Homeਪੰਜਾਬੀਪੰਜਾਬਲੋਕ ਗਾਇਕ ਬਣਨ ਲਈ ਖੇਤਰੀ ਸੱਭਿਆਚਾਰ ਅਤੇ ਜਨਜੀਵਨ ਨੂੰ ਸਮਝਣਾ ਅਤਿ ਜ਼ਰੂਰੀ:...

ਲੋਕ ਗਾਇਕ ਬਣਨ ਲਈ ਖੇਤਰੀ ਸੱਭਿਆਚਾਰ ਅਤੇ ਜਨਜੀਵਨ ਨੂੰ ਸਮਝਣਾ ਅਤਿ ਜ਼ਰੂਰੀ: ਮੁਹੰਮਦ ਸਦੀਕ

- Advertisement -spot_img

-ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬੀ ਗਾਇਕੀ ਅਤੇ ਗੀਤਕਾਰੀ ਦੀਆਂ ਭਾਸ਼ਾਈ ਚੁਣੌਤੀਆਂ ’ਤੇ ਕਰਵਾਈ ਵਿਚਾਰ-ਚਰਚਾ

ਪਟਿਆਲਾ, 31 ਮਈ 2025

ਭਾਸ਼ਾ ਵਿਭਾਗ ਪੰਜਾਬ ਵੱਲੋਂ ਪਟਿਆਲਾ ਸਥਿਤ ਮੁੱਖ ਦਫਤਰ ਦੇ ਸੈਮੀਨਾਰ ਹਾਲ ’ਚ ‘ਪੰਜਾਬੀ ਗਾਇਕੀ ਅਤੇ ਗੀਤਕਾਰੀ ਦੀਆਂ ਭਾਸ਼ਾਈ ਸਮੱਸਿਆਵਾਂ’ ਵਿਸ਼ੇ ’ਤੇ ਖੁੱਲ੍ਹੀ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਦੀ ਅਗਵਾਈ ਹੇਠ ਹੋਈ ਇਸ ਚਰਚਾ ’ਚ ਸ਼੍ਰੋਮਣੀ ਗਾਇਕ ਜਨਾਬ ਮੁਹੰਮਦ ਸਦੀਕ ਮੁੱਖ ਵਕਤਾ ਵਜੋਂ ਸ਼ਾਮਲ ਹੋਏ, ਜਦਕਿ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਬਲਦੇਵ ਸਿੰਘ ਧਾਲੀਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਅੱਧੀ ਦਰਜਨ ਸਾਹਿਤਕ ਸ਼ਖਸੀਅਤਾਂ ਨੇ ਵੀ ਸਰੋਤਿਆਂ ਦੇ ਰੂਪ ’ਚ ਹਿੱਸਾ ਲਿਆ।

ਜਸਵੰਤ ਸਿੰਘ ਜ਼ਫਰ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁਹੰਮਦ ਸਦੀਕ ਪੰਜਾਬੀ ਗਾਇਕੀ ਦਾ ਉਹ ਨਾਮ ਹੈ, ਜਿਨ੍ਹਾਂ ਨੇ ਸੱਭਿਅਕ ਸ਼ਬਦਾਵਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਆਪਣੀ ਗਾਇਕੀ ਰਾਹੀਂ ਜੀਵੰਤ ਰੱਖਦਿਆਂ ਚਾਰ ਪੀੜ੍ਹੀਆਂ ਦਾ ਦਿਲ ਜਿੱਤਿਆ। ਉਨ੍ਹਾਂ ਕਿਹਾ ਕਿ ਅਜਿਹੀ ਗਾਇਕੀ ਦੀ ਅੱਜ ਕਮੀ ਕਾਰਨ ਨੌਜਵਾਨ ਪੀੜ੍ਹੀ ਪੰਜਾਬ ’ਚ ਜੀਅ ਨਹੀਂ ਲਾ ਰਹੀ ਅਤੇ ਪ੍ਰਵਾਸ ਵੱਲ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਖੇਤਰ ਦੀ ਸ਼ਾਨਦਾਰ ਸ਼ਾਇਰੀ ਅਤੇ ਗਾਇਕੀ ਸਮਾਜ ਨੂੰ ਸੁਧਾਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

watch…..ਹੋਣਹਾਰ ਸਰਕਾਰੀ ਸਕੂਲੀ ਵਿਦਿਆਰਥੀ ਹਵਾਈ ਸਫਰ ਨਾਲ ਜਾਣਗੇ ਵਿੱਦਿਅਕ ਟੂਰ ’ਤੇ: ਮੁੱਖ ਮੰਤਰੀ ਦਾ ਵੱਡਾ ਐਲਾਨ

ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਗਾਇਕੀ ’ਚ ਲੰਬੇ ਸਮੇਂ ਤੱਕ ਸਥਾਪਤ ਰਹਿਣ ਲਈ ਆਪਣੇ ਖੇਤਰ ਦੇ ਸੱਭਿਆਚਾਰ, ਭਾਸ਼ਾ ਅਤੇ ਸਮੇਂ ਨਾਲ ਆਉਣ ਵਾਲੀਆਂ ਤਬਦੀਲੀਆਂ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਨਜੀਵਨ ਦੇ ਰਿਸ਼ਤਿਆਂ, ਦੁੱਖ-ਸੁੱਖ ਅਤੇ ਹੋਰ ਪੱਖਾਂ ਨੂੰ ਸੱਭਿਅਕ ਸ਼ਾਇਰੀ ਅਤੇ ਸੰਗੀਤ ਰਾਹੀਂ ਪੇਸ਼ ਕਰਕੇ ਹੀ ਕੋਈ ਲੋਕ ਗਾਇਕ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ’ਤੇ ਸਿੱਖਿਅਤ ਸ਼ਖਸੀਅਤਾਂ ਨਾਲ ਮੁਲਾਕਾਤਾਂ ਅਤੇ ਚੰਗੀਆਂ ਕਿਤਾਬਾਂ ਪੜ੍ਹਨ ਨੇ ਉਨ੍ਹਾਂ ਦੀ ਗਾਇਕੀ ਨੂੰ ਸਫਲ ਬਣਾਇਆ। ਖਾਸ ਕਰਕੇ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ ਨੇ ਪੰਜਾਬੀ ਜਨਜੀਵਨ ਨੂੰ ਸਮਝਣ ’ਚ ਵੱਡੀ ਮਦਦ ਕੀਤੀ। ਉਨ੍ਹਾਂ ਅਫਸੋਸ ਜਤਾਇਆ ਕਿ ਅੱਜ ਦੀ ਗਾਇਕੀ ਜ਼ਿਆਦਾਤਰ ਦੇਖਣ ਵਾਲੀ ਕਲਾ ਬਣ ਗਈ ਹੈ, ਅਤੇ ਬਹੁਤ ਘੱਟ ਗਾਇਕ ਹਨ ਜੋ ਨੈਤਿਕ ਅਤੇ ਸਮਾਜਿਕ ਮੁੱਲਾਂ ਨੂੰ ਪ੍ਰਮੋਟ ਕਰਦੇ ਹਨ। ਸਦੀਕ ਨੇ ਸਰੋਤਿਆਂ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੱਭਿਅਕ ਗਾਇਕੀ ਨੂੰ ਉਤਸ਼ਾਹਤ ਕਰਨ ਵਾਲੇ ਗਾਇਕਾਂ ਨੂੰ ਸਰੋਤਿਆਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਦੀ ਕਮੀ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਨੇ ਆਪਣੀਆਂ ਛੇ ਧੀਆਂ ਨੂੰ ਪੜ੍ਹਾਈ ਦੀ ਪੂਰੀ ਸਹੂਲਤ ਦਿੱਤੀ ਅਤੇ ਸਫਲਤਾ ਹਾਸਲ ਕੀਤੀ। ਉਨ੍ਹਾਂ ਭਾਸ਼ਾ ਵਿਭਾਗ ਦੇ ਸਨਮਾਨ ਲਈ ਧੰਨਵਾਦ ਵੀ ਕੀਤਾ।

ਡਾ. ਬਲਦੇਵ ਸਿੰਘ ਧਾਲੀਵਾਲ ਨੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਨਵੀਂ ਪੀੜ੍ਹੀ ਆਪਣੇ ਇਲਾਕੇ ’ਚ ਹੋਣ ਵਾਲੇ ਖੇਡ, ਗਾਇਕੀ ਅਤੇ ਸਮਾਜਿਕ ਸਮਾਗਮਾਂ ਤੋਂ ਪ੍ਰੇਰਿਤ ਹੋ ਕੇ ਕਿਸੇ ਖੇਤਰ ’ਚ ਅੱਗੇ ਵਧਦੀ ਹੈ। ਇਸ ਲਈ ਗਾਇਕਾਂ, ਖਿਡਾਰੀਆਂ ਅਤੇ ਹੋਰ ਸ਼ਖਸੀਅਤਾਂ ਦੀਆਂ ਪੇਸ਼ਕਾਰੀਆਂ ਦਾ ਨੌਜਵਾਨਾਂ ’ਤੇ ਸਿੱਧਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਇਕਾਂ ਦਾ ਕਿਰਦਾਰ ਉੱਚ ਪੱਧਰ ਦਾ ਹੋਣਾ ਚਾਹੀਦਾ ਹੈ।

ਚਰਚਾ ’ਚ ਪ੍ਰਿੰਸੀਪਲ ਤੋਤਾ ਸਿੰਘ ਚਹਿਲ, ਸ਼ਾਇਰ ਅਵਤਾਰ ਜੀਤ, ਗੁਰਪ੍ਰੀਤ ਢਿੱਲੋਂ, ਸੁਰਿੰਦਰ ਕੌਰ ਬਾੜਾ ਅਤੇ ਹੋਰ ਸ਼ਖਸੀਅਤਾਂ ਨੇ ਹਿੱਸਾ ਲਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕ ਹਰਪ੍ਰੀਤ ਕੌਰ ਨੇ ਜਨਾਬ ਮੁਹੰਮਦ ਸਦੀਕ ਦਾ ਬੂਟਾ ਭੇਟ ਕਰਕੇ ਸਵਾਗਤ ਕੀਤਾ, ਅਤੇ ਸਮਾਗਮ ਦੇ ਅੰਤ ’ਚ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ।

ਵਿਚਾਰ-ਚਰਚਾ ਦਾ ਸੰਚਾਲਨ ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ, ਜਦਕਿ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਸੰਭਾਲਿਆ। ਸਮਾਗਮ ’ਚ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਆਲੋਕ ਚਾਵਲਾ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਪ੍ਰਿੰਸੀਪਲ ਹਰਦੀਪ ਕੁਮਾਰ ਟੌਹੜਾ, ਪ੍ਰਿੰਸੀਪਲ ਮਨਮੋਹਨ ਸਿੰਘ ਅਤੇ ਵੱਡੀ ਗਿਣਤੀ ’ਚ ਸਰੋਤੇ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here