ਸੰਘੋਲ, 25 ਅਗਸਤ (ਔਜਲਾ)
ਇਤਿਹਾਸਕ ਕਸਬਾ ਖੇੜੀ ਨੌਧ ਸਿੰਘ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕਥਿਤ ਤੌਰ ’ਤੇ ਗੈਰ-ਮਿਆਰੀ ਮਠਿਆਈਆਂ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਜ਼ੋਰਾਂ ’ਤੇ ਹੈ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਕੁਝ ਦੁਕਾਨਦਾਰਾਂ ਵੱਲੋਂ ਗੈਰ-ਮਿਆਰੀ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਕਰਕੇ ਵੱਧ ਮੁਨਾਫ਼ਾ ਕਮਾਉਣ ਦੀ ਕੋਸ਼ਿਸ਼ ਕੀਤੇ ਜਾਣ ਦੇ ਦੋਸ਼ ਲੱਗ ਰਹੇ ਹਨ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਖੁੱਲ੍ਹੇਆਮ ਵਿਕ ਰਹੀਆਂ ਕਥਿਤ ਗੈਰ-ਮਿਆਰੀ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਦਾ ਖਦਸ਼ਾ ਹੈ। ਉਨ੍ਹਾਂ ਅਨੁਸਾਰ, ਜੇਕਰ ਮਠਿਆਈਆਂ ਤਿਆਰ ਕਰਨ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾਵੇ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆ ਸਕਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੁਝ ਥਾਵਾਂ ’ਤੇ ਕਥਿਤ ਤੌਰ ’ਤੇ ਬਦਬੂਦਾਰ ਤੇਲ ਅਤੇ ਲੰਮੇ ਸਮੇਂ ਤੋਂ ਪਈਆਂ ਚਾਸਣੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਇਲਾਕਾ ਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਕਾਊਂਟਰਾਂ ਵਿੱਚ ਪਈ ਮਠਿਆਈ ਖਰਾਬ ਹੋਣ ਤੋਂ ਬਾਅਦ ਉਸ ਨੂੰ ਨਸ਼ਟ ਕਰਨ ਦੀ ਬਜਾਏ ਕਥਿਤ ਤੌਰ ’ਤੇ ਰੰਗ, ਖੁਸ਼ਬੂ ਅਤੇ ਹੋਰ ਰਸਾਇਣਕ ਪਦਾਰਥਾਂ ਦੀ ਵਰਤੋਂ ਕਰਕੇ ਮੁੜ ਤਿਆਰ ਕਰਕੇ ਵੇਚਣ ਲਈ ਰੱਖ ਦਿੱਤਾ ਜਾਂਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਅਜਿਹੀਆਂ ਗਤੀਵਿਧੀਆਂ ਸਬੰਧਤ ਵਿਭਾਗ ਦੀ ਕਥਿਤ ਲਾਪਰਵਾਹੀ ਕਾਰਨ ਜਾਰੀ ਹਨ।
watch…..509 ਹੋਰ ਪੇਂਡੂ ਖੇਡ ਮੈਦਾਨ ਨੌਜਵਾਨਾਂ ਨੂੰ ਸਮਰਪਿਤ, ਪੰਜਾਬ ’ਚ ਕੁੱਲ ਗਿਣਤੀ 734 ਹੋਈ: ਭਗਵੰਤ ਮਾਨ
ਲੋਕਾਂ ਨੇ ਕਿਹਾ ਕਿ ਜਦੋਂ ਵੀ ਸਬੰਧਤ ਅਧਿਕਾਰੀਆਂ ਵੱਲੋਂ ਸੈਂਪਲ ਲੈਣ ਜਾਂ ਜਾਂਚ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਥਿਤ ਤੌਰ ’ਤੇ ਸਿਰਫ਼ ਖਾਨਾਪੂਰਤੀ ਕਰਕੇ ਮਾਮਲਾ ਨਿਪਟਾ ਦਿੱਤਾ ਜਾਂਦਾ ਹੈ। ਇਸ ਕਾਰਨ ਗੈਰ-ਮਿਆਰੀ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਦੇ ਹੌਸਲੇ ਹੋਰ ਵਧਣ ਦਾ ਦੋਸ਼ ਲਗਾਇਆ ਗਿਆ ਹੈ।
ਇਲਾਕਾ ਵਾਸੀਆਂ ਅਨੁਸਾਰ ਮਠਿਆਈਆਂ ਤੋਂ ਇਲਾਵਾ ਖੋਆ, ਪਨੀਰ, ਦਹੀਂ ਆਦਿ ਦੁੱਧ ਤੋਂ ਤਿਆਰ ਕਰਨ ਦੀ ਬਜਾਏ ਕਥਿਤ ਤੌਰ ’ਤੇ ਪਾਊਡਰ ਤੋਂ ਤਿਆਰ ਕਰਕੇ ਬਾਹਰਲੇ ਸ਼ਹਿਰਾਂ ਤੋਂ ਸਵੇਰੇ-ਸਵੇਰੇ ਵਾਹਨਾਂ ਰਾਹੀਂ ਸਪਲਾਈ ਕੀਤੇ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸਥਾਨਕ ਦੁਕਾਨਦਾਰ ਇਨ੍ਹਾਂ ਵਸਤੂਆਂ ਨੂੰ ਮਹਿੰਗੇ ਭਾਅ ’ਤੇ ਵੇਚ ਕੇ ਵੱਧ ਮੁਨਾਫ਼ਾ ਕਮਾ ਰਹੇ ਹਨ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਗੈਰ-ਮਿਆਰੀ ਮਠਿਆਈਆਂ ਅਤੇ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਦੀ ਸਿਹਤ ਨਾਲ ਹੋ ਰਹੇ ਕਥਿਤ ਖਿਲਵਾੜ ਨੂੰ ਰੋਕਿਆ ਜਾ ਸਕੇ।
ਇਸ ਸਬੰਧੀ ਸੰਪਰਕ ਕਰਨ ’ਤੇ ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਰ-ਮਿਆਰੀ ਮਠਿਆਈਆਂ ਵੇਚਣ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਗੈਰ-ਮਿਆਰੀ ਮਠਿਆਈ ਜਾਂ ਘਟੀਆ ਕਿਸਮ ਦੀ ਖਾਣ-ਪੀਣ ਵਾਲੀ ਵਸਤੂ ਵਿਕਦੀ ਨਜ਼ਰ ਆਵੇ, ਉਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।





