Homeਪੰਜਾਬੀਪੰਜਾਬ180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਲਈ ਵੱਡੀ ਖ਼ਬਰ, ਤਨਖਾਹ ਸਮਾਨਤਾ ਦੇ ਹੁਕਮ...

180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਲਈ ਵੱਡੀ ਖ਼ਬਰ, ਤਨਖਾਹ ਸਮਾਨਤਾ ਦੇ ਹੁਕਮ ਜਾਰੀ

- Advertisement -spot_img

ਚੰਡੀਗੜ੍ਹ, 21 ਅਕਤੂਬਰ

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਕਿ 180 ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੀ ਤਨਖਾਹ ਸਮਾਨਤਾ ਅਤੇ ਹੋਰ ਸੇਵਾ ਮਾਮਲਿਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਰਸਮੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹਰਪਾਲ ਸਿੰਘ ਚੀਮਾ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੇ ਮੁਖੀ ਵੀ ਹਨ।

ਵਿੱਤ ਮੰਤਰੀ ਨੇ ਖੁਦ ਯੂਨੀਅਨ ਦੇ ਨੁਮਾਇੰਦਿਆਂ ਨੂੰ ਸਰਕਾਰੀ ਹੁਕਮਾਂ ਦੀ ਕਾਪੀ ਸੌਂਪੀ। ਸਕੂਲ ਸਿੱਖਿਆ ਡਾਇਰੈਕਟੋਰੇਟ (ਐਲੀਮੈਂਟਰੀ) ਵੱਲੋਂ ਜਾਰੀ ਹੁਕਮਾਂ ਵਿੱਚ ਵਿੱਤ ਵਿਭਾਗ ਦੀਆਂ ਹਦਾਇਤਾਂ ਅਤੇ ਸਬੰਧਤ ਅਦਾਲਤੀ ਫ਼ੈਸਲਿਆਂ ਅਨੁਸਾਰ ਤਨਖਾਹ ਨਿਰਧਾਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਸਾਲ 2016 ਤੋਂ ਵਿੱਤੀ ਲਾਭਾਂ ਅਤੇ ਨਿਯੁਕਤੀ ਸਮਾਨਤਾ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਸਾਬਕਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰਕੇ ਅਗਲੀ ਕਾਰਵਾਈ ਤੈਅ ਕੀਤੀ ਜਾ ਸਕੇ।

ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਮੀਟਿੰਗਾਂ

ਇਸ ਐਲਾਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਫਰੰਟਾਂ ਦੇ ਨੁਮਾਇੰਦਿਆਂ ਨਾਲ ਲੰਮੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਯੂਨੀਅਨਾਂ ਦੇ ਮੰਗ-ਪੱਤਰਾਂ ਦੀ ਸਮੀਖਿਆ ਕਰਨਾ ਅਤੇ ਲੰਬਿਤ ਮਸਲਿਆਂ ਦਾ ਜਲਦੀ ਨਿਪਟਾਰਾ ਕਰਨਾ ਸੀ।

ਵਿੱਤ ਮੰਤਰੀ ਨੇ ਵੱਖ-ਵੱਖ ਵਫ਼ਦਾਂ ਦੀਆਂ ਮੰਗਾਂ ਧਿਆਨ ਨਾਲ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਕੈਬਨਿਟ ਸਬ-ਕਮੇਟੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ’ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਲੰਬਿਤ ਮਾਮਲਿਆਂ ਨੂੰ ਨਿਰਪੱਖ ਅਤੇ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

watch……‘ਖੇਤ ਤੋਂ ਥਾਲੀ ਤੱਕ’ ਸੁਰੱਖਿਆ, ਨਕਲੀ ਪਨੀਰ, ਘਿਓ ਤੇ ਦਵਾਈਆਂ ’ਤੇ ਲਗਾਮ ਲਈ ਨਵਾਂ ਬਿੱਲ, ਪੰਜਾਬ ਸਰਕਾਰ ਨੂੰ ਸੌਂਪਿਆ ਖਰੜਾ

ਅਧਿਆਪਕ ਯੂਨੀਅਨਾਂ ਨੇ ਉਠਾਈਆਂ ਭਰਤੀ ਅਤੇ ਤਰੱਕੀ ਸਬੰਧੀ ਮੰਗਾਂ

ਮੀਟਿੰਗਾਂ ਦੌਰਾਨ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਪੰਜਾਬ ਨੇ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਉਨ੍ਹਾਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ।

ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ, ਪੰਜਾਬ ਨੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਕਾਡਰ ਨਾਲ ਸਬੰਧਤ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ। ਇਸੇ ਤਰ੍ਹਾਂ ਬੇਰੁਜ਼ਗਾਰ ਸਪੈਸ਼ਲ ਐਜੂਕੇਟਰ ਫਰੰਟ, ਪੰਜਾਬ ਨੇ ਬਾਕੀ ਰਹਿੰਦੀਆਂ ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ ਰੱਖੀ।

ਸਪੈਸ਼ਲ ਕਾਡਰ ਅਧਿਆਪਕ ਫਰੰਟ, ਪੰਜਾਬ ਵੱਲੋਂ ਠੇਕਾ ਆਧਾਰਿਤ ਅਤੇ ਵਿਸ਼ੇਸ਼ ਕਾਡਰ ਦੇ ਅਧਿਆਪਕਾਂ ਲਈ ਨਿਯਮਤ ਤਨਖਾਹ ਸਕੇਲ ਲਾਗੂ ਕਰਨ, ਸੇਵਾ ਨਿਯਮਾਂ ਵਿੱਚ ਸੁਧਾਰ, ਛੁੱਟੀਆਂ ਦੇ ਲਾਭ ਅਤੇ ਤਰੱਕੀ ਦੇ ਮੌਕੇ ਮੁਹੱਈਆ ਕਰਵਾਉਣ ਸਬੰਧੀ ਮੰਗ-ਪੱਤਰ ਸੌਂਪੇ ਗਏ।

ਈ.ਟੀ.ਟੀ. 2364 ਬੇਰੁਜ਼ਗਾਰ ਅਧਿਆਪਕ ਯੂਨੀਅਨ, ਪੰਜਾਬ ਨੇ ਬਾਕੀ ਰਹਿੰਦੀਆਂ ਉਡੀਕ ਸੂਚੀਆਂ ਜਾਰੀ ਕਰਨ ਅਤੇ ਚੁਣੇ ਗਏ ਉਮੀਦਵਾਰਾਂ ਨੂੰ ਸਟੇਸ਼ਨ ਅਲਾਟਮੈਂਟ ਜਾਂ ਬਦਲੀਆਂ ਦੇ ਮੌਕੇ ਦੇਣ ਦੀ ਮੰਗ ਕੀਤੀ।

ਵੋਕੇਸ਼ਨਲ ਅਧਿਆਪਕਾਂ ਅਤੇ ਲਾਇਬ੍ਰੇਰੀਅਨਾਂ ਦੇ ਮੁੱਦੇ ਵੀ ਉੱਠੇ

ਐੱਨ.ਐੱਸ.ਕਿਊ.ਐੱਫ. ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਨੇ ਮੰਗ ਕੀਤੀ ਕਿ ਵੋਕੇਸ਼ਨਲ ਅਧਿਆਪਕਾਂ ਨੂੰ ਨਿੱਜੀ ਕੰਪਨੀਆਂ ਦੇ ਠੇਕਿਆਂ ਤੋਂ ਬਾਹਰ ਕੱਢ ਕੇ ਸਿੱਧੇ ਸਿੱਖਿਆ ਵਿਭਾਗ ਦੇ ਅਧੀਨ ਲਿਆਂਦਾ ਜਾਵੇ ਅਤੇ ਉਨ੍ਹਾਂ ’ਤੇ ਨਿਯਮਤ ਸੇਵਾ ਨਿਯਮ ਲਾਗੂ ਕੀਤੇ ਜਾਣ।

ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ, ਪੰਜਾਬ ਨੇ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਅਨਾਂ ਦੀ ਘਾਟ ਨੂੰ ਦੂਰ ਕਰਨ ਲਈ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ।

ਲੈਕਚਰਾਰ ਭਰਤੀ ਪੰਜਾਬ (ਲੈਕਚਰਾਰ ਭਰਤੀ 1067) ਦੇ ਨੁਮਾਇੰਦਿਆਂ ਨੇ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਬਾਕੀ ਰਹਿੰਦੇ ਪੰਜ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਨਿਰਧਾਰਤ ਕਰਕੇ ਜਲਦੀ ਪ੍ਰੀਖਿਆਵਾਂ ਕਰਵਾਉਣ ਦੀ ਅਪੀਲ ਕੀਤੀ।

ਇਸੇ ਤਰ੍ਹਾਂ ਈ.ਟੀ.ਟੀ. ਟੈੱਟ ਪਾਸ 5994 ਬੈਕਲਾਗ ਅਧਿਆਪਕ ਯੂਨੀਅਨ, ਪੰਜਾਬ ਨੇ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਅਤੇ ਬਕਾਇਆ ਬੈਕਲਾਗ ਅਸਾਮੀਆਂ ਨੂੰ ਡੀ-ਰਿਜ਼ਰਵ ਕਰਕੇ ਭਰਨ ਦੀ ਮੰਗ ਉਠਾਈ।

ਹੋਰ ਮੁਲਾਜ਼ਮ ਜਥੇਬੰਦੀਆਂ ਨੇ ਵੀ ਰੱਖੀਆਂ ਮੰਗਾਂ

ਇਸ ਦੌਰਾਨ ਬੀ.ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਪੀ.ਐੱਸ. ਟੈੱਟ ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਦੇ ਨੁਮਾਇੰਦਿਆਂ ਨੇ ਵੀ ਵਿੱਤ ਮੰਤਰੀ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ।

ਇਨ੍ਹਾਂ ਮੀਟਿੰਗਾਂ ਦੌਰਾਨ ਯੂਨੀਅਨਾਂ ਨੇ ਆਪਣੇ ਮੁੱਦੇ, ਸੇਵਾ ਸਬੰਧੀ ਸਮੱਸਿਆਵਾਂ ਅਤੇ ਲੰਬਿਤ ਮੰਗਾਂ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਸਰਕਾਰ ਵੱਲੋਂ ਸਬੰਧਤ ਵਿਭਾਗਾਂ ਨਾਲ ਮਿਲ ਕੇ ਯਤਨ ਜਾਰੀ ਰਹਿਣਗੇ ਅਤੇ ਜਾਇਜ਼ ਮੰਗਾਂ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here