
- ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਅਤੇ ਗੈਸ ਚੜ੍ਹਨ ਵਰਗੀਆਂ ਸਥਿਤੀਆਂ ਵਿੱਚ ਜਖਮੀਆਂ ਦੀ ਸੰਭਾਲ ਅਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੇ ਤਾਲਮੇਲ ਦੀ ਰਿਹਰਸਲ
- ਕਿਸੇ ਵੀ ਅਫਵਾਹ ਨੂੰ ਨਾ ਫੈਲਾਇਆ ਜਾਵੇ ਅਤੇ ਸੋਸ਼ਲ ਮੀਡੀਆ ਜਾਂ ਹੋਰ ਸਰੋਤਾਂ ਦੀਆਂ ਅਫਵਾਹਾਂ ‘ਤੇ ਭਰੋਸਾ ਨਾ ਕੀਤਾ ਜਾਵੇ: ਡਿਪਟੀ ਕਮਿਸ਼ਨਰ
- ਲੋਕ ਘਬਰਾਹਟ ਵਿੱਚ ਨਾ ਆਉਣ ਅਤੇ ਘਰੇਲੂ ਸਾਮਾਨ ਦੀ ਖਰੀਦ ਲਈ ਕੋਈ ਜਲਦਬਾਜ਼ੀ ਨਾ ਕਰਨ: ਡਾ. ਪ੍ਰੀਤੀ ਯਾਦਵ
- ਹਮਲੇ ਜਾਂ ਹੰਗਾਮੀ ਸਥਿਤੀ ਵਿੱਚ ਸੁਰੱਖਿਆ ਦੇ ਤਰੀਕਿਆਂ ਦਾ ਅਭਿਆਸ
- ਮੌਕ ਡਰਿਲ ਸਮੇਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. ਇਸ਼ਾ ਸਿੰਗਲ, ਪੁਲਿਸ, ਫੌਜ, ਆਈ.ਟੀ.ਬੀ.ਪੀ., ਐਨ.ਸੀ.ਸੀ., ਐਨ.ਐਸ.ਐਸ., ਅਤੇ ਰੈਡ ਕਰਾਸ ਦੇ ਨੁਮਾਇੰਦੇ ਮੌਜੂਦ
ਪਟਿਆਲਾ, 7 ਮਈ:
ਪਟਿਆਲਾ ਵਿੱਚ ਬਚਾਅ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਦੀ ਜਾਂਚ ਲਈ ਸ਼ਾਮ 4 ਵਜੇ ਇੱਕ ਨਾਗਰਿਕ ਸੁਰੱਖਿਆ ਮੌਕ ਡਰਿਲ ਦਾ ਆਯੋਜਨ ਕੀਤਾ ਗਿਆ। ਪਟਿਆਲਾ ਰੇਲਵੇ ਸਟੇਸ਼ਨ ‘ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਦੇਖ-ਰੇਖ ਹੇਠ ਅੱਧੇ ਘੰਟੇ ਦੀ ਇਸ ਡਰਿਲ ਦੌਰਾਨ ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਅਤੇ ਗੈਸ ਚੜ੍ਹਨ ਵਰਗੀਆਂ ਸਥਿਤੀਆਂ ਵਿੱਚ ਜਖਮੀਆਂ ਦੀ ਸੰਭਾਲ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦੇ ਤਾਲਮੇਲ ਦੀ ਰਿਹਰਸਲ ਕੀਤੀ ਗਈ। ਇਸ ਵਿੱਚ ਜਨਤਕ ਸਥਾਨ ‘ਤੇ ਹੰਗਾਮੀ ਸਥਿਤੀਆਂ ਦੀ ਨਕਲ ਕਰਕੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਗਿਆ।
ਇਸ ਦੌਰਾਨ ਪਟਿਆਲਾ ਵਿੱਚ 12 ਥਾਵਾਂ ‘ਤੇ ਸਾਇਰਨ ਵਜਾਏ ਗਏ, ਜਿਨ੍ਹਾਂ ਵਿੱਚ ਪੁਲਿਸ ਲਾਈਨ, ਰੇਲਵੇ ਵਰਕਸ਼ਾਪ ਡੀ.ਐਮ.ਡਬਲਿਊ., ਕੇਂਦਰੀ ਜੇਲ੍ਹ, ਫਾਇਰ ਬ੍ਰਿਗੇਡ, ਆਰਮੀ ਕੈਂਟ ‘ਤੇ ਦੋ, ਰੇਲਵੇ ਸਟੇਸ਼ਨ, ਨਵਾਂ ਬੱਸ ਅੱਡਾ, ਜ਼ਿਲ੍ਹਾ ਪ੍ਰੀਸ਼ਦ ਦਫਤਰ, ਕਿਲ੍ਹਾ ਮੁਬਾਰਕ, ਪੀ.ਡੀ.ਏ. ਦਫਤਰ ਅਰਬਨ ਅਸਟੇਟ, ਨਗਰ ਨਿਗਮ ਦਫਤਰ ਪਟਿਆਲਾ, ਅਤੇ ਸਾਰੀਆਂ ਸਬ-ਡਵੀਜ਼ਨਾਂ ਪਾਤੜਾਂ, ਰਾਜਪੁਰਾ, ਨਾਭਾ, ਸਮਾਣਾ, ਅਤੇ ਦੁਧਨਸਾਧਾਂ ਸ਼ਾਮਲ ਸਨ।
ਇਸ ਮੌਕੇ ਪੁਲਿਸ, ਫੌਜ, ਆਈ.ਟੀ.ਬੀ.ਪੀ., ਐਨ.ਸੀ.ਸੀ., ਐਨ.ਐਸ.ਐਸ., ਰੈਡ ਕਰਾਸ ਦੇ ਨੁਮਾਇੰਦਿਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਹਵਾਈ ਹਮਲੇ ਜਾਂ ਹੰਗਾਮੀ ਸਥਿਤੀ ਵਿੱਚ ਬਚਾਅ ਦੇ ਤਰੀਕਿਆਂ ਦਾ ਅਭਿਆਸ ਕੀਤਾ। ਹਵਾਈ ਹਮਲੇ ਅਤੇ ਅੱਗ ਲੱਗਣ ਦਾ ਦ੍ਰਿਸ਼ ਤਿਆਰ ਕੀਤਾ ਗਿਆ ਅਤੇ ਬਚਾਅ ਸਬੰਧੀ ਕਾਰਵਾਈਆਂ ਨੂੰ ਦਿਖਾਇਆ ਗਿਆ। ਮਾਹਰਾਂ ਨੇ ਸਮਝਾਇਆ ਕਿ ਹਮਲੇ ਦੌਰਾਨ ਜੇ ਖੁੱਲ੍ਹੇ ਵਿੱਚ ਹੋ ਤਾਂ ਜਲਦੀ ਧਰਤੀ ‘ਤੇ ਲੇਟ ਜਾਓ। ਬਹੁ-ਮੰਜ਼ਿਲਾ ਇਮਾਰਤ ਵਿੱਚ ਹੋ ਤਾਂ ਹੇਠਲੇ ਤਲ ‘ਤੇ ਚਲੇ ਜਾਓ ਅਤੇ ਸਾਰੀਆਂ ਲਾਈਟਾਂ ਬੰਦ ਕਰ ਦਿਓ। ਜੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰੱਖਤ ਦੀ ਓਟ ਲਓ। ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਛੱਡ ਕੇ ਥੱਲੇ ਲੇਟ ਜਾਓ। ਜੇ ਓਟ ਲਈ ਕੋਈ ਥਾਂ ਨਹੀਂ ਹੈ ਤਾਂ ਛਾਤੀ ਦੇ ਭਾਰ ਧਰਤੀ ‘ਤੇ ਲੇਟੋ ਅਤੇ ਉਂਗਲਾਂ ਨਾਲ ਕੰਨ ਬੰਦ ਕਰ ਲਓ। ਕਿਸੇ ਵੀ ਰੌਸ਼ਨੀ ਦਾ ਇਸਤੇਮਾਲ ਨਾ ਕਰੋ।
watch….CM Mann Vows to Protect Punjab’s Water at Nangal Dam
ਇਸ ਮੌਕੇ ਜਖਮੀਆਂ ਦੀ ਸੰਭਾਲ, ਅਸਥਾਈ ਹਸਪਤਾਲ ਸਥਾਪਤ ਕਰਨ, ਅੱਗ ਤੋਂ ਬਚਾਅ ਅਤੇ ਅੱਗ ਬੁਝਾਉਣ ਦੇ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਗੈਸ ਚੜ੍ਹਨ ਤੋਂ ਬਚਾਅ ਦੇ ਉਪਾਅ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਵਰਤੋਂ ਸਬੰਧੀ ਵੀ ਅਭਿਆਸ ਕੀਤਾ ਗਿਆ।
ਇਹ ਸਾਰੇ ਅਭਿਆਸ ਵੱਖ-ਵੱਖ ਥਾਵਾਂ ‘ਤੇ ਦੁਹਰਾਏ ਗਏ। ਇਮਾਰਤ ਅੰਦਰ ਹੋਣ ‘ਤੇ ਕਮਰੇ ਦੇ ਕੋਨੇ ਵਿੱਚ ਜਾਂ ਕਿਸੇ ਭਾਰੀ ਵਸਤੂ, ਜਿਵੇਂ ਕੱਪਬੋਰਡ, ਦੇ ਹੇਠ ਓਟ ਲਈ ਜਾ ਸਕਦੀ ਹੈ। ਖਿੜਕੀਆਂ ਕੋਲ ਖੜ੍ਹੇ ਨਾ ਹੋਵੋ ਅਤੇ ਗੈਸ, ਪਾਣੀ, ਅਤੇ ਬਿਜਲੀ ਦੀਆਂ ਸਵਿੱਚਾਂ ਬੰਦ ਕਰ ਦਿਓ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਇਹਨਾਂ ਨਿਰਦੇਸ਼ਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਘਬਰਾਹਟ ਤੋਂ ਬਚਣ ਅਤੇ ਘਰੇਲੂ ਸਾਮਾਨ ਦੀ ਜ਼ਰੂਰਤ ਤੋਂ ਵੱਧ ਖਰੀਦ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ, ਕਿਉਂਕਿ ਅਜਿਹੀ ਕੋਈ ਸਥਿਤੀ ਨਹੀਂ ਜਿਸ ਕਰਕੇ ਸਾਮਾਨ ਜਮ੍ਹਾਂ ਕਰਨ ਦੀ ਲੋੜ ਹੋਵੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਅਤੇ ਡਾਇਰੈਕਟੋਰੇਟ ਜਨਰਲ ਆਫ ਫਾਇਰ ਸਰਵਿਸ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡਸ ਦੀਆਂ ਹਦਾਇਤਾਂ ਅਨੁਸਾਰ ਇਹ ਅਭਿਆਸ ਪਹਿਲਾਂ ਤੋਂ ਯੋਜਨਾਬੱਧ ਸੀ। ਇਸ ਲਈ ਡਰਨ ਦੀ ਕੋਈ ਲੋੜ ਨਹੀਂ। ਇਸ ਡਰਿਲ ਦਾ ਮਕਸਦ ਹੰਗਾਮੀ ਸਥਿਤੀਆਂ ਨੂੰ ਨਿਯੰਤਰਣ ਵਿੱਚ ਰੱਖਣ ਅਤੇ ਅਜਿਹੀਆਂ ਸਥਿਤੀਆਂ ਦੀ ਸੁਰੱਖਿਅਤ ਨਕਲ ਕਰਕੇ ਨਾਗਰਿਕਾਂ ਅਤੇ ਪ੍ਰਸ਼ਾਸਨ ਨੂੰ ਅਸਲ ਸੰਕਟ ਵਿੱਚ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਤਿਆਰ ਕਰਨਾ ਹੈ। ਉਨ੍ਹਾਂ ਨੇ ਅਫਵਾਹਾਂ ਨੂੰ ਨਾ ਫੈਲਾਉਣ ਅਤੇ ਸੋਸ਼ਲ ਮੀਡੀਆ ਜਾਂ ਹੋਰ ਸਰੋਤਾਂ ਦੀਆਂ ਅਫਵਾਹਾਂ ‘ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ, ਐਨ.ਸੀ.ਸੀ. 10 ਪੰਜਾਬ ਦੇ ਕਮਾਂਡਿੰਗ ਅਫਸਰ ਕਰਨਲ ਅਮਿਤੇਸ਼ ਵਰਮਾ, ਐਸ.ਡੀ.ਐਮ. ਅਵਿਕੇਸ਼ ਗੁਪਤਾ, ਡੀ.ਐਸ.ਪੀ. ਨੇਹਾ ਅਗਰਵਾਲ, ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ, ਆਈ.ਟੀ.ਬੀ.ਪੀ. ਦੇ ਸੈਕੰਡ-ਇਨ-ਕਮਾਂਡ ਨਰਿੰਦਰ, ਡਿਪਟੀ ਕਮਾਂਡਰ ਬ੍ਰਿਜੇਸ਼, ਜ਼ਿਲ੍ਹਾ ਫਾਇਰ ਅਫਸਰ ਰਜਿੰਦਰ ਕੌਸ਼ਲ, ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਕੁਮਾਰ, ਅਤੇ ਕਾਕਾ ਰਾਮ ਵਰਮਾ ਵੀ ਹਾਜ਼ਰ ਸਨ।
