ਦਰਜਾ-4 ਕਰਮਚਾਰੀਆਂ ਨੂੰ ਵਿੱਤੀ ਸਾਲ 2025-26 ਲਈ ਕਣਕ ਖਰੀਦਣ ਵਾਸਤੇ 9,700 ਰੁਪਏ ਦਾ ਵਿਆਜ-ਮੁਕਤ ਕਰਜ਼ਾ ਮਿਲੇਗਾ: ਹਰਪਾਲ ਚੀਮਾ

ਤਿੰਨ ਸਾਲਾਂ ਵਿੱਚ ਵਿਆਜ-ਮੁਕਤ ਕਣਕ ਕਰਜ਼ੇ ਵਿੱਚ 21.25% ਦਾ ਵਾਧਾ
ਕਿਹਾ, ਪਿਛਲੀ ਕਾਂਗਰਸ ਸਰਕਾਰ ਵੱਲੋਂ ਅਣਗੌਲੇ ਗਏ ਦਰਜਾ-4 ਕਰਮਚਾਰੀਆਂ ਦੀ ਭਲਾਈ ਲਈ ‘ਆਪ’ ਸਰਕਾਰ ਦੀ ਪਹਿਲ
ਚੰਡੀਗੜ੍ਹ, 22 ਅਪ੍ਰੈਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਮਾਜ ਦੇ ਹੇਠਲੇ ਵਰਗਾਂ ਨੂੰ ਸਸ਼ਕਤ ਕਰਨ ਦੀ ਵਚਨਬੱਧਤਾ ਦੇ ਤਹਿਤ, ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਵਿੱਤੀ ਸਾਲ 2025-26 ਲਈ ਦਰਜਾ-4 (ਗਰੁੱਪ-ਡੀ) ਕਰਮਚਾਰੀਆਂ ਨੂੰ ਕਣਕ ਖਰੀਦਣ ਲਈ ਵਿਆਜ-ਮੁਕਤ ਕਰਜ਼ੇ ਦੀ ਰਕਮ ਵਧਾ ਕੇ 9,700 ਰੁਪਏ ਕਰ ਦਿੱਤੀ ਗਈ ਹੈ।
ਇੱਕ ਪ੍ਰੈਸ ਬਿਆਨ ਰਾਹੀਂ ਵੇਰਵੇ ਸਾਂਝੇ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਦਰਜਾ-4 ਕਰਮਚਾਰੀਆਂ ਲਈ ਇਸ ਮਹੱਤਵਪੂਰਨ ਵਿੱਤੀ ਸਹਾਇਤਾ ਵਿੱਚ ਲਗਾਤਾਰ ਵਾਧਾ ਕੀਤਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਵਿਆਜ-ਮੁਕਤ ਕਣਕ ਕਰਜ਼ੇ ਦੀ ਰਕਮ ਵਿੱਚ 21.25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਵਰਗ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਸੀ, ਜਦਕਿ ‘ਆਪ’ ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਦੀ ਭਲਾਈ ਨੂੰ ਪਹਿਲ ਦਿੱਤੀ ਹੈ।
watch…..500 Government Schools in Punjab to Welcome New Principals
ਪਿਛਲੀ ਕਾਂਗਰਸ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ 2019-20 ਅਤੇ 2020-21 ਦੇ ਕੋਵਿਡ-19 ਦੇ ਚੁਣੌਤੀਪੂਰਨ ਸਮੇਂ ਦੌਰਾਨ ਵੀ ਕਾਂਗਰਸ ਸਰਕਾਰ ਨੇ ਕਰਜ਼ੇ ਦੀ ਰਕਮ ਵਿੱਚ ਕੋਈ ਵਾਧਾ ਨਹੀਂ ਕੀਤਾ ਅਤੇ ਸਿਰਫ 7,500 ਰੁਪਏ ਦਾ ਵਿਆਜ-ਮੁਕਤ ਕਰਜ਼ਾ ਦਿੱਤਾ। ਇਸ ਤੋਂ ਬਾਅਦ, ਚੋਣ ਸਾਲ 2021-22 ਵਿੱਚ, ਤਿੰਨ ਸਾਲਾਂ ਬਾਅਦ ਸਿਰਫ 500 ਰੁਪਏ ਦਾ ਮਾਮੂਲੀ ਵਾਧਾ ਕਰਕੇ ਇਸ ਨੂੰ 8,000 ਰੁਪਏ ਕੀਤਾ ਗਿਆ।
ਇਸ ਦੇ ਉਲਟ, ਵਿੱਤ ਮੰਤਰੀ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਦਰਜਾ-4 ਕਰਮਚਾਰੀਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਵਿਆਜ-ਮੁਕਤ ਕਰਜ਼ੇ ਦੀ ਰਕਮ ਨੂੰ 2023-24 ਲਈ 8,500 ਰੁਪਏ, 2024-25 ਲਈ 9,100 ਰੁਪਏ, ਅਤੇ ਹੁਣ 2025-26 ਲਈ 9,700 ਰੁਪਏ ਕਰ ਦਿੱਤਾ ਗਿਆ ਹੈ।
ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਹਰੇਕ ਯੋਗ ਦਰਜਾ-4 ਕਰਮਚਾਰੀ ਨੂੰ 9,700 ਰੁਪਏ ਦਾ ਵਿਆਜ-ਮੁਕਤ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਉਹ ਸਰਕਾਰੀ ਰੇਟ 2,425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪ੍ਰਤੀ ਪਰਿਵਾਰ ਚਾਰ ਕੁਇੰਟਲ ਕਣਕ ਖਰੀਦ ਸਕਣਗੇ। ਇਹ ਕਰਜ਼ਾ ਜੂਨ 2025 (ਜੁਲਾਈ 2025 ਵਿੱਚ ਭੁਗਤਾਨ ਸ਼ੁਰੂ) ਤੋਂ ਅੱਠ ਬਰਾਬਰ ਮਾਸਿਕ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ, ਜੋ ਇਸੇ ਵਿੱਤੀ ਸਾਲ ਵਿੱਚ ਪੂਰੀ ਤਰ੍ਹਾਂ ਵਸੂਲੀ ਨੂੰ ਯਕੀਨੀ ਬਣਾਏਗਾ। ਉਨ੍ਹਾਂ ਨੇ ਦੱਸਿਆ ਕਿ ਮਨਜ਼ੂਰਸ਼ੁਦਾ ਰਕਮ 29 ਮਈ, 2025 ਤੱਕ ਸੂਬਾ ਸਰਕਾਰ ਦੇ ਖਜ਼ਾਨੇ ਵਿੱਚੋਂ ਜਾਰੀ ਕਰ ਦਿੱਤੀ ਜਾਵੇਗੀ।
ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਵਿਆਜ-ਮੁਕਤ ਕਣਕ ਕਰਜ਼ਾ ਪੰਜਾਬ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਹੈ, ਜੋ ਸੂਬੇ ਦੇ ਪ੍ਰਸ਼ਾਸਨ ਦੀ ਮਜ਼ਬੂਤੀ ਦਾ ਅਧਾਰ ਸਮਝੇ ਜਾਣ ਵਾਲੇ ਦਰਜਾ-4 ਕਰਮਚਾਰੀਆਂ ਨੂੰ ਜ਼ਰੂਰੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਹੈ ਕਿ ਇਨ੍ਹਾਂ ਕਰਮਚਾਰੀਆਂ ਦੇ ਵਿੱਤੀ ਬੋਝ ਨੂੰ ਘਟਾਇਆ ਜਾਵੇ, ਤਾਂ ਜੋ ਉਹ ਆਪਣੇ ਘਰੇਲੂ ਖਰਚਿਆਂ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਣ ਅਤੇ ਉਨ੍ਹਾਂ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।


