Homeਪੰਜਾਬੀਖੇਡਾਂਬਠਿੰਡਾ ਤੋਂ ਸ਼ੁਰੂ, ਪਟਿਆਲਾ ਵਿੱਚ ਸਮਾਪਤ ਹੋਣਗੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’

ਬਠਿੰਡਾ ਤੋਂ ਸ਼ੁਰੂ, ਪਟਿਆਲਾ ਵਿੱਚ ਸਮਾਪਤ ਹੋਣਗੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’

- Advertisement -spot_img

ਚੰਡੀਗੜ੍ਹ, 19 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਐਡੀਸ਼ਨ 5 ਸਤੰਬਰ ਤੋਂ 29 ਨਵੰਬਰ 2026 ਤੱਕ ਕਰਵਾਇਆ ਜਾਵੇਗਾ। ਇਸ ਵਾਰ 10 ਲੱਖ ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਮਹਾਂਕੁੰਭ ਬਣੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਖੇਡ ਮੇਲੇ ਦਾ ਉਦਘਾਟਨ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੋਵੇਗਾ, ਜਦਕਿ ਸਮਾਪਤੀ ਸਮਾਰੋਹ 29 ਨਵੰਬਰ ਨੂੰ ਪਟਿਆਲਾ ਵਿੱਚ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲੈ ਜਾਣਾ ਸਰਕਾਰ ਦੀ ਮੁੱਖ ਤਰਜੀਹ ਹੈ।

ਸੋਸ਼ਲ ਮੀਡੀਆ ‘ਐਕਸ’ ਉੱਤੇ ਪੋਸਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਰੌਸ਼ਨ ਭਵਿੱਖ ਵੱਲ ਲੈ ਜਾਣ ਲਈ ਵਚਨਬੱਧ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਲੁਕੀ ਹੋਈ ਖੇਡ ਪ੍ਰਤਿਭਾ ਨੂੰ ਖੋਜਣ ਅਤੇ ਨਿਖਾਰਨ ਲਈ ਸਭ ਤੋਂ ਵਧੀਆ ਮੰਚ ਸਾਬਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਤੱਕ ਦੇ ਖਿਡਾਰੀ ਨੌਂ ਵੱਖ-ਵੱਖ ਉਮਰ ਵਰਗਾਂ ਵਿੱਚ ਹਿੱਸਾ ਲੈਣਗੇ।

ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ 38 ਖੇਡ ਵੰਨਗੀਆਂ ਅਤੇ ਚਾਰ ਪੈਰਾ ਖੇਡਾਂ—ਪੈਰਾ ਅਥਲੈਟਿਕਸ, ਪੈਰਾ ਪਾਵਰਲਿਫਟਿੰਗ, ਪੈਰਾ ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ—ਦੇ ਮੁਕਾਬਲੇ ਕਰਵਾਏ ਜਾਣਗੇ। ਪਹਿਲੀ ਵਾਰ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਟੈਨਿਸ ਬਾਲ ਕ੍ਰਿਕਟ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਪਹਿਲੀ ਵਾਰ ਕੋਡ ਆਧਾਰਿਤ ਆਨਲਾਈਨ ਰਜਿਸਟ੍ਰੇਸ਼ਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਖਿਡਾਰੀ ਖੇਡ ਵਿਭਾਗ ਦੇ ਪੋਰਟਲ ਰਾਹੀਂ ਵੀ ਆਸਾਨੀ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਉੱਤੇ ਕਰਵਾਏ ਜਾਣਗੇ ਅਤੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਅਤੇ 153 ਬਲਾਕਾਂ ਨੂੰ ਕਵਰ ਕੀਤਾ ਜਾਵੇਗਾ। ਰਾਜ ਪੱਧਰੀ ਖੇਡਾਂ 16 ਜ਼ਿਲ੍ਹਿਆਂ ਵਿੱਚ ਤਿੰਨ ਗੇੜਾਂ ਦੌਰਾਨ 10 ਅਕਤੂਬਰ ਤੋਂ 23 ਨਵੰਬਰ ਤੱਕ ਕਰਵਾਈਆਂ ਜਾਣਗੀਆਂ, ਜਦਕਿ ਪੈਰਾ ਖੇਡਾਂ 25 ਤੋਂ 28 ਨਵੰਬਰ ਤੱਕ ਲੁਧਿਆਣਾ ਵਿੱਚ ਹੋਣਗੀਆਂ।

ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਰਾਜ ਪੱਧਰ ਦੇ ਸੋਨ ਤਗਮਾ ਜੇਤੂਆਂ ਨੂੰ 10,000 ਰੁਪਏ, ਚਾਂਦੀ ਤਗਮਾ ਜੇਤੂਆਂ ਨੂੰ 7,000 ਰੁਪਏ ਅਤੇ ਕਾਂਸੀ ਤਗਮਾ ਜੇਤੂਆਂ ਨੂੰ 5,000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। 40 ਸਾਲ ਤੱਕ ਦੀ ਉਮਰ ਦੇ ਤਗਮਾ ਜੇਤੂਆਂ ਨੂੰ ਗ੍ਰੇਡੇਸ਼ਨ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ, ਜਿਸ ਨਾਲ ਉਹ ਸਰਕਾਰੀ ਨੌਕਰੀਆਂ ਵਿੱਚ ਖੇਡ ਕੋਟੇ ਦਾ ਲਾਭ ਲੈ ਸਕਣਗੇ।

watch…..ਇੰਡੀਅਨ ਕ੍ਰਿਕਟਰ ਮਨਪ੍ਰੀਤ ਗੋਨੀ ਅਤੇ ਗੋਲਡ ਮੈਡਲਿਸਟ ਕੁਨਾਰ ‘ਆਪ’ ਵਿੱਚ ਸ਼ਾਮਲ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਰਿਕਾਰਡ ਬਜਟ ਰੱਖਿਆ ਹੈ। ਸੂਬੇ ਵਿੱਚ 3,148 ਖੇਡ ਮੈਦਾਨਾਂ ਅਤੇ 6,000 ਜਿਮਾਂ ਦੇ ਵਿਕਾਸ ਦੇ ਨਾਲ-ਨਾਲ ਖੇਡ ਮੈਡੀਸਨ ਅਤੇ ਖਿਡਾਰੀਆਂ ਦੀ ਤਿਆਰੀ ਉੱਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਓਲੰਪਿਕ ਖਿਡਾਰੀਆਂ ਲਈ 15 ਲੱਖ ਰੁਪਏ ਅਤੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ 8 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਿਲੇ ਤਿੰਨ ਸੀਜ਼ਨਾਂ ਦੌਰਾਨ 25.51 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਅਤੇ ਹਜ਼ਾਰਾਂ ਖਿਡਾਰੀਆਂ ਨੇ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਨਵੀਂ ਪਛਾਣ ਦਿੱਤੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪੰਜਾਬ ਨੂੰ ਮੁੜ ਦੇਸ਼ ਦਾ ਮੋਹਰੀ ਖੇਡ ਸੂਬਾ ਬਣਾਉਣਾ ਹੈ। ਉਨ੍ਹਾਂ ਸਾਰੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਇਸ ਖੇਡ ਮਹਾਂਉਤਸਵ ਦਾ ਹਿੱਸਾ ਬਣਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here