ਚੰਡੀਗੜ੍ਹ, 7 ਸਤੰਬਰ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਤਿੰਨ ਸਾਲਾ ਚੋਣ 25 ਅਕਤੂਬਰ 2026 ਨੂੰ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਕਰਵਾਈ ਜਾਵੇਗੀ। ਚੋਣ ਤੋਂ ਪਹਿਲਾਂ ਸਭਾ ਦਾ ਤਿੰਨ ਸਾਲਾ ਇਜਲਾਸ 13 ਸਤੰਬਰ ਨੂੰ ਇਸੇ ਸਥਾਨ ’ਤੇ ਹੋਵੇਗਾ। ਇਜਲਾਸ ਦੌਰਾਨ ਪਿਛਲੇ ਤਿੰਨ ਸਾਲਾਂ ਦੀਆਂ ਜਥੇਬੰਦਕ ਅਤੇ ਸਾਹਿਤਕ ਸਰਗਰਮੀਆਂ ਦੀ ਰਿਪੋਰਟ ਸਮੇਤ ਵਿੱਤੀ ਰਿਪੋਰਟ ਮੈਂਬਰਾਂ ਸਾਹਮਣੇ ਪੇਸ਼ ਕੀਤੀ ਜਾਵੇਗੀ।
ਇਜਲਾਸ ਵਿੱਚ ‘ਸਮਕਾਲ ਵਿੱਚ ਲੇਖਕਾਂ, ਚਿੰਤਕਾਂ ਦੀ ਜ਼ਿੰਮੇਵਾਰੀ’ ਵਿਸ਼ੇ ’ਤੇ ਪ੍ਰੋ. ਜੈਪਾਲ ਮੁੱਖ ਵਕਤਾ ਵਜੋਂ ਸੰਬੋਧਨ ਕਰਨਗੇ। ਇਸ ਦੌਰਾਨ ਮੌਜੂਦਾ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਹਾਲਾਤਾਂ ਵਿੱਚ ਲੇਖਕਾਂ ਅਤੇ ਚਿੰਤਕਾਂ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚੱਜੇ, ਪਾਰਦਰਸ਼ੀ, ਨਿਰਪੱਖ ਅਤੇ ਜਮਹੂਰੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਖਵਿੰਦਰ ਸਿੰਘ ਜੌਹਲ ਨੂੰ ਮੁੱਖ ਚੋਣ ਅਧਿਕਾਰੀ, ਜਦਕਿ ਸਤਨਾਮ ਸਿੰਘ ਮਾਣਕ ਅਤੇ ਤੇਜਿੰਦਰ ਵਿਰਲੀ ਨੂੰ ਸਹਾਇਕ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਸਾਰੇ ਫ਼ੈਸਲੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਏ ਗਏ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਕੀਤੀ।
watch…..ਅਧਿਆਪਕ ਦਿਵਸ ’ਤੇ ਪਟਿਆਲਾ ਦਾ ਮਾਣ! ਪ੍ਰਿੰਸੀਪਲ ਵਿਜੈ ਕਪੂਰ ਨੂੰ ਮਿਲਿਆ ਰਾਜ ਅਧਿਆਪਕ ਪੁਰਸਕਾਰ-2026
13 ਸਤੰਬਰ ਨੂੰ ਹੋਣ ਵਾਲੇ ਤਿੰਨ ਸਾਲਾ ਇਜਲਾਸ ਵਿੱਚ ਜਨਰਲ ਸਕੱਤਰ ਵੱਲੋਂ ਸਭਾ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਸਭਾ ਦੀ ਵਿੱਤੀ ਸਥਿਤੀ ਅਤੇ ਇਸ ਸਮੇਂ ਦੌਰਾਨ ਹੋਏ ਆਮਦਨ-ਖ਼ਰਚ ਦਾ ਵੇਰਵਾ ਵੀ ਮੈਂਬਰਾਂ ਦੇ ਸਾਹਮਣੇ ਰੱਖਿਆ ਜਾਵੇਗਾ।
ਸਭਾ ਦੇ ਆਗੂਆਂ ਨੇ ਕਿਹਾ ਕਿ ਇਜਲਾਸ ਦਾ ਮਕਸਦ ਸਿਰਫ਼ ਪਿਛਲੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਹੀ ਨਹੀਂ, ਸਗੋਂ ਅਜੋਕੇ ਦੌਰ ਵਿੱਚ ਲੇਖਕਾਂ ਅਤੇ ਚਿੰਤਕਾਂ ਦੀਆਂ ਜ਼ਿੰਮੇਵਾਰੀਆਂ ’ਤੇ ਵੀ ਗੰਭੀਰ ਚਰਚਾ ਕਰਨਾ ਹੈ।
ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਹੋਣ ਵਾਲੀ ਚੋਣ ਸਭਾ ਦੀ ਜਥੇਬੰਦਕ ਪ੍ਰਕਿਰਿਆ ਦਾ ਅਹਿਮ ਪੜਾਅ ਹੋਵੇਗੀ। ਦੇਸ਼-ਵਿਦੇਸ਼ ਦੀਆਂ ਸਬੰਧਿਤ ਸਾਹਿਤਕ ਸਭਾਵਾਂ ਅਤੇ ਉਨ੍ਹਾਂ ਦੇ ਨੁਮਾਇੰਦੇ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਕਾਰਜਕਾਰਨੀ ਵੱਲੋਂ ਨਿਯੁਕਤ ਚੋਣ ਅਧਿਕਾਰੀਆਂ ਨੂੰ ਚੋਣ ਨੂੰ ਪਾਰਦਰਸ਼ੀ, ਨਿਰਪੱਖ ਅਤੇ ਜਮਹੂਰੀ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।





