-ਸੰਭਾਵੀ ਮਰੀਜ਼ਾਂ ਦੇ ਮੌਕੇ ’ਤੇ ਟੈਸਟ ਤੇ ਤੁਰੰਤ ਇਲਾਜ ਲਈ ਮੋਬਾਇਲ ਸੀ.ਬੀ. ਨੈਟ ਵੈਨ ਰਵਾਨਾ
ਪਟਿਆਲਾ, 24 ਮਾਰਚ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਵਿਸ਼ਵ ਟੀ.ਬੀ. ਦਿਵਸ ਮੌਕੇ ਪਦਮਸ਼੍ਰੀ ਡਾ. ਖੁਸ਼ਦੇਵਾ ਸਿੰਘ ਛਾਤੀ ਰੋਗਾਂ ਤੇ ਟੀ.ਬੀ. ਹਸਪਤਾਲ, ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਸੂਬੇ ਵਿੱਚ ਟੀ.ਬੀ. ਮੁਕਤ ਭਾਰਤ ਅਭਿਆਨ ਦੀ ਔਪਚਾਰਿਕ ਸ਼ੁਰੂਆਤ ਕੀਤੀ।
ਇਸ ਮੌਕੇ ਸਿਹਤ ਮੰਤਰੀ ਨੇ ਟੀ.ਬੀ. ਦੇ ਸੰਭਾਵੀ ਮਰੀਜ਼ਾਂ ਦੀ ਛਾਤੀ ਦੇ ਐਕਸ-ਰੇ ਤੇ ਤੁਰੰਤ ਟੈਸਟਿੰਗ ਲਈ ਮੋਬਾਇਲ ਸੀ.ਬੀ. ਨੈਟ ਵੈਨ ਵੀ ਰਵਾਨਾ ਕੀਤੀ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, “ਆਓ, ਸਾਰੇ ਇੱਕਠੇ ਮਿਲ ਕੇ ਇੱਕ ਸਿਹਤਮੰਦ ਪੰਜਾਬ ਬਣਾਈਏ ਅਤੇ ਟੀ.ਬੀ. ਨੂੰ ਖਤਮ ਕਰਨ ਲਈ ‘ਨਿਕਸ਼ੇ ਮਿੱਤਰ’ ਬਣਨ ਦਾ ਪ੍ਰਣ ਲਈਏ ਤਾਂ ਜੋ ਟੀ.ਬੀ. ਇੱਕ ਕਲੰਕ ਨਾ ਬਣੇ ਅਤੇ ਰੋਗੀਆਂ ਨੂੰ ਤੁਰੰਤ ਇਲਾਜ ਮਿਲ ਸਕੇ।”
ਸਿਹਤ ਮੰਤਰੀ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਅੱਜ ਟੀ.ਬੀ., ਸ਼ੂਗਰ ਤੇ ਐਚ.ਆਈ.ਵੀ./ਏਡਜ਼ ਵਰਗੀਆਂ ਬੀਮਾਰੀਆਂ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਸਥਿਤੀ ਵਿਚਾਲੇ ਵੀ ਇੱਕ ਖੁਸ਼ਖਬਰੀ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਵਿਚ 40 ਲੱਖ ਪਰਿਵਾਰਾਂ ਨੂੰ ਸਿਹਤਮੰਦ ਖੁਰਾਕ ਅਤੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਵਰਗੀ ਨਿਵੇਕਲੀ ਪਹਿਲ ਕੀਤੀ ਹੈ।
watch…..ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਹਰ ਸਾਲ ਟੀ.ਬੀ. ਦੇ ਲਗਭਗ 60 ਹਜ਼ਾਰ ਕੇਸ ਸਾਹਮਣੇ ਆ ਰਹੇ ਹਨ, ਪਰ ਇਸ ਤੋਂ ਵੀ ਵੱਧ ਕੇਸ ਅਜੇ ਅਣਪਛਾਤੇ ਹਨ। ਇਸ ਲਈ ਟੀ.ਬੀ. ਦੇ ਕੇਸਾਂ ਨੂੰ ਛੇਤੀ ਲੱਭਣਾ ਅਤੇ ਤੁਰੰਤ ਇਲਾਜ ਸ਼ੁਰੂ ਕਰਨਾ ਇਸ ਮੁਹਿੰਮ ਦਾ ਮੁੱਖ ਟੀਚਾ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਪਿਛਲੇ ਸਾਲ ਟੀ.ਬੀ. ਕੇਸ ਲੱਭਣ ਵਿਚ ਪੰਜਾਬ ਦੇਸ਼ ਭਰ ਵਿਚ ਦੂਜੇ ਸਥਾਨ ’ਤੇ ਰਿਹਾ ਅਤੇ ਇਸ ਵਾਰ ਹੋਰ ਬਿਹਤਰ ਰੈਂਕਿੰਗ ਹਾਸਲ ਕਰਨ ਦਾ ਟੀਚਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਰਵਾਨਾ ਕੀਤੀ ਗਈ ਮੋਬਾਇਲ ਵੈਨ ਬਜ਼ੁਰਗਾਂ, ਝੁੱਗੀ-ਝੌਂਪੜੀਆਂ ਅਤੇ ਉੱਚ ਖ਼ਤਰੇ ਵਾਲੇ ਖੇਤਰਾਂ ਵਿਚ ਜਾ ਕੇ ਛਾਤੀ ਦੇ ਐਕਸ-ਰੇ ਤੇ ਟੈਸਟ ਕਰੇਗੀ ਅਤੇ ਟੀ.ਬੀ. ਪਾਏ ਜਾਣ ’ਤੇ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਇਸ ਮੁਹਿੰਮ ਵਿਚ ਸਹਿਯੋਗ ਦੀ ਅਪੀਲ ਕੀਤੀ।
ਡਾ. ਬਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਸਿਹਤ ਕ੍ਰਾਂਤੀ ਆ ਰਹੀ ਹੈ। ਰਾਜ ਵਿਚ 9 ਨਵੀਂ ਮੈਡੀਕਲ ਕਾਲਜ ਬਣ ਰਹੇ ਹਨ ਅਤੇ ਆਮ ਆਦਮੀ ਕਲੀਨਿਕਾਂ ਵਿਚ 107 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਹੁਣ ਮਰੀਜ਼ਾਂ ਲਈ ਵਰਦਾਨ ਬਣ ਰਹੇ ਹਨ।
ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਪੀ.ਐੱਸ. ਸਿਬੀਆ, ਸਟੇਟ ਟੀ.ਬੀ. ਅਫ਼ਸਰ ਡਾ. ਰਜੇਸ਼ ਭਾਸਕਰ, ਟੀ.ਬੀ. ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਡਾਕਟਰ ਤੇ ਅਧਿਕਾਰੀ ਹਾਜ਼ਰ ਸਨ।




