Onnline TV

ਪੰਜਾਬ ਪੰਜਾਬੀ

ਪੰਜਾਬ ਸਰਕਾਰ ਸਮਾਜ ਦੀਆਂ ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਭਾਵਨਾਵਾਂ ਨੂੰ ਸਮਝਣ ਵਿੱਚ ਕਾਮਯਾਬ: ਮੁੱਖ ਮੰਤਰੀ

  • ਸੁਤੰਤਰਤਾ ਦਿਵਸ ਮੌਕੇ ਫ਼ਰੀਦਕੋਟ ਵਿੱਚ ਸੂਬਾ ਪੱਧਰੀ ਸਮਾਗਮ ਦੌਰਾਨ ਲਹਿਰਾਇਆ ਕੌਮੀ ਝੰਡਾ

  • ਕੌਮੀ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ ਨੂੰ ਚੇਤੇ ਕੀਤਾ

  • ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੂਬਾ ਸਰਕਾਰ ਦਾ ਫ਼ਰਜ਼ ਦੁਹਰਾਇਆ

  • ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਨਾਲ ਸੂਬੇ ਦੇ ਵਿਕਾਸ ਦੀ ਤਸਵੀਰ ਪੇਸ਼

ਫ਼ਰੀਦਕੋਟ, 15 ਅਗਸਤ

ਮੁੱਖ ਮੰਤਰੀ ਭਗਵੰਤ  ਮਾਨ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾ ਕੇ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਸੰਕਲਪ ਲੈਣ, ਤਾਂ ਕਿ ਖੁਸ਼ਹਾਲ ਅਤੇ ਗਤੀਸ਼ੀਲ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ। ਫ਼ਰੀਦਕੋਟ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਮੁੱਚੇ ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਫ਼ਰੀਦਕੋਟ ਦੀ ਪਵਿੱਤਰ ਧਰਤੀ ’ਤੇ ਮਹਾਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਮਹਾਨ ਕਵੀ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਆਮ ਲੋਕਾਂ ਦੀ ਭਾਸ਼ਾ ਵਿੱਚ ਆਪਣੀਆਂ ਗੱਲਾਂ ਆਖੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੀ ਵਿਲੱਖਣ ਅਤੇ ਬੇਮਿਸਾਲ ਭੂਮਿਕਾ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ 80 ਫੀਸਦੀ ਤੋਂ ਵੱਧ ਮਹਾਨ ਦੇਸ਼ ਭਗਤ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਾਂ ਬਰਤਾਨਵੀ ਸਾਮਰਾਜ ਦੇ ਜੁਲਮ ਦਾ ਸ਼ਿਕਾਰ ਹੋਏ, ਪੰਜਾਬੀ ਸਨ। ਸਦੀਆਂ ਪੁਰਾਣੇ ਬ੍ਰਿਟਿਸ਼ ਸਾਮਰਾਜ ਨੂੰ ਜੜ੍ਹੋਂ ਪੁੱਟਣ ਲਈ ਸੁਤੰਤਰਤਾ ਸੰਗਰਾਮ ਦੀਆਂ ਜ਼ਿਆਦਾਤਰ ਲਹਿਰਾਂ ਦੀ ਅਗਵਾਈ ਪੰਜਾਬੀਆਂ ਨੇ ਕੀਤੀ।

ਉਨ੍ਹਾਂ ਨੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ, ਬਾਬਾ ਰਾਮ ਸਿੰਘ, ਸੋਹਣ ਸਿੰਘ ਭਕਨਾ ਅਤੇ ਹੋਰ ਅਣਗੌਲੇ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਆਜ਼ਾਦੀ ਦੇ ਟੀਚੇ ਲਈ ਆਪਣਾ ਸਭ ਕੁਝ ਵਾਰ ਦਿੱਤਾ। ਉਨ੍ਹਾਂ ਨੇ ਕੂਕਾ, ਗ਼ਦਰ, ਬੱਬਰ ਅਕਾਲੀ, ਕਿਸਾਨ, ਕਾਮਾ ਗਾਟਾ ਮਾਰੂ, ਜਲ੍ਹਿਆਂਵਾਲਾ ਬਾਗ, ਗੁਰਦੁਆਰਾ ਮੁਕਤੀ ਲਹਿਰ, ਜੈਤੋ ਮੋਰਚਾ ਅਤੇ ਪਰਜਾ ਮੰਡਲ ਲਹਿਰ ਵਰਗੀਆਂ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਦੀਆਂ ਕੁਰਬਾਨੀਆਂ ਨੂੰ ਨੌਜਵਾਨ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਦੱਸਿਆ। ਮੁੱਖ ਮੰਤਰੀ ਨੇ ਦੁੱਖ ਜਤਾਇਆ ਕਿ ਜਦੋਂ ਦੇਸ਼ ਦਾ ਬਾਕੀ ਹਿੱਸਾ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ, ਉਦੋਂ ਪੰਜਾਬ ਹਿੰਸਕ ਵੰਡ ਦੇ ਭਿਆਨਕ ਦੌਰ ਵਿੱਚੋਂ ਲੰਘ ਰਿਹਾ ਸੀ, ਜਿਸ ਵਿੱਚ ਲੱਖਾਂ ਪੰਜਾਬੀਆਂ ਨੇ ਜਾਨਾਂ ਗੁਆਈਆਂ, ਬੇਘਰ ਹੋਏ ਅਤੇ ਜਾਇਦਾਦਾਂ ਗੁਆ ਬੈਠੇ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ, ਜਦੋਂ ਭਾਰਤ ਨੂੰ ਅੰਦਰੂਨੀ ਜਾਂ ਬਾਹਰੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਪੰਜਾਬੀਆਂ ਨੇ ਮੋਹਰੀ ਰਹਿਕੇ ਦੇਸ਼ ਦੀ ਅਖੰਡਤਾ ਦੀ ਰੱਖਿਆ ਕੀਤੀ। ਉਨ੍ਹਾਂ ਨੇ ਸੂਬੇ ਦੇ ਮਿਹਨਤੀ ਕਿਸਾਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਇਆ। ਉਨ੍ਹਾਂ ਨੇ ਪੰਜਾਬੀਆਂ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਰਾਖੀ ਅਤੇ ਸ਼ਾਂਤੀ, ਵਿਕਾਸ ਤੇ ਖੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਵਿੱਚ ਪੰਜਾਬੀਆਂ ਦੀ ਮਹੱਤਵਪੂਰਨ ਭੂਮਿਕਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਪ੍ਰਭੂਸੱਤਾ ਨੂੰ ਖ਼ਤਰਾ ਹੋਇਆ, ਪੰਜਾਬੀਆਂ ਨੇ ਹਿੱਕ ਡਾਹ ਕੇ ਲੜਾਈ ਲੜੀ। ਉਨ੍ਹਾਂ ਨੇ ਸੁਤੰਤਰਤਾ ਦਿਵਸ ਨੂੰ ਖੁਸ਼ੀ ਦੇ ਨਾਲ-ਨਾਲ ਸੂਬੇ ਦੇ ਵਿਕਾਸ ਲਈ ਆਤਮ-ਨਿਰੀਖਣ ਅਤੇ ਨਵੇਂ ਟੀਚੇ ਨਿਰਧਾਰਤ ਕਰਨ ਦਾ ਮੌਕਾ ਦੱਸਿਆ। ਉਨ੍ਹਾਂ ਨੇ ਲੋਕਾਂ ਨੂੰ ਸਦਭਾਵਨਾ ਅਤੇ ਬਰਾਬਰੀ ਵਾਲਾ ਸਮਾਜ ਬਣਾਉਣ ਲਈ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਪੂਰੇ ਕਰਨ ਦੀ ਅਪੀਲ ਕੀਤੀ।

watch…..ਮੁੱਖ ਮੰਤਰੀ ਮਾਨ ਨੇ ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਮੱਥਾ ਟੇਕਿਆ

ਭਗਵੰਤ ਸਿੰਘ ਮਾਨ ਨੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਸੂਬਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾਉਣ ਦੇ ਮੌਕੇ ਨਾਲ ਭਾਗਾਂ ਵਾਲਾ ਹੈ। ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਚਰਨ ਛੋਹ ਵਾਲੇ ਅਸਥਾਨਾਂ ਲਈ ਵਿਕਾਸ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਕਾਸ ਅਤੇ ਤਰੱਕੀ ਲਈ ਇਤਿਹਾਸਕ ਫੈਸਲੇ ਲਏ ਹਨ। ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਕਈ ਗਰੰਟੀਆਂ ਪੂਰੀਆਂ ਕੀਤੀਆਂ ਗਈਆਂ।

ਉਨ੍ਹਾਂ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਜ਼ਿਕਰ ਕੀਤਾ, ਜਿਸ ਅਧੀਨ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਮਿਲੇਗਾ। ਇਸ ਵਿੱਚ ਕਿਸਾਨ, ਵਪਾਰੀ, ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਸ਼ਾਮਲ ਹਨ, ਬਿਨਾਂ ਕਿਸੇ ਆਮਦਨ ਹੱਦ ਦੇ। 881 ਆਮ ਆਦਮੀ ਕਲੀਨਿਕਾਂ ਵਿੱਚ ਰੋਜ਼ਾਨਾ 70,000 ਲੋਕ ਇਲਾਜ ਕਰਵਾਉਂਦੇ ਹਨ ਅਤੇ ਜਲਦੀ 200 ਹੋਰ ਕਲੀਨਿਕ ਖੋਲ੍ਹੇ ਜਾਣਗੇ।

ਸਿੱਖਿਆ ਖੇਤਰ ਵਿੱਚ, ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਪੰਜਾਬ ਨੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 848 ਸਕੂਲਾਂ ਦੇ ਵਿਦਿਆਰਥੀਆਂ ਨੇ ਨੀਟ, 265 ਨੇ ਜੇ.ਈ.ਈ. ਮੇਨਜ਼ ਅਤੇ 45 ਨੇ ਜੇ.ਈ.ਈ. ਐਡਵਾਂਸਡ ਪ੍ਰੀਖਿਆ ਪਾਸ ਕੀਤੀ। ਲੜਕੀਆਂ ਨੇ 8ਵੀਂ, 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਟਾਪ ਕੀਤਾ। ਸਰਕਾਰ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ, ਲਈ ਟਰਾਂਸਪੋਰਟ ਸਹੂਲਤ ਦੇ ਰਹੀ ਹੈ। ਅਧਿਆਪਕਾਂ ਨੂੰ ਸਿੰਗਾਪੁਰ, ਫ਼ਿਨਲੈਂਡ ਅਤੇ ਅਹਿਮਦਾਬਾਦ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। 115 ਸਕੂਲਾਂ ਦੇ ਨਾਮ ਸ਼ਹੀਦਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦੇ ਨਾਮ ’ਤੇ ਰੱਖੇ ਗਏ। ਆਈ.ਟੀ.ਆਈ. ਸੀਟਾਂ 35,000 ਤੋਂ ਵਧਾ ਕੇ 52,000 ਕੀਤੀਆਂ ਗਈਆਂ।

ਨਸ਼ਿਆਂ ਵਿਰੁੱਧ ਜੰਗ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਸਰਪ੍ਰਸਤੀ ਕਾਰਨ ਨਸ਼ੇ ਫੈਲੇ, ਪਰ ਸਾਡੀ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ। ਡਰੱਗ ਸਪਲਾਈ ਨੈੱਟਵਰਕ ਲਗਭਗ ਖ਼ਤਮ ਕੀਤਾ ਗਿਆ, ਡੀਲਰਾਂ ਦੀਆਂ ਜਾਇਦਾਦਾਂ ਢਾਹੀਆਂ ਗਈਆਂ, ਆਗੂਆਂ ਨੂੰ ਜੇਲ੍ਹ ਭੇਜਿਆ ਗਿਆ ਅਤੇ ਪਿੰਡਾਂ ਵਿੱਚ ਬਚਾਅ ਕਮੇਟੀਆਂ ਬਣਾਈਆਂ ਗਈਆਂ। 553 ਕਿਲੋਮੀਟਰ ਸਰਹੱਦ ’ਤੇ ਐਂਟੀ-ਡਰੋਨ ਸਿਸਟਮ ‘ਬਾਜ਼ ਅੱਖ’ ਤਾਇਨਾਤ ਕੀਤਾ ਗਿਆ। ਪੰਜਾਬ ਨੇ ਨਸ਼ਿਆਂ ਵਿਰੁੱਧ ਲੋਕ ਲਹਿਰ ਸ਼ੁਰੂ ਕਰਕੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਣ ਦੀ ਪਹਿਲ ਕੀਤੀ। ਐਂਟੀ-ਗੈਂਗਸਟਰ ਟਾਸਕ ਫੋਰਸ ਵੀ ਬਣਾਈ ਗਈ।

ਉਨ੍ਹਾਂ ਨੇ ਕਿਹਾ ਕਿ 55,000 ਤੋਂ ਵੱਧ ਸਰਕਾਰੀ ਨੌਕਰੀਆਂ ਮੈਰਿਟ ’ਤੇ ਦਿੱਤੀਆਂ ਗਈਆਂ। ਨਵੀਂ ਖੇਡ ਨੀਤੀ (2023) ਲਾਗੂ ਕੀਤੀ ਗਈ, 13,000 ਸਟੇਡੀਅਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 3,083 ਨਿਰਮਾਣ ਅਧੀਨ ਹਨ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ ਸਫਲਤਾਪੂਰਵਕ ਕਰਵਾਏ ਗਏ। ਫ਼ਰੀਦਕੋਟ ਦੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਰੁਪਿੰਦਰ ਸਿੰਘ ਅਤੇ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਪੰਜਾਬ ਦਾ ਮਾਣ ਵਧਾਇਆ।

ਮੁੱਖ ਮੰਤਰੀ ਨੇ ਕਿਹਾ ਕਿ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਜਿਸ ਨਾਲ ਪਰਿਵਾਰਾਂ ਦੀ 35,000 ਰੁਪਏ ਸਾਲਾਨਾ ਬੱਚਤ ਹੋ ਰਹੀ ਹੈ। ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਈਜ਼ੀ-ਰਜਿਸਟ੍ਰੇਸ਼ਨ ਅਤੇ ਈ-ਜਮ੍ਹਾਬੰਦੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। 1.14 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ ਨਾਲ 4.5 ਲੱਖ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। 24 ਸੈਕਟਰਲ ਕਮੇਟੀਆਂ ਉਦਯੋਗਿਕ ਨੀਤੀ ਲਈ ਸਥਾਪਤ ਕੀਤੀਆਂ ਗਈਆਂ।

ਸੜਕ ਸੁਰੱਖਿਆ ਫੋਰਸ ਨੇ ਸੜਕ ਹਾਦਸਿਆਂ ਵਿੱਚ 48 ਫੀਸਦੀ ਕਮੀ ਲਿਆਂਦੀ। 144 ਆਧੁਨਿਕ ਵਾਹਨ ਫੋਰਸ ਨੂੰ ਦਿੱਤੇ ਗਏ। ਸ਼ਹੀਦ ਸੈਨਿਕਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਵਾਤਾਵਰਣ ਪੱਖੀ ਪਹਿਲ ਵਜੋਂ 17,000 ਤੋਂ ਵੱਧ ਛੱਪੜਾਂ ਦੀ ਸਫ਼ਾਈ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ। ਪੰਜਾਬ ਰੂਰਲ ਟਰਾਂਸਫੋਰਮੇਸ਼ਨ ਫੈਲੋਸ਼ਿਪ ਨਾਲ 154 ਨੌਜਵਾਨ ਬਲਾਕ ਪੱਧਰ ’ਤੇ ਵਿਕਾਸ ਯੋਜਨਾਵਾਂ ਲਈ ਕੰਮ ਕਰਨਗੇ। ਸਕੂਲਾਂ ਵਿੱਚ ਨਸ਼ਿਆਂ ਵਿਰੋਧੀ ਸਿਲੇਬਸ ਸ਼ੁਰੂ ਕੀਤਾ ਗਿਆ। ਮੈਗਾ ਪੀ.ਟੀ.ਐਮ. ਵਿੱਚ 20 ਲੱਖ ਮਾਪਿਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਸਰਕਾਰੀ ਖ਼ਜ਼ਾਨੇ ਦਾ ਹਰ ਪੈਸਾ ਪੰਜਾਬੀਆਂ ਦੀ ਭਲਾਈ ਅਤੇ ਵਿਕਾਸ ਲਈ ਵਰਤਿਆ ਜਾ ਰਿਹਾ ਹੈ। ਨਸ਼ਿਆਂ ਵਿਰੁੱਧ ਜੰਗ ਵਿੱਚ ਵਧੀਆ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਲਈ ਇਨਾਮ ਨੀਤੀ s਼ੁਰੂ ਕੀਤੀ ਗਈ। ਪੰਜਾਬ ਪੁਲਿਸ ਵਿੱਚ ਭਰਤੀ ਅਤੇ ਤਰੱਕੀਆਂ ਸੁਚਾਰੂ ਕੀਤੀਆਂ ਗਈਆਂ।

ਮੁੱਖ ਮੰਤਰੀ ਨੇ ਸਮਾਜ ਦੇ ਸਾਰੇ ਵਰਗਾਂ, ਖਾਸ ਕਰਕੇ ਦੱਬੇ-ਕੁਚਲੇ ਲੋਕਾਂ ਲਈ ਭਲਾਈ ਸਕੀਮਾਂ ਦਾ ਜ਼ਿਕਰ ਕੀਤਾ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ। ਨਹਿਰੀ ਪ੍ਰਣਾਲੀ ਨੂੰ ਸੁਰਜੀਤ ਕਰਕੇ ਕਿਸਾਨਾਂ ਨੂੰ ਪਾਣੀ ਮੁਹੱਈਆ ਕੀਤਾ ਗਿਆ ਅਤੇ ਧਰਤੀ ਹੇਠਲਾ ਪਾਣੀ ਬਚਾਇਆ ਗਿਆ।

ਉਨ੍ਹਾਂ ਨੇ ਪਰੇਡ ਕਮਾਂਡਰ ਗਜ਼ਲਪ੍ਰੀਤ ਕੌਰ ਆਈ.ਪੀ.ਐਸ. ਦੀ ਅਗਵਾਈ ਵਿੱਚ ਬੀ.ਐਸ.ਐਫ., ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ, ਹੋਮ ਗਾਰਡ, ਰਾਜਸਥਾਨ ਆਰਮਡ ਪੁਲਿਸ, ਐਨ.ਸੀ.ਸੀ., ਪੀ.ਏ.ਪੀ. ਪਾਈਪ ਅਤੇ ਬ੍ਰਾਸ ਬੈਂਡ ਦੀਆਂ ਟੁਕੜੀਆਂ ਦੇ ਮਾਰਚ ਪਾਸਟ ਦੀ ਸਲਾਮੀ ਲਈ।

ਸਮਾਗਮ ਵਿੱਚ ਸੱਤ ਝਾਕੀਆਂ ਨੇ ਉਦਯੋਗਿਕ ਪ੍ਰਮੋਸ਼ਨ, ਮਨਰੇਗਾ, ਮਾਰਕਫੈੱਡ, ਡੇਅਰੀ ਵਿਕਾਸ, ਆਮ ਆਦਮੀ ਕਲੀਨਿਕ, ਫ਼ਸਲੀ ਵਿਭਿੰਨਤਾ ਅਤੇ ਖੇਡਾਂ ਵਤਨ ਪੰਜਾਬ ਦੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ। ਸਕੂਲੀ ਵਿਦਿਆਰਥੀਆਂ ਨੇ ਪੀ.ਟੀ. ਸ਼ੋਅ, ਟੈਂਟ ਪੈੱਗਿੰਗ, ਗਿੱਧਾ, ਭੰਗੜਾ ਅਤੇ ਹੋਰ ਲੋਕ ਨਾਚ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।

ਮੁੱਖ ਮੰਤਰੀ ਨੇ ਸੁਤੰਤਰਤਾ ਸੈਨਾਨੀ ਨਿਹਾਲ ਸਿੰਘ, ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ, ਕਾਰਗਿਲ ਜੰਗ ਦੇ ਨਾਇਕਾਂ ਅਤੇ ਸ਼ਹੀਦ ਸਿਪਾਹੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ।

LEAVE A RESPONSE

Your email address will not be published. Required fields are marked *