Onnline TV

ਪੰਜਾਬ ਪੰਜਾਬੀ ਰਾਸ਼ਟਰੀ /ਅੰਤਰਰਾਸ਼ਟਰੀ (ਐਨਆਰਆਈ) ਖ਼ਬਰਾਂ

ਜਾਤੀ-ਸੂਚਕ ਟਿੱਪਣੀ ‘ਤੇ ਬਿੱਟੂ ਨੂੰ ਝਟਕਾ, ਕਮਿਸ਼ਨ ਨੇ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਦੇ ਦਿੱਤੇ ਹੁਕਮ

ਚੰਡੀਗੜ੍ਹ, 24 ਜੂਨ:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਤਲਬ ਕੀਤੇ ਜਾਣ ਉਪਰੰਤ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਚੰਡੀਗੜ੍ਹ ਵਿਖੇ ਕਮਿਸ਼ਨ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਏ। ਕਮਿਸ਼ਨ ਨੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ।

ਧੂਰੀ ਵਿੱਚ ਹੋਏ ਵਿਵਾਦ ਸਬੰਧੀ ਆਪਣਾ ਪੱਖ ਸਪੱਸ਼ਟ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਅਨੁਸੂਚਿਤ ਜਾਤੀ ਭਾਈਚਾਰੇ ਦੇ ਸਤਿਕਾਰ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਅਣਜਾਣੇ ਵਿੱਚ ਵਰਤੇ ਗਏ ਸ਼ਬਦਾਂ ਲਈ ਉਨ੍ਹਾਂ ਨੂੰ ਡੂੰਘਾ ਅਫ਼ਸੋਸ ਹੈ। ਉਨ੍ਹਾਂ ਇਸ ਸਬੰਧੀ ਕਮਿਸ਼ਨ ਅੱਗੇ ਲਿਖਤੀ ਮਾਫ਼ੀਨਾਮਾ ਵੀ ਪੇਸ਼ ਕੀਤਾ। ਆਪਣੇ ਮਾਫ਼ੀਨਾਮੇ ਵਿੱਚ ਬਿੱਟੂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਵਰਤੇ ਗਏ ਸ਼ਬਦ ਕਾਨੂੰਨੀ ਤੌਰ ‘ਤੇ ਗਲਤ ਸਨ ਅਤੇ ਉਨ੍ਹਾਂ ਨੇ ਵਿਵਾਦਤ ਵੀਡੀਓ ਵੀ ਹਟਾ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਇੱਕ ਭਾਜਪਾ ਆਗੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪੁਲਿਸ ਨਾਲ ਹੋਈ ਬਹਿਸ ਦੌਰਾਨ ਰਵਨੀਤ ਸਿੰਘ ਬਿੱਟੂ ਵੱਲੋਂ ਪੁਲਿਸ ਮੁਲਾਜ਼ਮਾਂ ਅਤੇ ਐਸ.ਸੀ. ਭਾਈਚਾਰੇ ਸਬੰਧੀ ਇਤਰਾਜ਼ਯੋਗ ਅਤੇ ਜਾਤੀ-ਸੂਚਕ ਸ਼ਬਦ ਵਰਤੇ ਗਏ ਸਨ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਸੰਗਰੂਰ ਪੁਲਿਸ ਤੋਂ ਰਿਪੋਰਟ ਮੰਗੀ ਸੀ ਅਤੇ ਬਿੱਟੂ ਨੂੰ ਨਿੱਜੀ ਤੌਰ ‘ਤੇ ਤਲਬ ਕੀਤਾ ਸੀ।

ਇਸ ਤੋਂ ਪਹਿਲਾਂ ਦੋ ਸੁਣਵਾਈਆਂ ਦੌਰਾਨ ਬਿੱਟੂ ਆਪਣੇ ਵਕੀਲਾਂ ਰਾਹੀਂ ਪੇਸ਼ ਹੋਏ ਸਨ, ਪਰ ਕਮਿਸ਼ਨ ਨੇ ਸਖ਼ਤ ਰੁਖ ਅਪਣਾਉਂਦਿਆਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਸਨ।

watch….ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੂਠ ਬੋਲ ਸਕਦੇ ਹਨ, ਉਹ ਕਿਸੇ ਦੇ ਵੀ ਵਫ਼ਾਦਾਰ ਨਹੀਂ ਹੋ ਸਕਦੇ: ਮੁੱਖ ਮੰਤਰੀ

ਕਮਿਸ਼ਨ ਨੇ ਮੰਨਿਆ ਕਿ ਵਰਤੇ ਗਏ ਸ਼ਬਦਾਂ ਅਤੇ ਬਾਅਦ ਵਿੱਚ ਵੀਡੀਓ ਹਟਾਉਣ ਦੀ ਕਾਰਵਾਈ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਨਾਲ ਪੰਜਾਬ ਦੀ ਭਾਈਚਾਰਕ ਸਾਂਝ ‘ਤੇ ਅਸਰ ਪੈਣ ਦਾ ਖਦਸ਼ਾ ਪੈਦਾ ਹੋਇਆ। ਸਮਾਜਿਕ ਏਕਤਾ ਅਤੇ ਭਵਿੱਖ ਵਿੱਚ ਭਾਈਚਾਰਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਨੂੰ ਅਨੁਸੂਚਿਤ ਵਰਗ ਨਾਲ ਸਬੰਧਤ ਪੰਜਾਬ ਦੇ ਚਾਰ ਪ੍ਰਮੁੱਖ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਦੇ ਨਿਰਦੇਸ਼ ਦਿੱਤੇ ਹਨ।

ਇਨ੍ਹਾਂ ਸਥਾਨਾਂ ਵਿੱਚ ਫਿਲੌਰ ਸਥਿਤ ਡੇਰਾ ਬਾਬਾ ਬ੍ਰਹਮਦਾਸ, ਜਲੰਧਰ ਦਾ ਡੇਰਾ ਸੱਚਖੰਡ ਬੱਲਾਂ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਗਵਾਨ ਵਾਲਮੀਕਿ ਤੀਰਥ ਸਥਲ ਅਤੇ ਹੋਰ ਨਿਰਧਾਰਤ ਧਾਰਮਿਕ ਅਸਥਾਨ ਸ਼ਾਮਲ ਹਨ।

ਕਮਿਸ਼ਨ ਨੇ ਆਸ ਜਤਾਈ ਕਿ ਇਹ ਕਦਮ ਸਮਾਜ ਵਿੱਚ ਆਪਸੀ ਸਤਿਕਾਰ, ਭਾਈਚਾਰਕ ਸਾਂਝ ਅਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਾਬਤ ਹੋਵੇਗਾ।

LEAVE A RESPONSE

Your email address will not be published. Required fields are marked *