ਸੰਘੋਲ, 7 ਸਤੰਬਰ (ਔਜਲਾ)
ਥਾਣਾ ਖੇੜੀ ਨੌਧ ਸਿੰਘ ਅਧੀਨ ਪੈਂਦੇ ਪਿੰਡ ਢੋਲੇਵਾਲ ਵਿੱਚ ਦਿਨ-ਦਿਹਾੜੇ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਸ ਵਾਰਦਾਤ ਤੋਂ ਬਾਅਦ ਜਿੱਥੇ ਪਰਿਵਾਰ ਸਦਮੇ ਵਿੱਚ ਹੈ, ਉੱਥੇ ਪਿੰਡ ਵਾਸੀਆਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਦੀਪ ਕੁਮਾਰ ਵਾਸੀ ਢੋਲੇਵਾਲ ਨੇ ਦੱਸਿਆ ਕਿ ਉਸ ਦਾ ਘਰ ਪਿੰਡ ਤੋਂ ਕੁਝ ਦੂਰ ਗੁਰਦੁਆਰਾ ਸਾਹਿਬ ਦੇ ਨੇੜੇ ਖੇਤਾਂ ਵਿੱਚ ਸਥਿਤ ਹੈ। ਪਰਿਵਾਰ ਦੇ ਸਾਰੇ ਮੈਂਬਰ ਪਿੰਡ ਵਿੱਚ ਇੱਕ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਪਰਿਵਾਰ ਭੋਗ ਤੋਂ ਵਾਪਸ ਘਰ ਪਹੁੰਚਿਆ ਤਾਂ ਮੇਨ ਗੇਟ ਨੂੰ ਜਿੰਦਰਾ ਲੱਗਿਆ ਹੋਇਆ ਸੀ, ਪਰ ਘਰ ਦਾ ਜਿੰਦਰਾ ਟੁੱਟਿਆ ਹੋਇਆ ਮਿਲਿਆ। ਘਰ ਅੰਦਰ ਦਾਖਲ ਹੋਣ ’ਤੇ ਸਾਮਾਨ ਖਿੱਲਰਿਆ ਪਿਆ ਸੀ। ਜਦੋਂ ਉਨ੍ਹਾਂ ਨੇ ਘਰ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਸੋਨੇ ਦੀਆਂ ਦੋ ਅੰਗੂਠੀਆਂ ਅਤੇ 1 ਲੱਖ ਰੁਪਏ ਦੀ ਨਕਦੀ ਗਾਇਬ ਪਾਈ ਗਈ।
watch….ਸੰਘੋਲ ’ਚ ਲੁਟੇਰਿਆਂ ਦਾ ਖੌਫ! ਸੈਰ ਕਰ ਰਹੇ ਪਤੀ-ਪਤਨੀ ਨੂੰ ਬਣਾਇਆ ਨਿਸ਼ਾਨਾ
ਚੋਰੀ ਦੀ ਇਸ ਵਾਰਦਾਤ ਨੇ ਇਲਾਕੇ ਦੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਵੀ ਇਲਾਕੇ ਦੇ ਦੋ ਵੱਖ-ਵੱਖ ਪਿੰਡਾਂ ਵਿੱਚ ਇੱਕੋ ਦਿਨ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਹੋਈਆਂ ਸਨ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।





