
— ਸੂਬੇ ਭਰ ਦੀਆਂ ਮੰਡੀਆਂ ਵਿੱਚ 76.88 ਲੱਖ ਮੀਟ੍ਰਿਕ ਟਨ ਕਣਕ ਦੀ ਹੋ ਚੁੱਕੀ ਆਮਦ, 72.62 ਲੱਖ ਮੀਟ੍ਰਿਕ ਟਨ ਕਣਕ ਦੀ ਹੋ ਗਈ ਖਰੀਦ
— ਕਿਸਾਨਾਂ ਨੂੰ ਨਹੀ ਪੇਸ਼ ਆ ਰਹੀ ਕੋਈ ਮੁਸ਼ਕਲ, ਮੰਡੀਆਂ ਵਿੱਚ ਕੀਤੇ ਗਏ ਹਨ ਪੁਖਤਾ ਪ੍ਰਬੰਧ – ਸ. ਹਰਚੰਦ ਸਿੰਘ ਬਰਸਟ
ਪਟਿਆਲਾ (27 ਅਪ੍ਰੈਲ)
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪਟਿਆਲਾ-ਸਨੌਰ ਰੋਡ ਸਥਿਤ ਅਨਾਜ਼ ਮੰਡੀ ਦਾ ਦੌਰਾ ਕਰਕੇ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 76.88 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ਵਿੱਚੋਂ 72.62 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ।
ਬਰਸਟ ਨੇ ਅੱਗੇ ਦੱਸਿਆ ਕਿ ਵਾਢੀ ਵਿੱਚ ਦੇਰੀ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਵਿੱਚ ਮੱਠੀ ਸੀ ਅਤੇ ਹੁਣ ਆਮਦ ਤੇਜ਼ ਹੋ ਗਈ ਹੈ ਤੇ ਸੂਬਾ ਸਰਕਾਰ ਇਸ ਸਬੰਧੀ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਮੰਡੀ ਬੋਰਡ ਵੱਲੋਂ ਕਿਸਾਨਾਂ, ਆੜਤੀਆਂ, ਮਜਦੂਰਾਂ ਦੀ ਸੁਵਿਧਾਵਾਂ ਨੂੰ ਮੁੱਖ ਰਖਦੇ ਹੋ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਮੰਡੀ ਬੋਰਡ ਦੇ ਅਫਸਰਾਂ ਦੀਆਂ ਡਿਊਟੀਆਂ ਲਗਾ ਕੇ ਖਰੀਦ ਪ੍ਰਬੰਧਾਂ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਮੱਸਿਆਵਾਂ ਅਤੇ ਕਮੀਆਂ ਨੂੰ ਤੁਰੰਤ ਮੌਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਵਿਖੇ ਬੀਤੇ ਦਿਨ ਤੱਕ 805774 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਇਸ ਵਿੱਚੋਂ 803005 ਮੀਟ੍ਰਿਕ ਟਨ ਕਣਕ ਦੀ ਖਰੀਦ ਵੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦੀ ਤੁਰੰਤ ਖਰੀਦ ਅਤੇ ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਸਿੰਗਲਾ, ਪ੍ਰਧਾਨ ਆੜਤੀ ਐਸੋਸੀਏਸ਼ਨ, ਐਡਵੋਕੇਟ ਗਗਨ ਇੰਦਰ ਸਿੰਘ ਬਰਸਟ, ਪ੍ਰਦੀਪ ਸਿੰਗਲਾ, ਡਾਇਰੈਕਟਰ, ਐਡਵੋਕੇਟ ਸ਼ਗੁਨ ਸਿੰਗਲਾ, ਹਰਿੰਦਰ ਸਿੰਘ ਧਬਲਾਨ, ਅਜੈਪਾਲ ਸਿੰਘ ਬਰਾੜ ਜਿਲ੍ਹਾ ਮੰਡੀ ਅਫ਼ਸਰ, ਪ੍ਰਭਲੀਨ ਚੀਮਾ ਸਕੱਤਰ, ਸੰਦੀਪ ਸ਼ਰਮਾ ਇੰਸਪੈਕਟਰ ਵੇਅਰਹਾਊਸ, ਕੁਲਬੀਰ ਸਿੰਘ ਇੰਸਪੈਕਟਰ ਪਨਗਰੇਨ, ਸ਼ਾਮ ਲਾਲ ਦੱਤ, ਸ਼ੁਭਮ ਮਾਣਾ, ਗੋਪੀ ਸਿੱਧੂ, ਵੀਰ ਦਵਿੰਦਰ ਸਿੰਘ ਖੇੜੀ ਭੀਮਾ, ਜਗਦੀਸ਼ ਕੁਮਾਰ, ਗੁਰਚਰਨ ਸਿੰਘ, ਮਨੋਜ ਕੁਮਾਰ, ਅਨਿਲ ਗੋਇਲ, ਨਰੇਸ਼ ਪਿੰਕੀ, ਸਤੀਸ਼ ਕੁਮਾਰ, ਬਿੱਟੂ, ਲਾਡੀ,ਦਰਸ਼ਨ ਲਾਲ, ਨਰੇਸ਼ ਸੁਖੀਜਾ, ਕਰਨ, ਸੋਨੂੰ ਵੀ ਹਾਜ਼ਰ ਸਨ।

