-ਜੀ.ਆਰ.ਪੀ. ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਖੁਦ ਸਾਈਕਲ ਚਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ
ਪਟਿਆਲਾ, 19 ਦਸੰਬਰ:
ਰੇਲਵੇ ਪੁਲਿਸ ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਅੱਜ ਇੱਕ ਵਿਲੱਖਣ ਪਹਿਲਕਦਮੀ ਕਰਦਿਆਂ ਪਟਿਆਲਾ ਸ਼ਹਿਰ ਵਿੱਚ ਖੁਦ ਸਾਈਕਲ ਚਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਅੱਜ ਇੱਥੇ ਜੀ.ਆਰ.ਪੀ. ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਨਸ਼ਿਆਂ ਦੀ ਭਿਆਨਕ ਸਮੱਸਿਆ ਖਿਲਾਫ਼ ਜਾਗਰੂਕਤਾ ਫੈਲਾਉਣ ਲਈ ਕੱਢੀ ਗਈ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਸਮੇਂ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਰੇਲਵੇ ਪੁਲਿਸ ਨੇ ਵੀ ਆਪਣਾ ਯੋਗਦਾਨ ਪਾਇਆ ਹੈ।
ਦਿਵੇਦੀ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਦੀ ਸਰੀਰਕ ਤੰਦਰੁਸਤੀ ਅਤੇ ਖੇਡਾਂ ਵੱਲ ਰੁਚੀ ਵਧਾਉਣ ਲਈ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇਹ ਸਾਈਕਲ ਰੈਲੀ ਪਟਿਆਲਾ ਦਫ਼ਤਰ ਤੋਂ ਸ਼ੁਰੂ ਹੋ ਕੇ ਫੁਆਰਾ ਚੌਕ, ਪੋਲੋ ਗਰਾਊਂਡ ਰੋਡ, ਮਹਿੰਦਰਾ ਕਾਲਜ, ਐਨ.ਆਈ.ਐਸ. ਚੌਂਕ, ਵਾਈ.ਪੀ.ਐਸ. ਚੌਂਕ ਅਤੇ ਠੀਕਰੀ ਵਾਲਾ ਚੌਂਕ ਆਦਿ ਥਾਵਾਂ ਤੋਂ ਲੰਘਦੀ ਹੋਈ ਵਾਪਸ ਜੀ.ਆਰ.ਪੀ. ਪੰਜਾਬ ਦੇ ਹੈੱਡਕੁਆਰਟਰ ਵਿਖੇ ਸਮਾਪਤ ਹੋਈ।
watch….ਪੰਜਾਬ ਨੂੰ ਐਂਬਰ ਗਰੁੱਪ ਵੱਲੋਂ ਰਾਜਪੁਰਾ ਵਿਖੇ 500 ਕਰੋੜ ਰੁਪਏ ਦਾ ਆਰ ਐਂਡ ਡੀ ਨਿਵੇਸ਼ ਮਿਲਿਆ
ਇਸ ਮੌਕੇ ਸੰਬੋਧਨ ਕਰਦਿਆਂ ਡੀਜੀਪੀ ਦਿਵੇਦੀ ਨੇ ਕਿਹਾ ਕਿ ਨਸ਼ੇ ਇੱਕ ਗੰਭੀਰ ਸਮਾਜਿਕ ਬੁਰਾਈ ਹਨ, ਜਿਨ੍ਹਾਂ ਦਾ ਖ਼ਾਤਮਾ ਕੇਵਲ ਸਾਂਝੇ ਯਤਨਾਂ, ਜਾਗਰੂਕਤਾ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਨਸ਼ਿਆਂ ਵਿਰੁੱਧ ਅਜਿਹੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ।
ਸਾਈਕਲ ਰੈਲੀ ਵਿੱਚ ਜੀ.ਆਰ.ਪੀ. ਯੂਨਿਟ ਦੇ ਅਧਿਕਾਰੀਆਂ, ਜ਼ਿਲ੍ਹਾ ਪੁਲਿਸ ਪਟਿਆਲਾ ਦੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਦੇ ਨਾਲ-ਨਾਲ ਖਿਡਾਰੀਆਂ ਨੇ ਵੀ ਹਿੱਸਾ ਲਿਆ। ਇਸ ਰੈਲੀ ਦੌਰਾਨ ਸਮਾਜ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨੂੰ ਨਸ਼ਿਆਂ ਵਿਰੁੱਧ ਜੰਗ ਦੇ ਮਹੱਤਵਪੂਰਨ ਹਥਿਆਰ ਵਜੋਂ ਪੇਸ਼ ਕੀਤਾ ਗਿਆ।




