Onnline TV

ਪੰਜਾਬ ਪੰਜਾਬੀ

ਮੁੱਖ ਮੰਤਰੀ ਸਿਹਤ ਯੋਜਨਾ ਬਿਨਾਂ ਸ਼ਰਤਾਂ ਵਾਲੀ, ਆਯੂਸ਼ਮਨ ਭਾਰਤ ਵਿੱਚ ਪਾਬੰਦੀਆਂ—ਫਰਕ ਇਰਾਦੇ ਵਿੱਚ ਹੈ: ਮੁੱਖ ਮੰਤਰੀ ਮਾਨ

• ਪਿਛਲੇ ਦਹਾਕਿਆਂ ਵਿੱਚ ਜਿੰਨੇ ਡਾਕਟਰ ਭਰਤੀ ਹੋਏ, ਉਨੇ ‘ਆਪ’ ਸਰਕਾਰ ਨੇ ਚਾਰ ਸਾਲਾਂ ਵਿੱਚ ਭਰਤੀ ਕੀਤੇ ਹਨ, ਪੰਜਾਬ ਦੀ ਲੰਬੇ ਸਮੇਂ ਤੋਂ ਅਣਗੌਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਠੀਕ ਕੀਤਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

• ਪੰਜ ਕਰੋੜ ਤੋਂ ਵੱਧ ਓ.ਪੀ.ਡੀ. ਨਾਲ ਆਮ ਆਦਮੀ ਕਲੀਨਿਕ ਸਿਹਤ ਸੰਭਾਲ ਦੀ ਰੀੜ੍ਹ ਦੀ ਹੱਡੀ ਬਣ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

• ਆਮ ਆਦਮੀ ਕਲੀਨਿਕਾਂ ਤੋਂ 94 ਫੀਸਦੀ ਮਰੀਜ਼ ਸੰਤੁਸ਼ਟ ਹਨ, ‘ਆਪ’ ਸਰਕਾਰ ਦੇ ਸਿਹਤ ਸੰਭਾਲ ਮਾਡਲ ਨੇ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

• 883 ਆਮ ਆਦਮੀ ਕਲੀਨਿਕ ਪਹਿਲਾਂ ਹੀ ਕਾਰਜਸ਼ੀਲ ਹਨ, ਮੁਫ਼ਤ ਇਲਾਜ ਦੀ ਪਹੁੰਚ ਵਧਾਉਣ ਲਈ 400 ਹੋਰ ਕਲੀਨਿਕ ਬਣਾਏ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

• ਮਿਸ਼ਨ ਅੰਮ੍ਰਿਤ 23 ਜ਼ਿਲ੍ਹਿਆਂ ਵਿੱਚ ਦਿਲ ਦੇ ਦੌਰੇ ਦੇ ਹਜ਼ਾਰਾਂ ਮਰੀਜ਼ਾਂ ਨੂੰ ਬਚਾਉਣ ਵਿੱਚ ਮਦਦ ਕਰ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

• ਏ.ਆਈ.-ਆਧਾਰਤ ਕੈਂਸਰ ਸਕਰੀਨਿੰਗ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ, ‘ਆਪ’ ਸਰਕਾਰ ਨੇ ਸਿਹਤ ਸੰਭਾਲ ਵਿੱਚ ਅਤਿ-ਆਧੁਨਿਕ ਤਕਨਾਲੋਜੀ ਲਿਆਂਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

• 2026 ਤੱਕ ਚਾਰ ਸ਼ਹਿਰਾਂ ਵਿੱਚ ਪੀ.ਈ.ਟੀ. ਸਕੈਨ ਸਹੂਲਤ ਸ਼ੁਰੂ ਕੀਤੀ ਜਾਵੇਗੀ, ਕੈਂਸਰ ਦੇ ਇਲਾਜ ਤੱਕ ਪਹੁੰਚ ਨੂੰ ਮਜ਼ਬੂਤ ਕੀਤਾ ਜਾਵੇਗਾ: ਭਗਵੰਤ ਸਿੰਘ ਮਾਨ

• ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪੰਜਾਬ ਨੂੰ ਸਿਹਤਮੰਦ ਨਹੀਂ ਦੇਖਣਾ ਚਾਹੁੰਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

• ਪਿਛਲੇ ਚਾਰ ਸਾਲਾਂ ਦਾ ਸਿਹਤ ਵਿਭਾਗ ਦਾ ਰਿਪੋਰਟ ਕਾਰਡ ਪੇਸ਼ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 20 ਮਾਰਚ

‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਲੜੀ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤ ਖੇਤਰ ਦਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਤੋਂ ਪਹਿਲਾਂ ਖੇਤੀਬਾੜੀ ਅਤੇ ਸਿੰਚਾਈ ਵਿੱਚ ‘ਆਪ’ ਸਰਕਾਰ ਦੇ ਕੰਮ ਦਾ ਵੇਰਵਾ ਦਿੱਤਾ ਗਿਆ ਸੀ। ‘ਸ਼ਰਤਾਂ ਵਾਲੀ’ ਆਯੂਸ਼ਮਨ ਭਾਰਤ ਅਤੇ ‘ਆਪ’ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿਚਕਾਰ ਫਰਕ ਦਰਸਾਉਂਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਸਰਬ-ਵਿਆਪਕ ਅਤੇ ਪਹੁੰਚਯੋਗ ਸਿਹਤ ਸੰਭਾਲ ਦੇ ਮਾਡਲ ਵਜੋਂ ਪੇਸ਼ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਫਰਕ ਇਰਾਦੇ ਅਤੇ ਡਿਲੀਵਰੀ ਵਿੱਚ ਹੈ।

ਡੇਟਾ-ਆਧਾਰਤ ਨਤੀਜੇ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ‘ਆਪ’ ਸਰਕਾਰ ਐਲਾਨਾਂ ਤੋਂ ਅੱਗੇ ਵਧ ਕੇ ਜ਼ਮੀਨੀ ਪੱਧਰ ’ਤੇ ਸਪੱਸ਼ਟ ਬਦਲਾਅ ਲਿਆ ਰਹੀ ਹੈ। ਇਸ ਵਿੱਚ ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਤੱਕ ਨਕਦ ਰਹਿਤ ਇਲਾਜ ਦੀ ਗਰੰਟੀ ਤੋਂ ਲੈ ਕੇ ਇੱਕ ਅਜਿਹੀ ਪ੍ਰਣਾਲੀ ਬਣਾਈ ਜਾ ਰਹੀ ਹੈ ਜਿਸ ਨੂੰ ਲੋਕ ਸਰਗਰਮੀ ਨਾਲ ਵਰਤ ਰਹੇ ਹਨ ਅਤੇ ਭਰੋਸਾ ਕਰਦੇ ਹਨ। ਗਲਤ ਜਾਣਕਾਰੀ ਫੈਲਾਉਣ ਵਾਲਿਆਂ ’ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬ ਨੂੰ ਸਿਹਤਮੰਦ ਨਹੀਂ ਦੇਖਣਾ ਚਾਹੁੰਦੇ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸਾਰਿਆਂ ਦੀ ਭਲਾਈ ਲਈ ਵਿਆਪਕ ਸਿਹਤ ਸੰਭਾਲ ਸਕੀਮ ਹੈ ਅਤੇ ਇਸ ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬ ਨੂੰ ਸਿਹਤਮੰਦ ਨਹੀਂ ਦੇਖਣਾ ਚਾਹੁੰਦੇ।” ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਇਹ ਯੋਜਨਾ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਹੈ ਕਿ ਸਾਰੇ ਨਿਵਾਸੀਆਂ, ਖਾਸ ਕਰਕੇ ਕਮਜ਼ੋਰ ਵਰਗਾਂ ਨੂੰ ਮਿਆਰੀ ਇਲਾਜ ਤੱਕ ਸਿੱਧੀ ਪਹੁੰਚ ਮਿਲੇ। ਉਨ੍ਹਾਂ ਅੱਗੇ ਕਿਹਾ, “ਵਿਆਪਕ ਸਿਹਤ ਸੰਭਾਲ ਲਈ ਅਸੀਂ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ, ਜੋ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ। ਇਹ ਪੰਜਾਬ ਵਾਸੀ ਹਰੇਕ ਪਰਿਵਾਰ ਲਈ 10 ਲੱਖ ਤੱਕ ਦਾ ਨਕਦ ਰਹਿਤ ਡਾਕਟਰੀ ਇਲਾਜ ਮੁਹੱਈਆ ਕਰਦੀ ਹੈ।”

ਇਸ ਨੂੰ ਮਾਣ ਵਾਲੀ ਗੱਲ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਅਜਿਹਾ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਨ ਵਾਲਾ ਪਹਿਲਾ ਭਾਰਤੀ ਸੂਬਾ ਹੈ, ਜੋ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਂਦੇ ਹੋਏ ਜਨਤਾ ’ਤੇ ਵਿੱਤੀ ਬੋਝ ਨੂੰ ਕਾਫੀ ਹੱਦ ਤੱਕ ਘਟਾ ਰਿਹਾ ਹੈ।” ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਸਰਕਾਰੀ ਕਰਮਚਾਰੀਆਂ, ਪੈਨਸ਼ਨਰਾਂ ਅਤੇ ਸਾਰੇ ਨਾਗਰਿਕਾਂ ਨੂੰ ਸੁਵਿਧਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਜਾਂ ਆਧਾਰ/ਵੋਟਰ ਕਾਰਡਾਂ ਦੀ ਵਰਤੋਂ ਕਰਕੇ ਆਨਲਾਈਨ ਰਜਿਸਟਰੇਸ਼ਨ ਰਾਹੀਂ ਸਿਹਤ ਕਾਰਡ ਬਣਾਉਣ ਨਾਲ ਸਰਬ-ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ, “ਇਸ ਯੋਜਨਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਲੋਕ ਵੱਡੀ ਗਿਣਤੀ ਵਿੱਚ ਲਾਭ ਲੈਣ ਲਈ ਅੱਗੇ ਆ ਰਹੇ ਹਨ, ਜਿਸ ਨਾਲ ਉਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਨੂੰ ਇਲਾਜ ’ਤੇ ਵੱਡੀ ਰਕਮ ਖਰਚਣੀ ਪੈਂਦੀ ਸੀ।”

ਅਫਵਾਹਾਂ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਕੁਝ ਪੰਜਾਬ ਵਿਰੋਧੀ ਤਾਕਤਾਂ ਜੋ ਨਹੀਂ ਚਾਹੁੰਦੀਆਂ ਕਿ ਲੋਕ ਅਜਿਹੀਆਂ ਸਹੂਲਤਾਂ ਦਾ ਲਾਭ ਲੈਣ, ਉਹ ਇਸ ਯੋਜਨਾ ਬਾਰੇ ਅਫਵਾਹਾਂ ਫੈਲਾ ਰਹੀਆਂ ਹਨ। ਅਜਿਹੇ ਅਨਸਰਾਂ ਦਾ ਉਦੇਸ਼ ਲੋਕਾਂ ਨੂੰ ਇਸ ਦਾ ਲਾਭ ਲੈਣ ਤੋਂ ਵਾਂਝਾ ਕਰਨਾ ਹੈ, ਜੋ ਗੈਰ-ਵਾਜਬ ਹੈ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਅਧੀਨ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਹੈ, ਜਿੱਥੇ ਸਰਕਾਰ ਵੱਲੋਂ ਨਿਰਧਾਰਤ ਦਰਾਂ ’ਤੇ ਲਗਭਗ 2,356 ਬਿਮਾਰੀਆਂ/ਪ੍ਰਕਿਰਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ।

watch…ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ

ਕੇਂਦਰ ਦੀ ਆਯੂਸ਼ਮਨ ਯੋਜਨਾ ਨਾਲ ਤੁਲਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ ਹੈ, ਜਦਕਿ ਆਯੂਸ਼ਮਨ ਇੱਕ ਦਿਖਾਵਾ ਹੈ।” ਉਨ੍ਹਾਂ ਸਮਝਾਇਆ ਕਿ ਕੇਂਦਰ ਨੇ 140 ਕਰੋੜ ਦੀ ਆਬਾਦੀ ਲਈ ਸਿਰਫ਼ 9,300 ਕਰੋੜ ਰੁਪਏ ਅਲਾਟ ਕੀਤੇ ਹਨ, ਜਦਕਿ ਪੰਜਾਬ ਨੇ ਸਿਰਫ਼ ਤਿੰਨ ਕਰੋੜ ਲੋਕਾਂ ਲਈ 2,000 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਦਾ ਮਤਲਬ ਹੈ ਕਿ ਪੰਜਾਬ ਪ੍ਰਤੀ ਵਿਅਕਤੀ ਲਗਭਗ ਦਸ ਗੁਣਾ ਜ਼ਿਆਦਾ ਖਰਚ ਕਰ ਰਿਹਾ ਹੈ। ਆਯੂਸ਼ਮਨ ਦੇ ਉਲਟ ਸਾਡੀ ਯੋਜਨਾ ਵਿੱਚ ਕੋਈ ਸ਼ਰਤ ਵੀ ਨਹੀਂ ਹੈ।

ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ, “ਪੰਜਾਬ ਅਤੇ ਚੰਡੀਗੜ੍ਹ ਦੇ ਲਗਭਗ 900 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਕੀਮ ਦੇ ਘੇਰੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ 25 ਲੱਖ ਲਾਭਪਾਤਰੀਆਂ ਨੂੰ ਰਜਿਸਟਰ ਕੀਤਾ ਗਿਆ ਹੈ। ਇਸ ਤਹਿਤ 1.6 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਇਲਾਜ ਪ੍ਰਾਪਤ ਕਰ ਚੁੱਕੇ ਹਨ।” ਉਨ੍ਹਾਂ ਅੱਗੇ ਕਿਹਾ, “2025-26 ਲਈ 1,200 ਕਰੋੜ ਅਲਾਟ ਕੀਤੇ ਗਏ ਸਨ ਅਤੇ 2026-27 ਲਈ 2,000 ਕਰੋੜ ਰੱਖੇ ਗਏ ਹਨ। ਇਹ ਯੋਜਨਾ 2,356 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ ਨੂੰ ਕਵਰ ਕਰਦੀ ਹੈ, ਜਿਸ ਵਿੱਚ ਆਰਥੋਪੈਡਿਕਸ, ਜਨਰਲ ਮੈਡੀਸਨ, ਦਿਲ, ਫੇਫੜੇ, ਗੁਰਦੇ ਦੀਆਂ ਬਿਮਾਰੀਆਂ, ਕੈਂਸਰ ਦਾ ਇਲਾਜ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।”

ਸਿਹਤ ਵਿਭਾਗ ਦਾ ਚਾਰ ਸਾਲਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਭਰ ਵਿੱਚ 883 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ 28 ਮਾਰਚ ਨੂੰ 100 ਹੋਰ ਕਲੀਨਿਕ ਸਮਰਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ 400 ਕਲੀਨਿਕ ਨਿਰਮਾਣ ਅਧੀਨ ਹਨ। ਇਨ੍ਹਾਂ ਕਲੀਨਿਕਾਂ ਵਿੱਚ 47 ਟੈਸਟ ਅਤੇ 107 ਦਵਾਈਆਂ ਮੁਫ਼ਤ ਉਪਲਬਧ ਹਨ, ਜਿਸ ਵਿੱਚ ਮਰੀਜ਼ਾਂ ਦੀ ਤਸੱਲੀ ਦੀ ਦਰ 94 ਫੀਸਦੀ ਹੈ।”

LEAVE A RESPONSE

Your email address will not be published. Required fields are marked *