
ਰਿਹਰਸਲ ਵਿੱਚੋਂ ਗੈਰ-ਹਾਜ਼ਰ ਰਹਿਣ ਵਾਲਿਆਂ ਖਿਲਾਫ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੋਵੇਗੀ ਸਖਤ ਕਾਰਵਾਈ
ਸੰਗਰੂਰ, (18 ਮਈ)
ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਵਿਧਾਨ ਸਭਾ ਸੈਗਮੈਂਟਾਂ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ ਮਿਤੀ 19 ਮਈ ਦਿਨ ਐਤਵਾਰ ਨੂੰ ਸਬੰਧਤ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਰਿਹਰਸਲ ਦੌਰਾਨ ਮਾਸਟਰ ਟਰੇਨਰਾਂ ਵੱਲੋਂ ਚੋਣ ਅਮਲੇ ਨਾਲ ਸਬੰਧਤ ਪ੍ਰੋਜਾਈਡਿੰਗ ਅਧਿਕਾਰੀਆਂ, ਸਹਾਇਕ ਪ੍ਰੋਜਾਈਡਿੰਗ ਅਧਿਕਾਰੀਆਂ ਤੇ ਪੋਲਿੰਗ ਅਫ਼ਸਰਾਂ ਨੂੰ ਵੋਟਿੰਗ ਪ੍ਰਕਿਰਿਆ ਦੀਆਂ ਬਾਰੀਕੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵੀ ਕਰਮਚਾਰੀ ਰਿਹਰਸਲ ਦੌਰਾਨ ਗੈਰ-ਹਾਜ਼ਰ ਪਾਇਆ ਜਾਵੇਗਾ ਤਾਂ ਉਸ ਖਿਲਾਫ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦਾ ਸਮੁੱਚਾ ਅਮਲ ਸ਼ਾਂਤੀਪੂਰਵਕ, ਸੁਰੱਖਿਅਤ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।
Link….General Election 2024
ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ 099-ਲਹਿਰਾ ਦੇ ਚੋਣ ਅਮਲੇ ਦੀ ਰਿਹਰਸਲ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਖੇ, 100-ਦਿੜ੍ਹਬਾ ਦੇ ਅਮਲੇ ਦੀ ਰਿਹਰਸਲ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ, 101-ਸੁਨਾਮ ਦੇ ਚੋਣ ਅਮਲੇ ਦੀ ਰਿਹਰਸਲ ਪਟਿਆਲਾ ਰੋਡ ਸੁਨਾਮ ਵਿਖੇ ਸਥਿਤ ਮਹਾਰਾਜਾ ਪੈਲੇਸ, 107-ਧੂਰੀ ਦੇ ਚੋਣ ਅਮਲੇ ਦੀ ਰਿਹਰਸਲ ਯੂਨੀਵਰਸਿਟੀ ਕਾਲਜ ਬੇਨੜਾ ਅਤੇ 108-ਸੰਗਰੂਰ ਦੇ ਚੋਣ ਅਮਲੇ ਦੀ ਰਿਹਰਸਲ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਹੋਵੇਗੀ।




