
- ਮੁੱਖ ਮੰਤਰੀ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਸੂਬੇ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ
- ਗ੍ਰਿਫ਼ਤਾਰ ਮੁਲਜ਼ਮਾਂ ਨੂੰ ਵਿਦੇਸ਼ੀ ਹੈਂਡਲਰਾਂ ਨੇ ਪੰਜਾਬ ’ਚ ਮਿੱਥ ਕੇ ਕਤਲ ਦੀ ਸੁਪਾਰੀ ਦਿੱਤੀ ਸੀ: ਡੀਜੀਪੀ ਗੌਰਵ ਯਾਦਵ
- ਮੁਲਜ਼ਮ ਮਹਿਕਪ੍ਰੀਤ ਅਤੇ ਯੁਵਰਾਜ ਤਰਨਤਾਰਨ ’ਚ ਸਰਪੰਚ ਦੇ ਘਰ ਗੋਲੀਬਾਰੀ ’ਚ ਵੀ ਸ਼ਾਮਲ: ਏਡੀਜੀਪੀ ਪ੍ਰਮੋਦ ਬਾਨ
ਚੰਡੀਗੜ੍ਹ/ਤਰਨਤਾਰਨ, 18 ਅਪ੍ਰੈਲ 2025:
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੀ ਮੁਹਿੰਮ ਅਧੀਨ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਤਰਨਤਾਰਨ ਪੁਲਿਸ ਨਾਲ ਮਿਲ ਕੇ ਜਵੰਦਾ ਪਿੰਡ ਨੇੜੇ ਸੰਖੇਪ ਗੋਲੀਬਾਰੀ ਤੋਂ ਬਾਅਦ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਅਤੇ ਗੈਂਗਸਟਰ ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ ਦੇ ਗਿਰੋਹ ਦੇ ਦੋ ਮੁੱਖ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਹਿਕਪ੍ਰੀਤ ਸਿੰਘ ਉਰਫ਼ ਮਹਿਕ (ਵਾਸੀ ਸੇਖਵਾਂ, ਬਟਾਲਾ) ਅਤੇ ਯੁਵਰਾਜ ਸਿੰਘ ਉਰਫ਼ ਜੱਗੂ (ਵਾਸੀ ਮੁਰਾਦਪੁਰਾ, ਤਰਨਤਾਰਨ) ਵਜੋਂ ਹੋਈ। ਪੁਲਿਸ ਨੇ ਉਨ੍ਹਾਂ ਕੋਲੋਂ ਦੋ ਅਤਿ-ਆਧੁਨਿਕ ਪਿਸਤੌਲ—ਇੱਕ 9 ਐਮਐਮ ਗਲੌਕ ਅਤੇ ਇੱਕ .30 ਕੈਲੀਬਰ ਪੀਐਕਸ30—ਦੇ ਨਾਲ-ਨਾਲ ਜ਼ਿੰਦਾ ਕਾਰਤੂਸ ਅਤੇ ਗੋਲੀਆਂ ਦੇ ਖੋਲ ਬਰਾਮਦ ਕੀਤੇ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ, ਦੋਵਾਂ ਮੁਲਜ਼ਮਾਂ ਨੂੰ ਵਿਦੇਸ਼ੀ ਹੈਂਡਲਰਾਂ ਨੇ ਪੰਜਾਬ ’ਚ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਸੀ। ਉਨ੍ਹਾਂ ਕਿਹਾ, “ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ਨੇ ਸੂਬੇ ’ਚ ਕਈ ਸੰਭਾਵੀ ਹੱਤਿਆਵਾਂ ਅਤੇ ਸਨਸਨੀਖੇਜ਼ ਅਪਰਾਧਾਂ ਨੂੰ ਰੋਕਣ ’ਚ ਸਫਲਤਾ ਹਾਸਲ ਕੀਤੀ ਹੈ।”
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਮਹਿਕਪ੍ਰੀਤ ਅਤੇ ਯੁਵਰਾਜ ਤਰਨਤਾਰਨ ’ਚ ਸਰਪੰਚ ਦੇ ਘਰ ’ਤੇ ਹੋਈ ਗੋਲੀਬਾਰੀ ’ਚ ਵੀ ਸ਼ਾਮਲ ਸਨ। ਇਹ ਘਟਨਾ 26-27 ਮਾਰਚ 2025 ਦੀ ਰਾਤ ਨੂੰ ਪਿੰਡ ਨੌਸ਼ਹਿਰਾ ਪੰਨੂਆਂ ’ਚ ਵਾਪਰੀ, ਜਦੋਂ ਦੋ ਬਾਈਕ ਸਵਾਰ ਨੌਜਵਾਨਾਂ ਨੇ ਸਰਪੰਚ ਦੇ ਘਰ ਬਾਹਰ ਗੋਲੀਆਂ ਚਲਾਈਆਂ।
watch……Major Breakthrough for Punjab Police: Main Suspect in Manoranjan Kalia Case Arrested
ਏਡੀਜੀਪੀ ਨੇ ਕਿਹਾ ਕਿ ਏਆਈਜੀ ਸੰਦੀਪ ਗੋਇਲ ਅਤੇ ਐਸਐਸਪੀ ਅਭਿਮਨਿਊ ਰਾਣਾ ਦੀ ਅਗਵਾਈ ’ਚ ਏਜੀਟੀਐਫ ਅਤੇ ਤਰਨਤਾਰਨ ਪੁਲਿਸ ਨੇ ਖੁਫੀਆ ਸੂਚਨਾ ਦੇ ਅਧਾਰ ’ਤੇ ਨੌਸ਼ਹਿਰਾ ਪੰਨੂਆਂ ਇਲਾਕੇ ’ਚ ਮੁਲਜ਼ਮਾਂ ਦੀ ਭਾਲ ਕੀਤੀ। ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ’ਤੇ ਗੋਲੀਆਂ ਚਲਾਈਆਂ, ਜਿਸ ਦੇ ਜਵਾਬ ’ਚ ਪੁਲਿਸ ਨੇ ਸਵੈ-ਰੱਖਿਆ ਵਿੱਚ ਗੋਲੀਬਾਰੀ ਕੀਤੀ।
ਐਸਐਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਉਨ੍ਹਾਂ ਕੋਲੋਂ ਦੋ ਅਤਿ-ਆਧੁਨਿਕ ਹਥਿਆਰ ਬਰਾਮਦ ਕੀਤੇ।




