Homeਪੰਜਾਬੀਪੰਜਾਬਸਰਕਾਰ ਨੇ ਹੋਲਾ ਮਹੱਲੇ ਲਈ ਭਾਰਤ ਦੀ ਪਹਿਲੀ ਹਰ ਮੌਸਮ ਲਈ ਅਨੁਕੂਲ...

ਸਰਕਾਰ ਨੇ ਹੋਲਾ ਮਹੱਲੇ ਲਈ ਭਾਰਤ ਦੀ ਪਹਿਲੀ ਹਰ ਮੌਸਮ ਲਈ ਅਨੁਕੂਲ ਸਥਾਈ ਟੈਂਟ ਸਿਟੀ ਸਥਾਪਤ ਕੀਤੀ

- Advertisement -spot_img

• ਇਸ ਸਾਲ ਗ੍ਰੀਨ ਹੋਲਾ ਮਹੱਲਾ ਮਨਾਇਆ ਜਾਵੇਗਾ; ਸਿੰਗਲ-ਯੂਜ਼ ਪਲਾਸਟਿਕ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ

• 28 ਪਾਰਕਿੰਗ ਜ਼ੋਨਾਂ, ਦੋ ਟਰਾਲੀ ਸਿਟੀਆਂ, 100 ਈ-ਰਿਕਸ਼ਾ ਅਤੇ ਅੱਪਗ੍ਰੇਡ ਕੀਤੇ ਗਏ ਸਿਹਤ ਤੇ ਸੁਰੱਖਿਆ ਪ੍ਰਬੰਧ ਨਿਰਵਿਘਨ ਸਮਾਗਮ ਯਕੀਨੀ ਬਣਾਉਣਗੇ:

• ਹੋਲਾ ਮਹੱਲੇ ਦੇ ਰੰਗ ਨੂੰ ਹੋਰ ਗੂੜ੍ਹਾ ਕਰਨ ਲਈ ਵਿਰਾਸਤ-ਏ-ਖਾਲਸਾ ਵਿਖੇ 2 ਅਤੇ 3 ਮਾਰਚ ਦੀ ਸ਼ਾਮ ਨੂੰ ਆਤਿਸ਼ਬਾਜ਼ੀ ਹੋਵੇਗੀ

ਚੰਡੀਗੜ੍ਹ, 2 ਮਾਰਚ

ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਬੈਂਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲਾ ਮਹੱਲਾ ਸਬੰਧੀ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਲਈ ਬਣਾਈ ਗਈ ਸਥਾਈ ਟੈਂਟ ਸਿਟੀ ਸਮੇਤ ਨਿਰਵਿਘਨ ਧਾਰਮਿਕ ਦਰਸ਼ਨਾਂ ਲਈ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਵਾਤਾਵਰਣਪੱਖੀ ਉਪਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਾਰਤ ਵਿੱਚ ਪਹਿਲੀ ਵਾਰ ਸਥਾਈ (ਪਰਮਾਨੈਂਟ) ਏਅਰ-ਕੰਡੀਸ਼ਨਡ ਟੈਂਟ ਸਿਟੀ ਅਤੇ ਗ੍ਰੀਨ ਹੋਲਾ ਮਹੱਲਾ ਵਰਗੀਆਂ ਅਹਿਮ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਸਥਾਈ ਢਾਂਚੇ ਦੀ ਸਫਲਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੀਖਣ ਤੋਂ ਬਾਅਦ ਸਥਾਈ ਟੈਂਟ ਸਿਟੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ ਅਤੇ ਹੁਣ ਪਵਿੱਤਰ ਨਗਰੀ ਵਿੱਚ ਇਹ ਸਥਾਈ ਟੈਂਟ ਸਿਟੀ ਸਥਾਪਤ ਕਰ ਦਿੱਤੀ ਗਈ ਹੈ।

ਸਿੱਖਿਆ ਮੰਤਰੀ ਨੇ ਕਿਹਾ, “ਇਹ ਪੰਜਾਬ ਦੇ ਧਾਰਮਿਕ ਸੈਰ-ਸਪਾਟੇ ਲਈ ਇੱਕ ਇਤਿਹਾਸਕ ਪਲ ਹੈ। ਅਸੀਂ ਅੱਜ ਇੱਕ ਸਥਾਈ, ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਟੈਂਟ ਸਿਟੀ ਸੰਗਤ ਨੂੰ ਸਮਰਪਿਤ ਕਰ ਰਹੇ ਹਾਂ। ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੈ ਜੋ ਸਾਲ ਭਰ ਸੰਗਤ ਨੂੰ ਸੁਖਦ ਰਿਹਾਇਸ਼ ਪ੍ਰਦਾਨ ਕਰੇਗੀ। ਇਸ ਨਾਲ ਨਾ ਸਿਰਫ਼ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੰਗਤ ਨੂੰ ਫਾਇਦਾ ਹੋਵੇਗਾ ਬਲਕਿ ਸ੍ਰੀ ਅਨੰਦਪੁਰ ਸਾਹਿਬ ਦੀ ਸੈਰ-ਸਪਾਟਾ ਸੰਭਾਵਨਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਅਤੇ ਆਉਣ ਵਾਲੀ ਸੰਗਤ ਨੂੰ ਬਿਹਤਰ ਅਨੁਭਵ ਮਿਲੇਗਾ।”

ਵਾਤਾਵਰਣ ਸੰਭਾਲ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ. ਬੈਂਸ ਨੇ ਕਿਹਾ ਕਿ ਇਸ ਸਾਲ ਗ੍ਰੀਨ ਹੋਲਾ ਮਹੱਲਾ ਮਨਾਇਆ ਜਾਵੇਗਾ। ਸਿੰਗਲ-ਯੂਜ਼ ਪਲਾਸਟਿਕ ‘ਤੇ ਪੂਰੀ ਪਾਬੰਦੀ ਲਗਾਈ ਗਈ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਰੇ ਲੰਗਰ ਸਥਾਨਾਂ ‘ਤੇ ਬਾਇਓਡੀਗ੍ਰੇਡੇਬਲ ਬਰਤਨਾਂ ਦਾ ਖਰਚਾ ਉਠਾਇਆ ਜਾਵੇਗਾ।

ਉਨ੍ਹਾਂ ਕਿਹਾ, “ਲੱਖਾਂ ਸੰਗਤ ਦੀ ਸੇਵਾ ਲਈ ਵੱਡੇ ਪੱਧਰ ‘ਤੇ ਲੰਗਰ ਲੱਗ ਰਹੇ ਹਨ, ਇਸ ਲਈ ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਤਰਜੀਹ ਦਿੱਤੀ ਗਈ ਹੈ। ਵਰਤੇ ਜਾਣ ਵਾਲੇ ਹਰ ਪਲੇਟ, ਕੱਪ ਅਤੇ ਭਾਂਡੇ ਬਾਇਓਡੀਗ੍ਰੇਡੇਬਲ ਅਤੇ ਗੈਰ-ਪਲਾਸਟਿਕ ਸਮੱਗਰੀ ਦੇ ਹੋਣਗੇ।”

ਦੁਨੀਆਂ ਭਰ ਦੀ ਸਿੱਖ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂਘਰ ਦਰਸ਼ਨਾਂ ਲਈ ਆਉਣ ਦਾ ਸੱਦਾ ਦਿੰਦੇ ਹੋਏ, ਸ. ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਤੋਂ ਬਾਅਦ, ਸੂਬਾ ਸਰਕਾਰ ਨਵੇਂ ਜੋਸ਼ ਨਾਲ ਹੋਲਾ ਮਹੱਲਾ ਮਨਾ ਰਹੀ ਹੈ। ਉਨ੍ਹਾਂ ਸਾਰੀ ਸੰਗਤ ਨੂੰ ਪਰਿਵਾਰ ਸਮੇਤ ਹੋਲੇ ਮਹੱਲੇ ਵਿੱਚ ਸ਼ਾਮਲ ਹੋਣ ਅਤੇ ਇਸ ਇਤਿਹਾਸਕ ਜਸ਼ਨ ਦੀ ਅਧਿਆਤਮਿਕ ਸ਼ਾਨ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ।

ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਲਾਈਟਾਂ ਨਾਲ ਵੱਡੇ ਪੱਧਰ ‘ਤੇ ਸਜਾਇਆ ਗਿਆ ਹੈ ਜੋ ਰਾਤ ਨੂੰ ਰੂਹਾਨੀ ਅਨੁਭਵ ਪ੍ਰਦਾਨ ਕਰਦਾ ਹੈ। ਪੰਜ ਪਿਆਰਿਆਂ ਦੇ ਪਾਰਕ ਨੂੰ ਨਵਾਂ ਰੂਪ ਦਿੱਤਾ ਗਿਆ ਹੈ ਜੋ ਵਿਰਾਸਤੀ ਸ਼ਾਨ ਬਹਾਲੀ ਵੱਲ ਸਰਕਾਰ ਦੀ ਤਰਜੀਹ ਨੂੰ ਦਰਸਾਉਂਦਾ ਹੈ। ਭਾਈ ਜੈਤਾ ਜੀ ਅਜਾਇਬ ਘਰ ਅਤੇ ਹੋਰ ਸਥਾਨ ਆਪਣੇ ਅਮੀਰ ਇਤਿਹਾਸਕ ਪ੍ਰਦਰਸ਼ਨੀਆਂ ਨਾਲ ਸੰਗਤ ਨੂੰ ਆਕਰਸ਼ਿਤ ਕਰ ਰਹੇ ਹਨ।

watch….Punjab Wins Prestigious ‘Digital Excellence Award’ for Citizen-Centric Reforms

ਪੰਜਾਬ ਦੇ ਹਰ ਕੋਨੇ ਤੋਂ ਟਰੈਕਟਰਾਂ ਅਤੇ ਟਰਾਲੀਆਂ ‘ਤੇ ਆਉਣ ਵਾਲੀ ਸੰਗਤ ਲਈ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ 28 ਸਮਰਪਿਤ ਪਾਰਕਿੰਗ ਜ਼ੋਨ, ਦੋ ਵਿਸ਼ੇਸ਼ ‘ਟਰਾਲੀ ਸਿਟੀਆਂ’ ਅਤੇ ਟਰਾਲੀ ਸਟ੍ਰੀਟ ਸਥਾਪਤ ਕੀਤੀਆਂ ਹਨ। ਬਾਥਰੂਮ, ਸੀਸੀਟੀਵੀ ਅਤੇ ਜਾਣਕਾਰੀ ਵਾਲੀਆਂ ਐਲਈਡੀ ਸਕ੍ਰੀਨਾਂ ਨਾਲ ਲੈਸ ਇਹ ਸਹੂਲਤਾਂ ਵੱਖ-ਵੱਖ ਖੇਤਰਾਂ ਵਿੱਚ ਰਣਨੀਤਕ ਤੌਰ ‘ਤੇ ਸਥਿਤ ਹਨ। ਮਾਝਾ ਅਤੇ ਦੋਆਬਾ ਵਾਲੀ ਸੰਗਤ ਨੂੰ ਚਰਨ ਗੰਗਾ ਨੇੜੇ ਟਰਾਲੀ ਸਿਟੀ ਵੱਲ ਭੇਜਿਆ ਜਾਵੇਗਾ, ਜਦਕਿ ਮਾਲਵਾ ਅਤੇ ਚੰਡੀਗੜ੍ਹ ਵੱਲੋਂ ਆਉਣ ਵਾਲੀ ਸੰਗਤ ਨੂੰ ਪਿੰਡ ਝਿੰਜੜੀ ਵਿੱਚ ਠਹਿਰਾਇਆ ਜਾਵੇਗਾ।

 ਬੈਂਸ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਰਗੇ ਮੁੱਖ ਧਾਰਮਿਕ ਸਥਾਨਾਂ ‘ਤੇ ਸੰਗਤ ਨੂੰ ਲਿਜਾਣ ਲਈ 100 ਈ-ਰਿਕਸ਼ਾ ਸ਼ਟਲ ਸੇਵਾਵਾਂ ਚਲਾਈਆਂ ਜਾਣਗੀਆਂ ਤਾਂ ਜੋ ਹੋਲਾ ਮਹੱਲਾ ਦੌਰਾਨ ਆਵਾਜਾਈ ਸੁਚਾਰੂ ਰਹੇ।

ਉਨ੍ਹਾਂ ਐਲਾਨ ਕੀਤਾ ਕਿ 2 ਅਤੇ 3 ਮਾਰਚ ਨੂੰ ਵਿਰਾਸਤ-ਏ-ਖਾਲਸਾ ਵਿਖੇ ਸ਼ਾਮ ਨੂੰ ਆਤਿਸ਼ਬਾਜ਼ੀ ਦੀ ਸ਼ਾਨਦਾਰ ਪੇਸ਼ਕਾਰੀ ਹੋਵੇਗੀ ਜਿਸ ਨਾਲ ਹੋਲਾ ਮਹੱਲੇ ਦੇ ਜਸ਼ਨਾਂ ਦਾ ਰੰਗ ਹੋਰ ਵਧੇਗਾ।

ਸਿਹਤ ਅਤੇ ਸੁਰੱਖਿਆ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਚਰਨ ਗੰਗਾ ਸਟੇਡੀਅਮ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੂਰੀ ਤਰ੍ਹਾਂ ਲੈਸ ਐਂਬੂਲੈਂਸਾਂ ਤਾਇਨਾਤ ਹਨ ਅਤੇ ਹਰ ਪਾਰਕਿੰਗ ਤੇ ਮੁੱਖ ਸਥਾਨ ‘ਤੇ ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਸੰਗਤ ਦੀ ਸੁਰੱਖਿਆ ਲਈ ਚਰਨ ਗੰਗਾ ਸਟੇਡੀਅਮ ਨੇੜੇ ਮੁੱਖ ਇਕੱਠ ਦੇ ਰਸਤੇ ‘ਤੇ ਤਿੰਨ-ਪਰਤੀ ਬੈਰੀਕੇਡਿੰਗ ਅਤੇ ਮਜ਼ਬੂਤ ਸੁਰੱਖਿਆ ਉਪਾਅ ਕੀਤੇ ਗਏ ਹਨ। ਨਿਹੰਗ ਸਿੰਘਾਂ ਨੂੰ ਰਵਾਇਤੀ ਯੁੱਧ ਪ੍ਰਦਰਸ਼ਨਾਂ ਲਈ ਜਗ੍ਹਾ ਦਿੱਤੀ ਗਈ ਹੈ।

ਮੁੱਖ ਇਕੱਠ ਦੀ ਲਾਈਵ ਜਾਣਕਾਰੀ ਅਤੇ ਪ੍ਰਸਾਰਣ ਲਈ ਮੁੱਖ ਸਥਾਨਾਂ ‘ਤੇ 20 ਵੱਡੀਆਂ ਐਲਈਡੀ ਸਕ੍ਰੀਨਾਂ ਲਗਾਈਆਂ ਗਈਆਂ ਹਨ। ਇਹ ਪਹਿਲਕਦਮੀ ਪਾਰਕਿੰਗ ਖੇਤਰਾਂ ਵਿੱਚ ਵਿਰਾਸਤੀ ਖੇਡਾਂ ਅਤੇ ਕਰਾਫਟ ਮੇਲੇ ਨਾਲ ਸੰਗਤ ਨੂੰ ਜੋੜੇ ਰੱਖੇਗੀ। ਸ. ਹਰਜੋਤ ਸਿੰਘ ਬੈਂਸ ਨੇ ਇਸ ਇਤਿਹਾਸਕ ਜਸ਼ਨ ਦੀ ਸਫਲਤਾ ਲਈ ਮਹੀਨਿਆਂ ਦੀ ਤਿਆਰੀ ਅਤੇ ਮਿਹਨਤ ਲਈ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here