ਸੰਘੋਲ, 9 ਸਤੰਬਰ (ਔਜਲਾ)
ਨਜ਼ਦੀਕੀ ਪਿੰਡ ਸਿੱਧੂਪੁਰ ਕਲਾਂ ਵਿੱਚ ਇੱਕ ਬਜ਼ੁਰਗ ਤੋਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਬੁਢਾਪਾ ਪੈਨਸ਼ਨ ਦੇ ਪੈਸੇ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਸੁਰਿੰਦਰ ਸਿੰਘ ਦੁਪਹਿਰ ਸਮੇਂ ਪਿੰਡ ਨੇੜੇ ਬਣੀ ਵਾਟਰ ਸਪਲਾਈ ਦੀ ਟੈਂਕੀ ਦੇ ਕਮਰੇ ਵਿੱਚ ਮੌਜੂਦ ਸੀ। ਇਸ ਦੌਰਾਨ ਮੂੰਹ ਬੰਨ੍ਹੇ ਹੋਏ ਦੋ ਨੌਜਵਾਨ ਉੱਥੇ ਪਹੁੰਚੇ ਅਤੇ ਪੀਣ ਲਈ ਪਾਣੀ ਮੰਗਿਆ। ਜਦੋਂ ਬਜ਼ੁਰਗ ਉਨ੍ਹਾਂ ਨੂੰ ਪਾਣੀ ਦੇਣ ਲੱਗਾ ਤਾਂ ਇੱਕ ਨੌਜਵਾਨ ਨੇ ਉਸ ਨੂੰ ਜੱਫਾ ਪਾ ਲਿਆ, ਜਦਕਿ ਦੂਜੇ ਨੇ ਉਸ ਦੀ ਜੇਬ ਵਿੱਚੋਂ ਨਕਦੀ ਅਤੇ ਮੋਬਾਈਲ ਫੋਨ ਜ਼ਬਰਦਸਤੀ ਕੱਢ ਲਿਆ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਪਿੰਡ ਅਮਰਾਲੀ ਵੱਲ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਦੱਸਿਆ ਕਿ ਖੋਹੀ ਗਈ ਨਕਦੀ ਬਜ਼ੁਰਗ ਨੇ ਆਪਣੀ ਬੁਢਾਪਾ ਪੈਨਸ਼ਨ ਦੇ ਪੈਸੇ ਵਜੋਂ ਇੱਕ ਦਿਨ ਪਹਿਲਾਂ ਹੀ ਬੈਂਕ ਵਿੱਚੋਂ ਕਢਵਾਈ ਸੀ।
ਘਟਨਾ ਸਬੰਧੀ ਸਬੰਧਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
watch…..ਸੰਘੋਲ ਨੇੜੇ ਪਰਵਾਸੀ ਮਜ਼ਦੂਰ ਤੋਂ ਨਕਦੀ ਤੇ ਮੋਬਾਈਲ ਖੋਹਿਆ, 3 ਮੋਟਰਸਾਈਕਲ ਸਵਾਰ ਫਰਾਰ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਘੋਲ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਤੋਂ 400 ਰੁਪਏ ਅਤੇ ਮੋਬਾਈਲ ਫੋਨ ਖੋਹਣ ਦੀ ਘਟਨਾ ਸਾਹਮਣੇ ਆ ਚੁੱਕੀ ਹੈ। ਸੰਘੋਲ ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਪਰਾਧਿਕ ਘਟਨਾਵਾਂ ਵਿੱਚ ਵਾਧੇ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਕੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।





