Onnline TV

ਪੰਜਾਬ ਪੰਜਾਬੀ

ਵਿਰਾਸਤੀ ਕਵੀ ਦਰਬਾਰ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗੀਨ ਮਾਹੌਲ

ਪਟਿਆਲਾ ਹੈਰੀਟੇਜ ਫੈਸਟੀਵਲ-2026

-ਪੰਜਾਬੀ, ਹਿੰਦੀ, ਉਰਦੂ ਤੇ ਪੁਆਧੀ ਭਾਸ਼ਾਵਾਂ ਦੀਆਂ ਕਾਵਿ-ਰਚਨਾਵਾਂ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

ਪਟਿਆਲਾ, 13 ਫਰਵਰੀ 

ਪਟਿਆਲਾ ਹੈਰੀਟੇਜ ਫੈਸਟੀਵਲ ਦੇ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਸਰਕਾਰੀ ਮਹਿੰਦਰਾ ਕਾਲਜ ਵਿਖੇ ਵਿਰਾਸਤੀ ਕਵੀ ਦਰਬਾਰ ਦਾ ਭਰਵਾਂ ਆਯੋਜਨ ਕੀਤਾ ਗਿਆ। ਨੋਡਲ ਅਫ਼ਸਰ ਐਸ.ਡੀ.ਐਮ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਪੰਜਾਬੀ, ਹਿੰਦੀ, ਉਰਦੂ ਤੇ ਪੁਆਧੀ ਭਾਸ਼ਾਵਾਂ ਦੇ ਪ੍ਰਸਿੱਧ ਕਵੀਆਂ ਨੇ ਗਜ਼ਲਾਂ, ਨਜ਼ਮਾਂ, ਕਵਿਤਾਵਾਂ ਤੇ ਸਾਹਿਤਕ ਗੀਤਾਂ ਰਾਹੀਂ ਵੱਡੀ ਗਿਣਤੀ ਵਿੱਚ ਪਹੁੰਚੇ ਸਰੋਤਿਆਂ ਨੂੰ ਮੋਹ ਲਿਆ ਤੇ ਮਾਹੌਲ ਨੂੰ ਕਾਵਿ-ਰਸ ਨਾਲ ਭਰ ਦਿੱਤਾ।

ਇਸ ਕਵੀ ਦਰਬਾਰ ਵਿੱਚ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ  ਜਸਵੰਤ ਸਿੰਘ ਜ਼ਫ਼ਰ ਨੇ ਕੀਤੀ। ਮੇਜ਼ਬਾਨ ਕਾਲਜ ਦੀ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਨੇ ਸਾਰੇ ਮਹਿਮਾਨਾਂ ਦਾ ਭਰਪੂਰ ਸਵਾਗਤ ਕੀਤਾ।

ਮੇਅਰ ਕੁੰਦਨ ਗੋਗੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਲਈ ਵਿਸ਼ੇਸ਼ ਮੇਲੇ ਤੇ ਫੈਸਟੀਵਲ ਸਜਾਏ ਜਾ ਰਹੇ ਹਨ। ਇਸੇ ਲੜੀ ਵਿੱਚ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਵੀ ਭਰਵਾਂ ਰੂਪ ਦਿੱਤਾ ਜਾ ਰਿਹਾ ਹੈ।

ਪ੍ਰਧਾਨਗੀ ਭਾਸ਼ਣ ਦੌਰਾਨ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਵਿਰਾਸਤੀ ਕਵੀ ਦਰਬਾਰ ਨੂੰ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਸ਼ਾਨਦਾਰ ਹਿੱਸਾ ਦੱਸ ਕੇ ਸ਼ਲਾਘਾ ਕੀਤੀ। ਉਨ੍ਹਾਂ ਮਹਿੰਦਰਾ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਕਾਵਿ ਪ੍ਰਤੀ ਵਧਦੀ ਰੁਚੀ ਦੀ ਵੀ ਤਾਰੀਫ਼ ਕੀਤੀ। ਜ਼ਫ਼ਰ ਨੇ ਆਪਣੀਆਂ ਤਿੰਨ ਸ਼ਾਨਦਾਰ ਨਜ਼ਮਾਂ – ‘ਰੋਣਾ ਨਹੀਂ..’, ‘ਖ਼ੂਨ, ਪਸੀਨਾ ਤੇ ਸਿਆਹੀ’ ਤੇ ‘ਦੂਜਾ ਪਾਸਾ’ – ਸੁਣਾ ਕੇ ਕਵੀ ਦਰਬਾਰ ਨੂੰ ਨਵੀਂ ਉਚਾਈ ਬਖਸ਼ੀ।

ਸ੍ਰੋਮਣੀ ਕਵੀ ਸੁਰਜੀਤ ਜੱਜ ਨੇ ਆਪਣੀਆਂ ਰਚਨਾਵਾਂ ਰਾਹੀਂ ਦੇਸ਼ ਦੀ ਏਕਤਾ-ਆਖੰਡਤਾ, ਕਿਰਤੀ ਵਰਗ ਦੀ ਹਾਲਤ ਤੇ ਅਜੋਕੀ ਸਿਆਸਤ ’ਤੇ ਵਿਅੰਗ ਕਸਦੀਆਂ ਹਿੰਦੀ ਤੇ ਪੰਜਾਬੀ ਨਜ਼ਮਾਂ ਸੁਣਾਈਆਂ। ਸ੍ਰੋਮਣੀ ਕਵੀ ਬਲਵਿੰਦਰ ਸੰਧੂ ਨੇ ‘ਸ਼ਹਿਰ ਮੇਰਾ ਪਟਿਆਲਾ..’ ਰਾਹੀਂ ਸ਼ਾਹੀ ਸ਼ਹਿਰ ਦੀਆਂ ਵਿਸ਼ੇਸ਼ਤਾਵਾਂ ਨੂੰ ਬਿਆਨ ਕੀਤਾ। ਤ੍ਰੈਲੋਚਨ ਲੋਚੀ ਨੇ ਗਜ਼ਲ ‘ਤਿੰਨ ਮਾਵਾਂ’ ਤੇ ‘ਘਰਾਂ ਦੀ ਰੋਸ਼ਨੀ’ ਰਾਹੀਂ ਕਾਵਿ-ਰਸ ਬਿਖੇਰਿਆ।

ਡਾ. ਗੁਰਸੇਵਕ ਲੰਬੀ ਨੇ ‘ਦਿਲ ਨੂੰ ਤੂੰ ਦਿਲ ਰੱਖੀ’ ਰਾਹੀਂ ਇਨਸਾਨੀ ਕਦਰਾਂ-ਕੀਮਤਾਂ ਨੂੰ ਛੂਹਿਆ। ਡਾ. ਰੂਬੀਨਾ ਸ਼ਬਨਮ ਨੇ ਨਜ਼ਮ ‘ਆਵਾਗਮਣ’ ਰਾਹੀਂ ਔਰਤ ਦੇ ਇੱਕ ਜੂਨ ਵਿੱਚ ਕਈ ਜੂਨਾਂ ਹੰਢਾਉਣ ਦੀ ਤਸਵੀਰ ਪੇਸ਼ ਕੀਤੀ। ਸੰਤ ਸਿੰਘ ਸੋਹਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸ਼ਾਨਦਾਰ ਨਜ਼ਮ ਸੁਣਾਈ। ਚਰਨ ਪੁਆਧੀ ਤੇ ਸ਼ਤੀਸ਼ ਵਿਦਰੋਹੀ ਨੇ ਪੁਆਧੀ ਵਿੱਚ ‘ਮਾਰੇ ਗਾਓਂ ਕੀ ਬੁੜੀਆਂ..’ ਤੇ ‘ਮਾਰ੍ਹੀ ਬੋਲੀ, ਮਾਰ੍ਹਾ ਲਹਿਜਾ’ ਰਾਹੀਂ ਪੇਂਡੂ ਜੀਵਨ ਦਾ ਸੁੰਦਰ ਚਿਤਰਨ ਕੀਤਾ। ਨਵਦੀਪ ਮੁੰਡੀ ਨੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਵਾਲੀ ਰਚਨਾ ਪੇਸ਼ ਕੀਤੀ। ਡਾ. ਆਸ਼ਾ ਕਿਰਨ ਨੇ ਪੰਜਾਬ ਦੇ ਦੇਸੀ ਮਹੀਨਿਆਂ ਦੇ ਰੰਗਾਂ ਨੂੰ ਆਪਣੀ ਰਚਨਾ ਰਾਹੀਂ ਉਜਾਗਰ ਕੀਤਾ।

watch….OTS-2025 Success: State Waives ₹38,477 Crore in Relief

ਗੁਰਪ੍ਰੀਤ ਢਿੱਲੋਂ ਨੇ ‘ਇੱਕ ਅੱਖ ਸੁਪਨਾ’ ਤੇ ਕਿਰਪਾਲ ਮੂਣਕ ਨੇ ‘ਮਾਹੀ ਵੇ ਮੋੜ ਬਹਾਰਾ’ ਨੂੰ ਤਰੰਨਮ ਵਿੱਚ ਗਾ ਕੇ ਮੁਸ਼ਾਇਰੇ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਬਜਿੰਦਰ ਠਾਕੁਰ ਨੇ ‘ਆਪਣੀ ਬੋਲੀ, ਆਪਣਾ ਵਿਰਸਾ’ ਰਾਹੀਂ ਪੰਜਾਬੀ ਮਾਂ-ਬੋਲੀ ਤੇ ਵਿਰਸੇ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ। ਜਸਵਿੰਦਰ ਚਾਹਲ ਨੇ ਮਸ਼ਹੂਰ ਕਵਿਤਾ ‘ਮਰਦਸ਼ੁਮਾਰੀ’ ਰਾਹੀਂ ਸਭ ਨੂੰ ਮੋਹ ਲਿਆ। ਅੰਮ੍ਰਿਤਪਾਲ ਸ਼ੈਦਾ ਨੇ ਦਸਤਾਰ ਤੇ ਅਣਖ ਬਾਰੇ ਨਜ਼ਮ ਸੁਣਾ ਕੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ।

ਡਾ. ਗੁਰਵਿੰਦਰ ਅਮਨ ਨੇ ਮਿਹਨਤਕਸ਼ ਲੋਕਾਂ ਦੀ ਹਾਲਤ ’ਤੇ, ਪ੍ਰੋ. ਪੁਨੀਤ ਨੇ ਪਟਿਆਲਾ ਬਾਰੇ, ਪ੍ਰੋ. ਸੁਖਵਿੰਦਰ ਨੇ ਮਹਿੰਦਰਾ ਕਾਲਜ ਦੇ ਸਫ਼ਰ ਬਾਰੇ ਤੇ ਪ੍ਰੋ. ਗਗਨਦੀਪ ਨੇ ਪਿਤਾ-ਔਲਾਦ ਦੇ ਰਿਸ਼ਤੇ ਨੂੰ ਆਪਣੀਆਂ ਰਚਨਾਵਾਂ ਰਾਹੀਂ ਬਿਆਨ ਕੀਤਾ। ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਮੰਚ ਸੰਚਾਲਨ ਬਾਖ਼ੂਬੀ ਨਿਭਾਇਆ।

ਸਾਰੇ ਕਵੀਆਂ ਤੇ ਮਹਿਮਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਕਵੀ ਦਰਬਾਰ ਨੇ ਵੱਖ-ਵੱਖ ਭਾਸ਼ਾਵਾਂ ਦੇ ਕਾਵਿ-ਸੁਰਾਂ ਨਾਲ ਪਟਿਆਲਾ ਦੀ ਵਿਰਾਸਤ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।

LEAVE A RESPONSE

Your email address will not be published. Required fields are marked *