-ਸੂਬੇ ਭਰ ਵਿੱਚ ਆਰਐਮਐਨਸੀਐਚਏ + ਐੱਨ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਜੇਐਚਪੀਆਈਜੀਓ ਨਾਲ ਲੰਬੇ ਸਮੇਂ ਲਈ ਸਮਝੌਤਾ ਸਹੀਬੱਧ
-ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ ਦੀ ਅਸਲ-ਸਮੇਂ ਟਰੈਕਿੰਗ ਲਈ ਡਿਜੀਟਲ ਸਿਹਤ ਅਤੇ ਏਆਈ-ਸੰਚਾਲਿਤ ਨਿਗਰਾਨੀ ਦਾ ਏਕੀਕਰਨ ਕੀਤਾ ਜਾਵੇਗਾ: ਡਾ. ਬਲਬੀਰ ਸਿੰਘ
ਚੰਡੀਗੜ੍ਹ, 28 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਵਿੱਚ ਜੱਚਾ-ਬੱਚਾ ਸਿਹਤ ਸੰਭਾਲ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਪੰਜਾਬ ਨੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾ ਜੇਐਚਪੀਆਈਜੀਓ ਨਾਲ ਲੰਬੇ ਸਮੇਂ ਲਈ ਭਾਈਵਾਲੀ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਸਮਝੌਤੇ ’ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਅਤੇ ਜੇਐਚਪੀਆਈਜੀਓ ਦੇ ਕੰਟਰੀ ਡਾਇਰੈਕਟਰ ਡਾ. ਅਮਿਤ ਅਰੁਣ ਸ਼ਾਹ ਨੇ ਹਸਤਾਖਰ ਕੀਤੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਰਿਪ੍ਰੋਡਕਟਿਵ, ਮੈਟਰਨਲ, ਨਿਊਬੌਰਨ, ਚਾਈਲਡ ਅਤੇ ਐਡੋਲੈਸੈਂਟ ਹੈਲਥ (ਆਰਐਮਐਨਸੀਐਚਏ + ਐੱਨ) ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਵੀਨਤਾ ਅਤੇ ਡਿਜੀਟਲ ਸਿਹਤ ਰਾਹੀਂ ਪੰਜਾਬ ਨੂੰ ਸਿਹਤ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
watch……Heart Health: A Success Story from Rajindra Hospital
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਭਾਈਵਾਲੀ ਦਾ ਮੁੱਖ ਟੀਚਾ ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ ਦੀ ਸਮੇਂ ਸਿਰ ਪਛਾਣ ਅਤੇ ਪ੍ਰਬੰਧਨ ਕਰਨਾ ਹੈ। ਇਸ ਲਈ ਡਿਜੀਟਲ ਸਿਹਤ ਟੂਲਜ਼, ਆਈਓਟੀ ਡਿਵਾਈਸਾਂ ਅਤੇ ਏਆਈ-ਆਧਾਰਿਤ ਨਿਗਰਾਨੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕੀਤਾ ਜਾਵੇਗਾ। ਇਸ ਨਾਲ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਅਸਲ-ਸਮੇਂ ਟਰੈਕਿੰਗ ਯਕੀਨੀ ਬਣਾਈ ਜਾ ਸਕੇਗੀ ਅਤੇ ਉੱਚ-ਜੋਖਮ ਵਾਲੇ ਮਾਮਲਿਆਂ ਵਿੱਚ ਤੁਰੰਤ ਦਖਲ ਅੰਦਾਜ਼ੀ ਸੰਭਵ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਹਿਯੋਗ ਤਹਿਤ ਸਿਹਤ ਕਰਮਚਾਰੀਆਂ ਦੀ ਸਮਰੱਥਾ ਵਧਾਉਣ, ਤੀਬਰ ਨਿਗਰਾਨੀ ਅਤੇ ਨੀਤੀ-ਪੱਧਰੀ ਤਕਨੀਕੀ ਸਹਾਇਤਾ ਵੀ ਸ਼ਾਮਲ ਹੋਵੇਗੀ। ਇਸ ਨਾਲ ਜੱਚਾ-ਬੱਚਾ ਮੌਤ ਦਰ ਵਿੱਚ ਕਾਫ਼ੀ ਕਮੀ ਆਵੇਗੀ ਅਤੇ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਇਸ ਮੌਕੇ ਸਿਹਤ ਵਿਭਾਗ ਅਤੇ ਐਨਐਚਐਮ ਪੰਜਾਬ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।




