-ਪਿਛਲੀਆਂ ਸਰਕਾਰਾਂ ਨੇ ਆਪਣੇ ਪੁੱਤ-ਭਤੀਜੇ ਅਤੇ ਚਹੇਤੇ ਨੂੰ ਨੌਕਰੀਆਂ ਵੰਡੀਆਂ, ਅਸੀਂ ਕਾਬਲ ਤੇ ਹੋਣਹਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ
-ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ 48,000 ਬੱਚਿਆਂ ਲਈ ਪਹਿਲੀ ਵਾਰ ਵੱਖਰਾ ਸਪੈਸ਼ਲ ਐਜੂਕੇਟਰ ਕਾਡਰ ਬਣਾਇਆ, ਅਧਿਆਪਕ ਭਰਤੀ ਕੀਤੇ
ਚੰਡੀਗੜ੍ਹ, 3 ਜਨਵਰੀ
ਪੰਜਾਬ ਸਰਕਾਰ ਦੇ ‘ਮਿਸ਼ਨ ਰੋਜ਼ਗਾਰ’ ਅਧੀਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਨਾਲ ਪੰਜਾਬ ਵਿੱਚ ਪਹਿਲੀ ਵਾਰ ਚਾਰ ਸਾਲਾਂ ਦੌਰਾਨ ਨੌਜਵਾਨਾਂ ਨੂੰ 61,000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲਣ ਦਾ ਨਵਾਂ ਰਿਕਾਰਡ ਸਥਾਪਤ ਹੋਇਆ ਹੈ।
ਇਨ੍ਹਾਂ ਉਮੀਦਵਾਰਾਂ ਵਿੱਚ 385 ਸਪੈਸ਼ਲ ਐਜੂਕੇਟਰ ਅਧਿਆਪਕ, 157 ਪ੍ਰਾਇਮਰੀ ਅਧਿਆਪਕ, 8 ਪ੍ਰਿੰਸੀਪਲ ਅਤੇ ਤਰਸ ਦੇ ਆਧਾਰ ਉੱਤੇ ਭਰਤੀ ਹੋਏ 56 ਮੁਲਾਜ਼ਮ ਸ਼ਾਮਲ ਹਨ।
ਨਵ-ਨਿਯੁਕਤ ਉਮੀਦਵਾਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਅਤੇ ਪਾਰਦਰਸ਼ੀ ਤਰੀਕੇ ਨਾਲ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦੇਣੀ ਪਈ। ਮੁੱਖ ਮੰਤਰੀ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਸਰਕਾਰੀ ਨੌਕਰੀਆਂ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 61,281 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅੱਜ ਵੀ ਉਹ ਦਿਨ ਯਾਦ ਹਨ ਜਦੋਂ ਨੌਜਵਾਨ ਨਿਯੁਕਤੀ ਪੱਤਰ ਦੀ ਉਡੀਕ ਵਿੱਚ ਸਾਲਾਂ ਤੱਕ ਡਾਕੀਏ ਦਾ ਇੰਤਜ਼ਾਰ ਕਰਦੇ ਰਹਿੰਦੇ ਸਨ, ਪਰ ਹੁਣ ਉਹ ਦੌਰ ਖਤਮ ਹੋ ਗਿਆ ਹੈ। ਸਾਡੀ ਸਰਕਾਰ ਨੌਜਵਾਨਾਂ ਨੂੰ ਆਪਣੇ ਹੱਥੀਂ ਨਿਯੁਕਤੀ ਪੱਤਰ ਵੰਡ ਕੇ ਸਨਮਾਨਿਤ ਕਰ ਰਹੀ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਕਾਬਲੀਅਤ ਅਤੇ ਯੋਗਤਾ ਦੀ ਕਦਰ ਨਹੀਂ ਕੀਤੀ, ਸਗੋਂ ਆਪਣੇ ਪੁੱਤ-ਭਤੀਜਿਆਂ ਤੇ ਚਹੇਤਿਆਂ ਨੂੰ ਰਿਉੜੀਆਂ ਵਾਂਗ ਨੌਕਰੀਆਂ ਵੰਡੀਆਂ। ਯੋਗਤਾ ਹੋਣ ਦੇ ਬਾਵਜੂਦ ਨੌਕਰੀ ਦੀ ਉਡੀਕ ਵਿੱਚ ਭਟਕਦੇ ਨੌਜਵਾਨਾਂ ਦਾ ਦੁੱਖ-ਦਰਦ ਉਨ੍ਹਾਂ ਨੇ ਨਹੀਂ ਸਮਝਿਆ। ਅਸੀਂ ਚਾਰ ਸਾਲਾਂ ਵਿੱਚ ਪੰਜਾਬ ਦੇ ਹਰ ਪਿੰਡ, ਸ਼ਹਿਰ ਤੇ ਕਸਬੇ ਦੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ਉੱਤੇ ਨੌਕਰੀ ਦਿੱਤੀ ਤਾਂ ਜੋ ਸਾਧਾਰਨ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਸਕੇ। ਰਵਾਇਤੀ ਪਾਰਟੀਆਂ ਦੇ ਸਿਆਸਤਦਾਨ ਆਪਣੇ ਪਰਿਵਾਰ, ਰਿਸ਼ਤੇਦਾਰ ਤੇ ਚਹੇਤਿਆਂ ਨੂੰ ਹੀ ਪੰਜਾਬ ਸਮਝਦੇ ਸਨ, ਪਰ ਮੇਰੇ ਲਈ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ।”
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਪਹਿਲੀ ਵਾਰ ਸਪੈਸ਼ਲ ਐਜੂਕੇਟਰ ਅਧਿਆਪਕਾਂ ਦਾ ਵੱਖਰਾ ਕਾਡਰ ਬਣਾਇਆ ਗਿਆ ਹੈ ਅਤੇ ਅੱਜ 385 ਸਪੈਸ਼ਲ ਐਜੂਕੇਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਇਸ ਨਾਲ ਪ੍ਰਾਇਮਰੀ ਤੇ ਸੈਕੰਡਰੀ ਪੱਧਰ ਉੱਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨਵੇਂ ਹੁਨਰ ਸਿੱਖਣ ਵਿੱਚ ਵੱਡਾ ਲਾਭ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਇਸ ਸਮੇਂ ਲਗਭਗ 48,000 ਵਿਸ਼ੇਸ਼ ਲੋੜਾਂ ਵਾਲੇ ਬੱਚੇ ਪੜ੍ਹ ਰਹੇ ਹਨ।
ਸਪੈਸ਼ਲ ਐਜੂਕੇਟਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਤੁਹਾਡੀ ਡਿਊਟੀ ਸਿਰਫ਼ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ, ਸਗੋਂ ਮਾਨਵਤਾ ਦੀ ਸੇਵਾ ਪ੍ਰਤੀ ਜ਼ਿੰਮੇਵਾਰੀ ਵੀ ਹੈ। ਤੁਸੀਂ ਇਨ੍ਹਾਂ ਬੱਚਿਆਂ ਦੇ ਭਵਿੱਖ ਵਿੱਚ ਮਾਪਿਆਂ ਤੋਂ ਵੀ ਵੱਡੀ ਭੂਮਿਕਾ ਨਿਭਾਉਣੀ ਹੈ। ਮੈਨੂੰ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਇਸ ਨੇਕ ਕੰਮ ਲਈ ਪੂਰੀ ਸਮਰਪਣ ਭਾਵਨਾ ਨਾਲ ਕੰਮ ਕਰੋਗੇ।”
ਨਵ-ਨਿਯੁਕਤ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਚੰਗੇ ਭਵਿੱਖ ਦੀ ਡੋਰ ਅਧਿਆਪਕ ਦੇ ਹੱਥ ਵਿੱਚ ਹੁੰਦੀ ਹੈ ਅਤੇ ਅਧਿਆਪਕ ਦਾ ਫ਼ਰਜ਼ ਵਿਦਿਆਰਥੀਆਂ ਦੇ ਮਨਾਂ ਨੂੰ ਗਿਆਨ ਦੀ ਰੌਸ਼ਨੀ ਨਾਲ ਭਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਹੀ ਵਿਦਿਆਰਥੀ ਦੇ ਦਿਮਾਗ ਨੂੰ ਡਾਕਟਰ, ਇੰਜੀਨੀਅਰ ਜਾਂ ਕਲਾਕਾਰ ਬਣਾਉਣ ਲਈ ਢਾਲਦਾ ਹੈ, ਜਿਵੇਂ ਮੂਰਤੀਕਾਰ ਆਪਣੀਆਂ ਰਚਨਾਵਾਂ ਨੂੰ ਆਕਾਰ ਦਿੰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, “ਅਧਿਆਪਕ ਦਾ ਬੱਚੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਨਿਰਮਲ ਮਨ ਉੱਤੇ ਜੋ ਵੀ ਉਕਰਿਆ ਜਾਂਦਾ ਹੈ, ਉਹ ਸਾਰੀ ਉਮਰ ਨਹੀਂ ਮਿਟਦਾ।”
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਹਨ। 234 ਪ੍ਰਿੰਸੀਪਲਾਂ ਤੇ ਸਿੱਖਿਆ ਅਧਿਕਾਰੀਆਂ ਨੇ ਸਿੰਗਾਪੁਰ ਵਿੱਚ, 249 ਮੁੱਖ ਅਧਿਆਪਕਾਂ ਨੇ ਆਈ.ਆਈ.ਐਮ. ਅਹਿਮਦਾਬਾਦ ਵਿੱਚ ਤੇ 216 ਪ੍ਰਾਇਮਰੀ ਅਧਿਆਪਕਾਂ ਨੇ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਵਿੱਚ ਵਿਸ਼ੇਸ਼ ਸਿਖਲਾਈ ਲਈ ਹੈ। ਸੂਬਾ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਇਨਕਲਾਬੀ ਕਦਮ ਚੁੱਕੇ ਹਨ, ਜਿਨ੍ਹਾਂ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਸੂਬੇ ਵਿੱਚ 118 ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਜਾ ਰਹੇ ਹਨ, ਜੋ ਗ਼ਰੀਬ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਮਹੱਤਵਪੂਰਨ ਸ਼ੁਰੂਆਤ ਹਨ। ਸਕੂਲੀ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਖਾਸ ਤੌਰ ਉੱਤੇ ਲੜਕੀਆਂ ਲਈ ਮੁਫ਼ਤ ਸਕੂਲ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਕੋਈ ਵੀ ਲੜਕੀ ਸਿੱਖਿਆ ਤੋਂ ਵਾਂਝੀ ਨਾ ਰਹੇ।
watch….Punjab Government Signs Agreement for ₹10 Lakh Universal Cashless Health Insurance Scheme
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਸ਼ੁਰੂ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਸਰਕਾਰੀ ਸਕੂਲ ਵਿੱਚ ਸਿੱਖਿਆ ਕ੍ਰਾਂਤੀ ਦਾ ਸਪੱਸ਼ਟ ਅਸਰ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦਾ ਕੋਈ ਵੀ ਸਰਕਾਰੀ ਸਕੂਲ ਅਜਿਹਾ ਨਹੀਂ ਜਿੱਥੇ ਬੱਚਾ ਜ਼ਮੀਨ ਉੱਤੇ ਬੈਠ ਕੇ ਪੜ੍ਹਦਾ ਹੋਵੇ। ਸਾਲ 2022 ਵਿੱਚ 28 ਲੱਖ ਬੱਚਿਆਂ ਵਿੱਚੋਂ 4 ਲੱਖ ਬੱਚੇ ਜ਼ਮੀਨ ਉੱਤੇ ਬੈਠ ਕੇ ਪੜ੍ਹਦੇ ਸਨ। ਸਰਕਾਰੀ ਸਕੂਲਾਂ ਦੀਆਂ ਲੜਕੀਆਂ ਲਈ ਬੱਸ ਸਹੂਲਤ ਦਿੱਤੀ ਗਈ ਹੈ ਅਤੇ 10,000 ਵਿਦਿਆਰਥਣਾਂ ਇਸ ਦਾ ਲਾਭ ਲੈ ਰਹੀਆਂ ਹਨ। ਪਹਿਲੀ ਵਾਰ ਸਰਕਾਰੀ ਸਕੂਲਾਂ ਦੀ ਸੁਰੱਖਿਆ ਲਈ ਸਾਬਕਾ ਫੌਜੀਆਂ ਨੂੰ ਸਕਿਉਰਿਟੀ ਗਾਰਡ ਵਜੋਂ ਭਰਤੀ ਕੀਤਾ ਗਿਆ ਹੈ। ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਪ੍ਰਿੰਸੀਪਲ ਨਿਯੁਕਤ ਹੋ ਚੁੱਕੇ ਹਨ। ਸ੍ਰੀ ਬੈਂਸ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਵਿਆਪਕ ਪੱਧਰ ਉੱਤੇ ਮਨਾਉਣ ਅਤੇ ਸ਼ਹੀਦੀ ਸਭਾ ਦੇ ਵਿਸ਼ੇਸ਼ ਪ੍ਰਬੰਧਾਂ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਨਵ-ਨਿਯੁਕਤ ਨੌਜਵਾਨਾਂ ਨੇ ਮੁੱਖ ਮੰਤਰੀ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ। ਮਲੋਟ ਤੋਂ ਨਿਤਿਨ ਨੇ ਦੱਸਿਆ ਕਿ 2025 ਵਿੱਚ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਚੁਣਿਆ ਗਿਆ ਸੀ ਪਰ ਜੁਆਇਨ ਨਹੀਂ ਕੀਤਾ ਅਤੇ ਅਧਿਆਪਕ ਬਣਨ ਲਈ ਮਿਹਨਤ ਕੀਤੀ। ਅੱਜ ਉਸ ਦਾ ਸੁਪਨਾ ਪੂਰਾ ਹੋਇਆ ਅਤੇ ਉਸ ਨੇ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਗੁਰਦਾਸਪੁਰ ਤੋਂ ਨਵਪ੍ਰੀਤ ਕੌਰ ਨੇ ਕਿਹਾ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਸਪੈਸ਼ਲ ਐਜੂਕੇਟਰ ਸੀ, ਹੁਣ ਸਰਕਾਰੀ ਨੌਕਰੀ ਮਿਲਣ ਨਾਲ ਉਸ ਦਾ ਸੁਪਨਾ ਸਾਕਾਰ ਹੋਇਆ। ਉਸ ਨੇ ਮੈਰਿਟ ਅਧਾਰਤ ਨੌਕਰੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਫਾਜ਼ਿਲਕਾ ਤੋਂ ਇੱਕ ਨਵ-ਨਿਯੁਕਤ ਮਹਿਲਾ ਅਧਿਆਪਕਾ ਨੇ ਦੱਸਿਆ ਕਿ ਉਹ 12 ਸਾਲਾਂ ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੀ ਸੀ ਅਤੇ ਹੁਣ ਉਸ ਦੀ ਉਡੀਕ ਖਤਮ ਹੋਈ। ਪਟਿਆਲਾ ਤੋਂ ਸ਼ਿਲਪਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਅਨਿੰਦਿਤਾ ਮਿੱਤਰਾ, ਡਾਇਰੈਕਟਰ ਉਚੇਰੀ ਸਿੱਖਿਆ ਐਚ.ਐਸ. ਬਰਾੜ, ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ ਤੇ ਹੋਰ ਅਧਿਕਾਰੀ ਹਾਜ਼ਰ ਸਨ।

