-ਪੰਜਾਬ 140 ਲੱਖ ਮੀਟਰਕ ਟਨ ਕਣਕ ਅਤੇ 139 ਲੱਖ ਮੀਟਰਕ ਟਨ ਝੋਨੇ ਨਾਲ ਦੇਸ਼ ਲਈ ਤਿਆਰ, ਤੇਲ ਸਪਲਾਈ ਦਾ ਭਰੋਸਾ ਚਾਹੀਦਾ ਹੈ
ਚੰਡੀਗੜ੍ਹ, 28 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਸਰਕਾਰ ਤੋਂ ਪੈਟਰੋਲ, ਡੀਜ਼ਲ ਅਤੇ ਡੀ.ਏ.ਪੀ. ਖਾਦ ਦੀ ਵਧੀ ਹੋਈ ਅਤੇ ਨਿਰਵਿਘਨ ਸਪਲਾਈ ਤੁਰੰਤ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵਾਰ 140 ਲੱਖ ਮੀਟਰਕ ਟਨ ਕਣਕ ਦੀ ਵਾਢੀ ਲਈ ਤਿਆਰ ਹੈ ਅਤੇ ਤੇਲ ਦੀ ਘਾਟ ਵਾਢੀ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਾਲ ਵਰਚੁਅਲ ਮੀਟਿੰਗ ਵਿੱਚ ਮੈਂ ਸਪੱਸ਼ਟ ਕੀਤਾ ਕਿ ਇਸ ਸਾਲ ਪੰਜਾਬ ਵਿੱਚ 140 ਲੱਖ ਮੀਟਰਕ ਟਨ ਕਣਕ ਪੈਦਾ ਹੋਣ ਦੀ ਸੰਭਾਵਨਾ ਹੈ। ਵਾਢੀ ਅਤੇ ਅਨਾਜ ਦੀ ਢੋਆ-ਢੁਆਈ ਲਈ ਟਰੈਕਟਰ, ਟਰਾਲੀਆਂ, ਹਾਰਵੈਸਟਰ ਅਤੇ ਟਰੱਕਾਂ ਲਈ ਪੈਟਰੋਲ ਤੇ ਡੀਜ਼ਲ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣੀ ਬਹੁਤ ਜ਼ਰੂਰੀ ਹੈ।”
ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸੂਬੇ ਵਿੱਚ ਇਸ ਵੇਲੇ 12 ਤੋਂ 14 ਦਿਨਾਂ ਦਾ ਪੈਟਰੋਲ ਤੇ ਡੀਜ਼ਲ ਅਤੇ 6 ਦਿਨਾਂ ਦਾ ਐਲ.ਪੀ.ਜੀ. ਸਟਾਕ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕੋਈ ਤਾਲਾਬੰਦੀ ਨਹੀਂ ਲੱਗਣੀ ਅਤੇ ਸਪਲਾਈ ਬੇਰੋਕ ਚੱਲ ਰਹੀ ਹੈ। ਜਮ੍ਹਾਂਖੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਲਈ 181 ਲੱਖ ਮੀਟਰਕ ਟਨ ਕਣਕ ਅਤੇ 139 ਲੱਖ ਮੀਟਰਕ ਟਨ ਝੋਨਾ ਮੁਹੱਈਆ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, “ਜੇ ਦੇਸ਼ ਨੂੰ ਇਸ ਅਨਾਜ ਦੀ ਲੋੜ ਹੈ ਤਾਂ ਪੰਜਾਬ ਇਸ ਨੂੰ ਕਿਸੇ ਵੀ ਸਮੇਂ ਚੁੱਕਣ ਲਈ ਤਿਆਰ ਹੈ, ਪਰ ਇਸ ਲਈ ਤੇਲ ਅਤੇ ਖਾਦ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣੀ ਬਹੁਤ ਜ਼ਰੂਰੀ ਹੈ।”
ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਡੀ.ਏ.ਪੀ. ਖਾਦ ਦੀ ਸਪਲਾਈ ਵਧਾਈ ਜਾਵੇ ਅਤੇ ਝੋਨੇ ਦੀ ਲੁਆਈ ਤੋਂ ਪਹਿਲਾਂ ਇਸ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਐਲ.ਪੀ.ਜੀ. ਰੀਫਿਲਿੰਗ ਲਈ ਪੇਂਡੂ ਖੇਤਰਾਂ ਵਿੱਚ 45 ਦਿਨਾਂ ਦੀ ਉਡੀਕ ਮਿਆਦ ਨੂੰ ਘਟਾ ਕੇ 25 ਦਿਨ ਕਰਨ ਦੀ ਵੀ ਮੰਗ ਕੀਤੀ।
watch….ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਕਿਸਾਨਾਂ ਅਤੇ ਖੁਰਾਕ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋੜ ਪੈਣ ’ਤੇ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ ਵਿੱਚ ਆ ਕੇ ਜ਼ਿਆਦਾ ਖਰੀਦਦਾਰੀ ਨਾ ਕਰਨ।
ਪ੍ਰਧਾਨ ਮੰਤਰੀ ਨਾਲ ਹੋਈ ਵਰਚੁਅਲ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਉਜਾਗਰ ਕੀਤਾ ਅਤੇ ਕੂਟਨੀਤਕ ਚੈਨਲਾਂ ਰਾਹੀਂ ਵੀ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਖੁਰਾਕ ਸੁਰੱਖਿਆ ਅਤੇ ਕਿਸਾਨਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।




