Homeਪੰਜਾਬੀਸਿਹਤਲਾਵਾਰਿਸ ਲਾਸ਼ਾਂ ਦੀ ਡਿਜੀਟਲ ਸ਼ਨਾਖ਼ਤ ਲਈ ਦੇਸ਼ ਦਾ ਪਹਿਲਾ ‘ਪਹਿਚਾਣ’ ਪੋਰਟਲ ਪੰਜਾਬ...

ਲਾਵਾਰਿਸ ਲਾਸ਼ਾਂ ਦੀ ਡਿਜੀਟਲ ਸ਼ਨਾਖ਼ਤ ਲਈ ਦੇਸ਼ ਦਾ ਪਹਿਲਾ ‘ਪਹਿਚਾਣ’ ਪੋਰਟਲ ਪੰਜਾਬ ’ਚ ਸ਼ੁਰੂ

- Advertisement -spot_img

ਚੰਡੀਗੜ੍ਹ, 3 ਸਤੰਬਰ

ਪੰਜਾਬ ਅਣਪਛਾਤੀਆਂ ਅਤੇ ਲਾਵਾਰਿਸ ਲਾਸ਼ਾਂ ਦੀ ਡਿਜੀਟਲ ਸ਼ਨਾਖ਼ਤ ਲਈ ਸੂਬਾ ਪੱਧਰੀ ਜਨਤਕ ਪੋਰਟਲ ‘ਪਹਿਚਾਣ’ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਇਤਿਹਾਸਕ ਮਨੁੱਖਤਾਵਾਦੀ ਅਤੇ ਤਕਨੀਕੀ ਪਹਿਲਕਦਮੀ ਦੀ ਰਸਮੀ ਸ਼ੁਰੂਆਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ‘ਪਹਿਚਾਣ’ ਪੋਰਟਲ ਤਹਿਤ ਸੂਬੇ ਦੇ ਕਿਸੇ ਵੀ ਸਰਕਾਰੀ ਮੁਰਦਾਘਰ ਵਿੱਚ ਲਿਆਂਦੀ ਗਈ ਹਰ ਅਣਪਛਾਤੀ ਜਾਂ ਲਾਵਾਰਿਸ ਲਾਸ਼ ਦੀ 48 ਘੰਟਿਆਂ ਦੇ ਅੰਦਰ ਡਿਜੀਟਲ ਜਾਣਕਾਰੀ ਅਪਲੋਡ ਕੀਤੀ ਜਾਵੇਗੀ। ਇਸ ਵਿੱਚ ਮ੍ਰਿਤਕ ਦੇ ਚਿਹਰੇ ਦੀਆਂ ਤਸਵੀਰਾਂ, ਟੈਟੂ, ਜਨਮ-ਨਿਸ਼ਾਨ, ਸਰੀਰਕ ਨਿਸ਼ਾਨੀਆਂ ਅਤੇ ਵਿਸਤ੍ਰਿਤ ਹੁਲੀਆ ਸ਼ਾਮਲ ਹੋਵੇਗਾ।

ਇਹ ਪੋਰਟਲ ਸਿਹਤ ਵਿਭਾਗ ਦੀਆਂ ਅਧਿਕਾਰਤ ਵੈੱਬਸਾਈਟਾਂ ਰਾਹੀਂ ਮੁਫ਼ਤ ਉਪਲਬਧ ਹੋਵੇਗਾ। ਭਾਰਤ ਜਾਂ ਵਿਦੇਸ਼ ਵਿੱਚ ਰਹਿੰਦੇ ਪਰਿਵਾਰਕ ਮੈਂਬਰ ਵੀ ਇਸ ਰਾਹੀਂ ਲਾਪਤਾ ਵਿਅਕਤੀ ਦੀ ਸ਼ਨਾਖ਼ਤ ਲਈ ਜਾਣਕਾਰੀ ਦੀ ਖੋਜ ਕਰ ਸਕਣਗੇ। ਜਿਵੇਂ ਹੀ ਕੋਈ ਵਿਅਕਤੀ ਆਨਲਾਈਨ ਦਾਅਵਾ ਦਰਜ ਕਰੇਗਾ, ਸਬੰਧਤ ਜਾਂਚ ਅਧਿਕਾਰੀ ਨੂੰ ਆਪਣੇ ਆਪ ਸੂਚਨਾ ਮਿਲ ਜਾਵੇਗੀ, ਜਿਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਅਨੁਸਾਰ ਰਸਮੀ ਸ਼ਨਾਖ਼ਤ ਲਈ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਰ ਸਾਲ ਲਗਭਗ 5,000 ਤੋਂ 6,000 ਵਿਅਕਤੀ ਅਣਪਛਾਤੇ ਜਾਂ ਲਾਵਾਰਿਸ ਹਾਲਤ ਵਿੱਚ ਦਮ ਤੋੜਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਹਰ ਵਿਅਕਤੀ ਕਿਸੇ ਦਾ ਪੁੱਤਰ, ਧੀ, ਜੀਵਨ ਸਾਥੀ ਜਾਂ ਮਾਤਾ-ਪਿਤਾ ਹੋ ਸਕਦਾ ਹੈ ਅਤੇ ਸੰਭਵ ਹੈ ਕਿ ਕੋਈ ਪਰਿਵਾਰ ਉਸ ਦੀ ਉਡੀਕ ਕਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਸਨਮਾਨ ਨਾਲ ਵਿਦਾ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ ਅਤੇ ‘ਪਹਿਚਾਣ’ ਪੋਰਟਲ ਇਸ ਦਿਸ਼ਾ ਵਿੱਚ ਅਹਿਮ ਕਦਮ ਹੈ।

watch……ਖੇੜੀ ਨੌਧ ਸਿੰਘ ਇਲਾਕੇ ’ਚ ਚੋਰਾਂ ਦਾ ਕਹਿਰ, ਦੋ ਘਰਾਂ ਨੂੰ ਦਿਨ-ਦਿਹਾੜੇ ਬਣਾਇਆ ਨਿਸ਼ਾਨਾ

ਉਨ੍ਹਾਂ ਦੱਸਿਆ ਕਿ ਇਹ ਪੋਰਟਲ ਪੰਜਾਬ ਦੇ ਡਿਜੀਟਲ ਮੈਡੀਕੋ-ਲੀਗਲ ਸਾਫ਼ਟਵੇਅਰ ‘ਮੈਡਲੀਪਰ’ (Medico-Legal and Postmortem Reports) ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਐਨ.ਆਈ.ਸੀ. ਵੱਲੋਂ ਵਿਕਸਤ ਇਹ ਪ੍ਰਣਾਲੀ ਇਸ ਸਮੇਂ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਅਤੇ 346 ਸਰਕਾਰੀ ਹਸਪਤਾਲਾਂ ਵਿੱਚ ਕਾਰਜਸ਼ੀਲ ਹੈ। ਇਸ ਨਾਲ 6,600 ਤੋਂ ਵੱਧ ਮੈਡੀਕਲ ਅਫ਼ਸਰ ਰਜਿਸਟਰਡ ਹਨ ਅਤੇ ਹੁਣ ਤੱਕ 12 ਲੱਖ ਤੋਂ ਵੱਧ ਮੈਡੀਕੋ-ਲੀਗਲ ਅਤੇ ਪੋਸਟਮਾਰਟਮ ਕੇਸ ਦਰਜ ਕੀਤੇ ਜਾ ਚੁੱਕੇ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ‘ਮੈਡਲੀਪਰ’ ਪੁਲਿਸ, ਅਦਾਲਤਾਂ, ਸਿਹਤ ਸੰਸਥਾਵਾਂ ਅਤੇ ਏਮਜ਼ ਬਠਿੰਡਾ ਸਮੇਤ ਨੌਂ ਫੋਰੈਂਸਿਕ ਸਾਇੰਸ ਲੈਬਾਰਟਰੀਆਂ ਨੂੰ ਆਪਸ ਵਿੱਚ ਜੋੜਦਾ ਹੈ। ਇਸ ਤੋਂ ਇਲਾਵਾ ਗੁੰਮਸ਼ੁਦਾ ਵਿਅਕਤੀਆਂ ਦੀ ਜਾਣਕਾਰੀ ਦੇ ਮਿਲਾਨ ਲਈ ਇਹ ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈੱਟਵਰਕ ਐਂਡ ਸਿਸਟਮਜ਼ (CCTNS) ਨਾਲ ਵੀ ਤਾਲਮੇਲ ਕਰਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਮੈਡੀਕੋ-ਲੀਗਲ ਡਾਕੂਮੈਂਟੇਸ਼ਨ ਮਾਡਲ ਨੂੰ ਰਾਸ਼ਟਰੀ ਪੱਧਰ ’ਤੇ ਵੀ ਮਾਨਤਾ ਮਿਲੀ ਹੈ ਅਤੇ ਦੇਸ਼ ਦੇ ਲਗਭਗ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਇਸ ਦਾ ਅਧਿਐਨ ਕਰਕੇ ਇਸ ਨੂੰ ਅਪਣਾਇਆ ਜਾ ਰਿਹਾ ਹੈ।

ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ‘ਪਹਿਚਾਣ’ ਪੋਰਟਲ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ, 2023 ਦੇ ਨਿਯਮਾਂ ਦੀ ਪਾਲਣਾ ਕਰਦਾ ਹੈ। ਉਨ੍ਹਾਂ ਸਿਵਲ ਸਰਜਨਾਂ, ਮੈਡੀਕਲ ਅਫ਼ਸਰਾਂ ਅਤੇ ਮੁਰਦਾਘਰਾਂ ਦੇ ਸਟਾਫ਼ ਨੂੰ ਅਪੀਲ ਕੀਤੀ ਕਿ ਅਣਪਛਾਤੀਆਂ ਅਤੇ ਲਾਵਾਰਿਸ ਲਾਸ਼ਾਂ ਨਾਲ ਸਬੰਧਤ ਜਾਣਕਾਰੀ ਸਮੇਂ ਸਿਰ ਅਪਲੋਡ ਕੀਤੀ ਜਾਵੇ, ਤਾਂ ਜੋ ਵਿਛੜੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਮਿਲਾਉਣ ਦੀ ਕੋਸ਼ਿਸ਼ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here