ਚੰਡੀਗੜ੍ਹ, 30 ਜੁਲਾਈ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਅਤੇ ਸਕੂਲ ਮੁਖੀਆਂ ਦੀ ਮਿਹਨਤ ਨੂੰ ਸਨਮਾਨ ਦੇਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ (PACE) ਤਹਿਤ ਜੇਈਈ (ਮੇਨ), ਜੇਈਈ (ਐਡਵਾਂਸਡ) ਅਤੇ ਨੀਟ ਯੂਜੀ-2026 ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ।
ਮੋਹਾਲੀ ਕਲੱਬ, ਐਸ.ਏ.ਐਸ. ਨਗਰ ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਵਾਰ ਵੀ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 361 ਵਿਦਿਆਰਥੀਆਂ ਨੇ ਜੇਈਈ (ਮੇਨ)-2026 ਪਾਸ ਕੀਤਾ, ਜੋ ਪਿਛਲੇ ਸਾਲ ਨਾਲੋਂ 35.2 ਫੀਸਦੀ ਵੱਧ ਹੈ, ਜਦਕਿ 64 ਵਿਦਿਆਰਥੀਆਂ ਨੇ ਜੇਈਈ (ਐਡਵਾਂਸਡ) ਵਿੱਚ ਸਫਲਤਾ ਹਾਸਲ ਕਰਕੇ 45.5 ਫੀਸਦੀ ਵਾਧਾ ਦਰਜ ਕੀਤਾ ਹੈ।
ਉਨ੍ਹਾਂ ਦੱਸਿਆ ਕਿ 882 ਵਿਦਿਆਰਥੀਆਂ ਨੇ ਨੀਟ ਯੂਜੀ-2026 ਪਾਸ ਕੀਤਾ ਹੈ। ਇਹ ਗਿਣਤੀ 2025 ਵਿੱਚ 847 ਅਤੇ 2024 ਵਿੱਚ 437 ਸੀ। ਦੋ ਸਾਲਾਂ ਵਿੱਚ ਨੀਟ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 100 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ, ਜੋ ਪੰਜਾਬ ਦੀ ਸਿੱਖਿਆ ਕ੍ਰਾਂਤੀ ਅਤੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਗੁਣਵੱਤਾ ਭਰੀ ਅਕਾਦਮਿਕ ਸਹਾਇਤਾ ਦਾ ਸਬੂਤ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ 10 ਵਿਦਿਆਰਥੀਆਂ ਨੇ ਆਈਆਈਟੀ, 36 ਨੇ ਐਨਆਈਟੀ ਅਤੇ 90 ਤੋਂ ਵੱਧ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਦੇਸ਼ ਦੀਆਂ ਚੋਟੀ ਦੀਆਂ ਸੰਸਥਾਵਾਂ ਲਈ ਯੋਗ ਵਿਦਿਆਰਥੀ ਤਿਆਰ ਕਰ ਰਹੇ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਪੰਜਾਬ ਦੇ ਸਿੱਖਿਆ ਮਾਡਲ ਦੀ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਜਿੱਥੇ 80 ਤੋਂ ਵੀ ਘੱਟ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜੇਈਈ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਕਾਮਯਾਬ ਹੁੰਦੇ ਸਨ, ਉੱਥੇ ਅੱਜ ਸਿਰਫ਼ ਨੀਟ ਵਿੱਚ ਹੀ 882 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।
watch….₹1,116-Crore Vardhman–Aichi Venture to Create 500+ Jobs, Boost Punjab Manufacturing
ਸਕੂਲ ਮੁਖੀਆਂ ਦੀ ਭੂਮਿਕਾ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਵਿੱਚ ਪ੍ਰਿੰਸੀਪਲ ਦਾ ਯੋਗਦਾਨ ਸਭ ਤੋਂ ਅਹਿਮ ਹੁੰਦਾ ਹੈ। ਇੱਕ ਸਮਰਪਿਤ ਪ੍ਰਿੰਸੀਪਲ ਖ਼ਸਤਾਹਾਲ ਸਕੂਲ ਨੂੰ ਵੀ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦਾ ਹੈ, ਜਦਕਿ ਸਿੱਖਿਆ ਪ੍ਰਤੀ ਜਜ਼ਬੇ ਤੋਂ ਬਿਨਾਂ ਵਧੀਆ ਨੀਤੀਆਂ ਵੀ ਪ੍ਰਭਾਵਸ਼ਾਲੀ ਨਹੀਂ ਰਹਿੰਦੀਆਂ।
ਉਨ੍ਹਾਂ ਦੱਸਿਆ ਕਿ ਜੂਨ 2026 ਦੌਰਾਨ ਸਿੱਖਿਆ ਵਿਭਾਗ ਵੱਲੋਂ ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਮੋਹਾਲੀ ਵਿੱਚ ਚਾਰ ਵੱਡੇ ਰਿਹਾਇਸ਼ੀ ਕੋਚਿੰਗ ਕੈਂਪ ਲਗਾਏ ਗਏ, ਜਿਨ੍ਹਾਂ ਰਾਹੀਂ 3,000 ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਲਈ ਵਿਸ਼ੇਸ਼ ਤਿਆਰੀ, ਮੌਕ ਟੈਸਟ, ਮੈਨਟਰਿੰਗ ਅਤੇ ਸ਼ੰਕਾ ਨਿਵਾਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ।
ਪ੍ਰਿੰਸੀਪਲਾਂ ਨੂੰ ਵਧਾਈ ਦਿੰਦਿਆਂ ਸਿੱਖਿਆ ਮੰਤਰੀ ਨੇ ਭਰੋਸਾ ਜਤਾਇਆ ਕਿ ਉਹ ਅਤੇ ਸਮੂਹ ਸਕੂਲ ਸਟਾਫ਼ ਇਸੇ ਸਮਰਪਣ ਅਤੇ ਉਤਸ਼ਾਹ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਅੱਗੇ ਵਧਾਉਂਦੇ ਰਹਿਣਗੇ।
ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਕੂਲ ਸਿਰਫ਼ ਇਮਾਰਤ ਨਾਲ ਨਹੀਂ ਬਣਦਾ, ਸਗੋਂ ਅਧਿਆਪਕ ਹੀ ਉਸਨੂੰ ਸਿੱਖਣ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਕੇਂਦਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਿਰਫ਼ ਆਧੁਨਿਕ ਬੁਨਿਆਦੀ ਢਾਂਚੇ ਤੱਕ ਸੀਮਤ ਨਹੀਂ, ਸਗੋਂ ਵਿਦਿਆਰਥੀਆਂ ਨੂੰ ਮਾਹਰ ਕੋਚਿੰਗ, ਨਿਰੰਤਰ ਮਾਰਗਦਰਸ਼ਨ, ਮੁਲਾਂਕਣ ਅਤੇ ਰਿਹਾਇਸ਼ੀ ਤਿਆਰੀ ਰਾਹੀਂ ਜੇਈਈ, ਨੀਟ ਅਤੇ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਸਮਰੱਥ ਬਣਾਉਣ ਦਾ ਯਤਨ ਹੈ।
ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਕੋਈ ਸਮਝੌਤਾ ਨਹੀਂ, ਸਗੋਂ ਆਈਆਈਟੀ, ਐਨਆਈਟੀ, ਮੈਡੀਕਲ ਕਾਲਜਾਂ ਅਤੇ ਉਜਵਲ ਭਵਿੱਖ ਵੱਲ ਇੱਕ ਮਜ਼ਬੂਤ ਰਾਹ ਬਣ ਗਿਆ ਹੈ।
ਸਮਾਗਮ ਵਿੱਚ ਪੀ.ਡੀ.ਸੀ. ਮੈਂਬਰ ਅਨੁਰਾਗ ਕੁੰਡੂ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਐਸ.ਐਸ. ਬੱਲ ਅਤੇ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।




