ਸੰਘੋਲ, 20 ਅਗਸਤ (ਰਣਜੋਧ ਸਿੰਘ ਔਜਲਾ)
ਕਸਬਾ ਖੇੜੀ ਨੌਧ ਸਿੰਘ ਤੋਂ ਵਾਇਆ ਬੌੜ ਹੋ ਕੇ ਬੱਸੀ ਪਠਾਣਾਂ ਨੂੰ ਜਾਣ ਵਾਲੀ ਸੜਕ ਦੀ ਹਾਲਤ ਲੰਮੇ ਸਮੇਂ ਤੋਂ ਬੇਹੱਦ ਖਸਤਾ ਬਣੀ ਹੋਈ ਹੈ। ਸੜਕ ਵਿੱਚ ਥਾਂ-ਥਾਂ ਪਏ ਵੱਡੇ-ਵੱਡੇ ਟੋਇਆਂ ਕਾਰਨ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਸਮੱਸਿਆ ਵੱਲ ਪ੍ਰਸ਼ਾਸਨ ਵੱਲੋਂ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ।
ਸੜਕ ਦੀ ਮਾੜੀ ਹਾਲਤ ਕਾਰਨ ਬੱਸੀ ਪਠਾਣਾਂ ਅਤੇ ਫਤਿਹਗੜ੍ਹ ਸਾਹਿਬ ਵੱਲ ਜਾਣ ਵਾਲੇ ਲੋਕਾਂ ਨੂੰ ਕਈ ਵਾਰ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ। ਇਸ ਨਾਲ ਉਨ੍ਹਾਂ ਦਾ ਸਮਾਂ ਅਤੇ ਵਾਧੂ ਈਂਧਨ ਦੋਵੇਂ ਖਰਚ ਹੁੰਦੇ ਹਨ। ਇਲਾਕਾ ਵਾਸੀ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਲਈ ਇਸੇ ਸੜਕ ਰਾਹੀਂ ਖੇੜੀ ਨੌਧ ਸਿੰਘ ਆਉਂਦੇ-ਜਾਂਦੇ ਹਨ।
ਇਸ ਤੋਂ ਇਲਾਵਾ ਪਿੰਡਾਂ ਦੇ ਲੋਕ ਇਸੇ ਰਸਤੇ ਰਾਹੀਂ ਗੁਰਦੁਆਰਾ ਸਾਹਿਬ ਅਤੇ ਮੰਦਰ ਵੀ ਜਾਂਦੇ ਹਨ। ਬਰਸਾਤ ਦੇ ਦਿਨਾਂ ਵਿੱਚ ਸੜਕ ਦੇ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਾ ਲੱਗਣ ਕਾਰਨ ਮੁਸ਼ਕਲ ਪੇਸ਼ ਆਉਂਦੀ ਹੈ। ਵੱਡੇ ਟੋਇਆਂ ਕਾਰਨ ਛੋਟੇ-ਮੋਟੇ ਹਾਦਸੇ ਵਾਪਰਨ ਦੀਆਂ ਘਟਨਾਵਾਂ ਵੀ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਇਲਾਕਾ ਵਾਸੀਆਂ ਨੇ ਕਿਹਾ ਕਿ ਆਲੇ-ਦੁਆਲੇ ਦੀਆਂ ਕਈ ਹੋਰ ਸੜਕਾਂ ਦੀ ਮੁਰੰਮਤ ਹੋ ਚੁੱਕੀ ਹੈ, ਪਰ ਇਸ ਸੜਕ ਨਾਲ ਕਥਿਤ ਤੌਰ ’ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਹਲਕੇ ਦੇ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਇਸੇ ਰਸਤੇ ਰਾਹੀਂ ਇਲਾਕੇ ਵਿੱਚ ਆਉਂਦੇ-ਜਾਂਦੇ ਹਨ, ਫਿਰ ਵੀ ਸੜਕ ਦੀ ਖਸਤਾ ਹਾਲਤ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ।
ਲੋਕਾਂ ਮੁਤਾਬਕ ਇਸ ਸੜਕ ਦੀ ਆਖਰੀ ਵਾਰ ਮੁਰੰਮਤ ਜੂਨ 2021 ਵਿੱਚ ਹੋਈ ਸੀ ਅਤੇ ਹੁਣ ਇਸ ਦੀ ਮਿਆਦ ਵੀ ਪੂਰੀ ਹੋ ਚੁੱਕੀ ਹੈ। ਇਸ ਲਈ ਸੜਕ ਦੀ ਮੁਰੰਮਤ ਜਾਂ ਨਵ-ਨਿਰਮਾਣ ਦਾ ਕੰਮ ਤੁਰੰਤ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਣਾ ਚਾਹੀਦਾ ਹੈ।
watch…..ਦੋ ਪੰਥਕ ਪਰਿਵਾਰ, ਇੱਕ ਹਲਕਾ: ਬੱਸੀ ਪਠਾਣਾਂ ‘ਚ ਮੁਕਾਬਲਾ ਹੋਇਆ ਰੋਚਕ
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕ ਦੀ ਖਸਤਾ ਹਾਲਤ ਦਾ ਤੁਰੰਤ ਨੋਟਿਸ ਲੈਂਦਿਆਂ ਇਸ ਦੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਆਉਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ ਅਤੇ ਹਾਦਸਿਆਂ ਦਾ ਖਤਰਾ ਘਟਾਇਆ ਜਾ ਸਕੇ।
ਇਸ ਸਬੰਧੀ ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਅਫ਼ਸਰ ਗਗਨਦੀਪ ਸਿੰਘ ਨੇ ਕਿਹਾ ਕਿ ਬੇਸ਼ੱਕ ਇਸ ਸੜਕ ਦੀ ਮਿਆਦ ਪੂਰੀ ਹੋ ਚੁੱਕੀ ਹੈ, ਪਰ ਸੜਕ ਦੇ ਨਿਰਮਾਣ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਵਿੱਚ ਕੁਝ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਸੜਕ ਦੇ ਨਿਰਮਾਣ ਸਬੰਧੀ ਮਾਮਲਾ ਉੱਚ ਅਧਿਕਾਰੀਆਂ ਕੋਲ ਸਿਫਾਰਸ਼ ਸਮੇਤ ਭੇਜਣਗੇ।





