ਚੰਡੀਗੜ੍ਹ, 6 ਅਕਤੂਬਰ
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਤਾਇਨਾਤ ਸਬ-ਡਿਵੀਜ਼ਨਲ ਇੰਜੀਨੀਅਰ (SDE) ਅਗਮਜੋਤ ਸਿੰਘ ਨੂੰ 30,000 ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਵੱਲੋਂ ਕੁੱਲ 1.25 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਜਲੰਧਰ ਰੇਂਜ ਵਿਜੀਲੈਂਸ ਬਿਊਰੋ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਬ-ਡਿਵੀਜ਼ਨ ਨੰਬਰ 2, ਕਪੂਰਥਲਾ ਵਿੱਚ ਸਬ-ਡਿਵੀਜ਼ਨਲ ਕਲਰਕ ਵਜੋਂ ਤਾਇਨਾਤ ਹੈ।
ਬੁਲਾਰੇ ਅਨੁਸਾਰ, 5 ਅਕਤੂਬਰ 2026 ਨੂੰ ਮੁਲਜ਼ਮ SDE ਅਗਮਜੋਤ ਸਿੰਘ ਨੇ ਸ਼ਿਕਾਇਤਕਰਤਾ ਦੀ ਬਦਲੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਚੱਕੋਕੀ ਵਿਖੇ ਵਾਟਰ ਸਪਲਾਈ ਸਕੀਮ ਵਿੱਚ ਕਰ ਦਿੱਤੀ ਸੀ। ਨਵੀਂ ਤਾਇਨਾਤੀ ਉਸ ਦੇ ਘਰ ਤੋਂ ਕਾਫ਼ੀ ਦੂਰ ਹੋਣ ਕਾਰਨ ਸ਼ਿਕਾਇਤਕਰਤਾ ਨੇ ਆਪਣੀ ਬਦਲੀ ਰੱਦ ਜਾਂ ਰੋਕਣ ਲਈ ਅਗਮਜੋਤ ਸਿੰਘ ਨੂੰ ਮੌਖਿਕ ਬੇਨਤੀ ਕੀਤੀ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਸਹਿਕਰਮੀ ਅਮਰਿੰਦਰ ਸਿੰਘ, ਫਿਟਰ ਹੈਲਪਰ, ਨੇ ਉਸ ਨੂੰ ਦੱਸਿਆ ਕਿ ਬਦਲੀ ਰੋਕਣ ਲਈ ਅਗਮਜੋਤ ਸਿੰਘ ਵੱਲੋਂ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਇਸ ਉਪਰੰਤ ਅਮਰਿੰਦਰ ਸਿੰਘ ਨੇ ਫੋਨ ’ਤੇ ਅਗਮਜੋਤ ਸਿੰਘ ਨਾਲ ਸੰਪਰਕ ਕੀਤਾ, ਜਿਸ ਨੇ ਬਦਲੀ ਰੋਕਣ ਦੇ ਬਦਲੇ 1.25 ਲੱਖ ਰੁਪਏ ਦੀ ਮੰਗ ਕੀਤੀ ਅਤੇ ਇਹ ਰਕਮ ਕਿਸ਼ਤਾਂ ਵਿੱਚ ਦੇਣ ਲਈ ਕਿਹਾ। ਰਿਸ਼ਵਤ ਦੀ ਮੰਗ ਸਬੰਧੀ ਗੱਲਬਾਤ ਅਮਰਿੰਦਰ ਸਿੰਘ ਨੇ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਲਈ।
watch……12 ਅਕਤੂਬਰ ਦੀ ਅੰਤਿਮ ਸੂਚੀ ਦੀ ਉਡੀਕ ਨਾ ਕਰੋ, ਨਾਂ ਨਾ ਹੋਣ ’ਤੇ ਤੁਰੰਤ Form-6 ਭਰੋ: ਸਿੱਧੂ
ਰਿਸ਼ਵਤ ਦੇਣ ਲਈ ਤਿਆਰ ਨਾ ਹੋਣ ’ਤੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਕੋਲ ਸ਼ਿਕਾਇਤ ਕੀਤੀ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ। ਇਸ ਦੌਰਾਨ ਮੁਲਜ਼ਮ SDE ਅਗਮਜੋਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਸ ਕੋਲੋਂ ਰਿਸ਼ਵਤ ਦੀ 30,000 ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਗਈ।
ਵਿਜੀਲੈਂਸ ਬਿਊਰੋ ਦੇ ਥਾਣਾ ਰੇਂਜ ਜਲੰਧਰ ਵਿਖੇ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।





