਜੁੜੇ ਲੋਕਾਂ ਨੂੰ ਮਾਣ-ਸਤਿਕਾਰ ਦਿੰਦੀ ਆਈ ਹੈ। ਉਨ੍ਹਾਂ ਨੇ ਗੁਰਦੇਵ ਸਿੰਘ ਟਿਵਾਣਾ ਦੀ ਪਾਰਟੀ ਅਤੇ ਲੋਕ ਸੇਵਾ ਪ੍ਰਤੀ ਨਿਸ਼ਠਾ ਦੀ ਵੀ ਸ਼ਲਾਘਾ ਕੀਤੀ।
watch…..ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ
ਇਸ ਦੌਰਾਨ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਬਣਾਏ ਗਏ ਸਖ਼ਤ ਕਾਨੂੰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ 15,000 ਕਿਲੋਮੀਟਰ ਨਹਿਰਾਂ, ਮਾਈਨਰਾਂ ਅਤੇ ਖਾਲਿਆਂ ਨੂੰ ਪੱਕਾ ਕਰਨ ਦੀ ਪਹਿਲ ਬਾਰੇ ਵੀ ਜਾਣਕਾਰੀ ਦਿੱਤੀ।
ਨਵੇਂ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਨੇ ਮੁੱਖ ਮੰਤਰੀ ਭਗਵੰਤ ਮਾਨ, ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਤਰੁਨਪ੍ਰੀਤ ਸਿੰਘ ਸੌਂਦ, ਡਾ. ਬਲਬੀਰ ਸਿੰਘ, ਬਰਿੰਦਰ ਗੋਇਲ ਅਤੇ ਹੋਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰ ਪਿੰਡ ਦਾ ਸਰਬਪੱਖੀ ਵਿਕਾਸ ਅਤੇ ਸਰਕਾਰੀ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।




