ਅਮਨ ਅਰੋੜਾ ਨੇ ਨਾਗਰਿਕ ਅਨੁਭਵ ਅਤੇ ਸੇਵਾ ਪ੍ਰਦਾਨਗੀ ਨੂੰ ਬਿਹਤਰ ਬਣਾਉਣ ਲਈ ਸੇਵਾ ਕੇਂਦਰਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਨਿਰਦੇਸ਼ ਦਿੱਤੇ
ਚੰਡੀਗੜ੍ਹ, 16 ਜੁਲਾਈ
ਪੰਜਾਬ ਸਰਕਾਰ ਨੇ ਵਧੇਰੇ ਕੁਸ਼ਲ ਸ਼ਾਸਨ ਅਤੇ ਸੇਵਾ ਪ੍ਰਦਾਨਗੀ ਰਾਹੀਂ ਨਾਗਰਿਕ ਅਨੁਭਵ ਨੂੰ ਸੁਧਾਰਨ ਦੇ ਉਦੇਸ਼ ਨਾਲ ਸੂਬੇ ਭਰ ਵਿੱਚ 44 ਨਵੇਂ ਸੇਵਾ ਕੇਂਦਰ ਸਥਾਪਤ ਕਰਕੇ ਆਪਣੀ ਸੇਵਾ ਨੈਟਵਰਕ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਵਿਸਥਾਰ ਵਿੱਚ 16 ਨਵੇਂ ਸੇਵਾ ਕੇਂਦਰਾਂ ਦਾ ਨਿਰਮਾਣ ਅਤੇ ਪਹਿਲਾਂ ਬੰਦ ਕੀਤੇ 28 ਸੇਵਾ ਕੇਂਦਰਾਂ ਨੂੰ ਮੁੜ ਖੋਲ੍ਹਣਾ ਸ਼ਾਮਲ ਹੈ। ਇਸ ਦੇ ਨਾਲ ਹੀ, ਸੂਬੇ ਦੇ ਛੇ ਸੇਵਾ ਕੇਂਦਰਾਂ ਵਿੱਚ ਕਾਊਂਟਰਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ।
ਅਮਨ ਅਰੋੜਾ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿਖੇ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ (PSeGS) ਦੀ 22ਵੀਂ ਬੋਰਡ ਆਫ ਗਵਰਨਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ 16 ਨਵੇਂ ਸੇਵਾ ਕੇਂਦਰਾਂ ਦੇ ਨਿਰਮਾਣ ’ਤੇ ਲਗਭਗ 4.10 ਕਰੋੜ ਰੁਪਏ ਅਤੇ 28 ਸੇਵਾ ਕੇਂਦਰਾਂ ਨੂੰ ਮੁੜ ਖੋਲ੍ਹਣ ’ਤੇ 1.54 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿਸਥਾਰ ਦਾ ਮਕਸਦ ਈ-ਗਵਰਨੈਂਸ ਨੂੰ ਮਜ਼ਬੂਤ ਕਰਨਾ ਅਤੇ ਸੇਵਾ ਕੇਂਦਰਾਂ ਰਾਹੀਂ ਨਾਗਰਿਕ ਸੇਵਾਵਾਂ ਨੂੰ ਸੁਖਾਲਾ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨਾ ਹੈ, ਜਿੱਥੇ 500 ਤੋਂ ਵੱਧ ਸਰਕਾਰੀ ਸੇਵਾਵਾਂ ਉਪਲਬਧ ਹਨ।
ਸੁਸ਼ਾਸਨ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੇਵਾ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਬਿਹਤਰ ਉਡੀਕ ਖੇਤਰ, ਬੈਠਣ ਦੀ ਸਹੂਲਤ, ਏਅਰ ਕੰਡੀਸ਼ਨਿੰਗ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਸ਼ਾਮਲ ਹਨ, ਤਾਂ ਜੋ ਜਨਤਕ ਸਹੂਲਤ ਵਧਾਈ ਜਾ ਸਕੇ। ਇਹ ਸਾਰੇ ਉਪਰਾਲੇ ਨਾਗਰਿਕ ਅਨੁਭਵ ਨੂੰ ਸੁਧਾਰਨ, ਸੇਵਾ ਕੇਂਦਰਾਂ ਦੀ ਪਹੁੰਚ ਵਧਾਉਣ ਅਤੇ ਵਧਦੀਆਂ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਕੇ ਕੁਝ ਥਾਵਾਂ ’ਤੇ ਭੀੜ ਨੂੰ ਘਟਾਉਣ ਲਈ ਹਨ।
watch…..Top-10, Short news in Hindi, 16 July
ਸ੍ਰੀ ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਸਾਰੇ ਮੌਜੂਦਾ ਸੇਵਾ ਕੇਂਦਰਾਂ ਦੀ ਵਿਆਪਕ ਸਮੀਖਿਆ ਕਰਨ, ਉਨ੍ਹਾਂ ਦੀ ਭੂਗੋਲਿਕ ਵੰਡ, ਆਵਾਜਾਈ ਅਤੇ ਰਿਹਾਇਸ਼ੀ ਖੇਤਰਾਂ ਤੋਂ ਦੂਰੀ ਦਾ ਵਿਸ਼ਲੇਸ਼ਣ ਕਰਨ ਅਤੇ ਘੱਟ ਸੇਵਾਵਾਂ ਵਾਲੇ ਖੇਤਰਾਂ ਵਿੱਚ ਸੇਵਾ ਕੇਂਦਰਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਮਾਲ ਅਤੇ ਆਵਾਜਾਈ ਵਿਭਾਗਾਂ ਦੀਆਂ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਜੋੜਨ ਦੀ ਸਮੀਖਿਆ ਵੀ ਕੀਤੀ ਗਈ। ਵਿਸ਼ੇਸ਼ ਤੌਰ ’ਤੇ, ਹੁਣ ਸੇਵਾ ਕੇਂਦਰਾਂ ਰਾਹੀਂ 30 ਆਵਾਜਾਈ ਵਿਭਾਗ ਦੀਆਂ ਸੇਵਾਵਾਂ ਅਤੇ 7 ਮਾਲ ਵਿਭਾਗ ਦੀਆਂ ਸੇਵਾਵਾਂ ਉਪਲਬਧ ਹਨ। ਸ੍ਰੀ ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਕਾਰਜ ਨੂੰ ਹੋਰ ਸੁਚਾਰੂ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਡੀ.ਕੇ. ਤਿਵਾੜੀ, ਸਕੱਤਰ ਮਾਲ ਅਤੇ ਪੁਨਰਵਾਸ ਮਨਵੇਸ਼ ਸਿੰਘ ਸਿੱਧੂ, ਸਕੱਤਰ ਸਿਹਤ ਅਤੇ ਪਰਿਵਾਰ ਦਿਲਰਾਜ ਸਿੰਘ ਸੰਧਵਾਲੀਆ, ਸਕੱਤਰ ਖਰਚ ਵੀ.ਐਨ. ਜ਼ਾਡੇ, ਡਾਇਰੈਕਟਰ ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਅਮਿਤ ਤਲਵਾਰ, ਵਿਸ਼ੇਸ਼ ਸਕੱਤਰ ਸਥਾਨਕ ਸਰਕਾਰ ਪਰਮਿੰਦਰਪਾਲ ਸਿੰਘ, ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਰਾਜੇਸ਼ ਧੀਮਾਨ, ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਟੈਕ ਰਾਹੁਲ ਛੱਬਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।




