HomeEnglish24X7 ਚੌਕਸੀ: ਨਦੀਆਂ ਦੇ ਕੰਢਿਆਂ ਦੀ ਰੱਖਿਆ, ਸੁਰੱਖਿਆ ਦੇ ਨਵੇਂ ਮਿਆਰ

24X7 ਚੌਕਸੀ: ਨਦੀਆਂ ਦੇ ਕੰਢਿਆਂ ਦੀ ਰੱਖਿਆ, ਸੁਰੱਖਿਆ ਦੇ ਨਵੇਂ ਮਿਆਰ

- Advertisement -spot_img

ਹਰਜੋਤ ਸਿੰਘ ਬੈਂਸ ਨੇ ਸਤਲੁਜ ਦੇ ਕਿਨਾਰੇ ਵਾਲੇ ਪਿੰਡਾਂ ਵਿੱਚ ਰਾਹਤ ਕਾਰਜਾਂ ਦੀ ਅਗਵਾਈ ਸੰਭਾਲੀ

ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ

ਹਰਦੀਪ ਸਿੰਘ ਮੁੰਡੀਆਂ 4 ਟਰੱਕ ਰਾਹਤ ਸਮੱਗਰੀ ਲੈ ਕੇ ਸੁਲਤਾਨਪੁਰ ਲੋਧੀ ਪਹੁੰਚੇ

ਡਾ. ਰਵਜੋਤ ਸਿੰਘ ਨੇ ਵੱਖ-ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਮਹਿੰਦਰ ਭਗਤ ਨੇ ਚਿੱਟੀ ਵੇਈਂ ਵਿੱਚ ਪਾਣੀ ਦੇ ਵਧੇ ਵਹਾਅ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਨਿਰੰਤਰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ

ਮੀਤ ਹੇਅਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿੱਚ ਰਾਹਤ ਸਮੱਗਰੀ ਵੰਡੀ

ਮਾਲਵਿੰਦਰ ਕੰਗ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਖੁੱਡਾ ਲਾਹੌਰਾ-ਨਾਡਾ ਸੜਕ ਦੇ ਨੁਕਸਾਨ ਦਾ ਜਾਇਜ਼ਾ ਲਿਆ

ਸਰਕਾਰ ਵੱਲੋਂ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਣ ‘ਤੇ ਜ਼ੋਰ

ਚੰਡੀਗੜ੍ਹ, 3 ਸਤੰਬਰ 2025

ਪੰਜਾਬ ਅਤੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਸੂਬੇ ਵਿੱਚ ਪੈਦਾ ਹੋਏ ਹੜ੍ਹਾਂ ਦੇ ਹਾਲਾਤ ਨੂੰ ਦੇਖਦਿਆਂ, ਸੂਬਾ ਸਰਕਾਰ ਨੇ ਬਚਾਅ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਹੈ। ਮੌਜੂਦਾ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ, ਪ੍ਰਸ਼ਾਸਨ ਵੱਲੋਂ ਦਰਿਆਵਾਂ ਅਤੇ ਨਦੀਆਂ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਅਤੇ ਸੰਭਾਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਣ ਲਈ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਰੂਪਨਗਰ ਜ਼ਿਲ੍ਹੇ ਦੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚੋਂ ਲੰਘਦੀਆਂ ਨਹਿਰਾਂ, ਨਾਲਿਆਂ ਅਤੇ ਦਰਿਆਵਾਂ ਦੇ ਕੰਢਿਆਂ ਦੀ ਨਿਗਰਾਨੀ ਕੈਬਨਿਟ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਿਰੰਤਰ ਕੀਤੀ ਜਾ ਰਹੀ ਹੈ। ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸਮੇਂ ਸਿਰ ਸੁਰੱਖਿਅਤ ਸਥਾਨਾਂ ‘ਤੇ ਲਿਜਾਣ ਲਈ ਮੁਨਿਆਦੀ ਕਾਰਵਾਈ ਕੀਤੀ ਗਈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਸਥਾਪਿਤ ਰਾਹਤ ਕੈਂਪਾਂ ਵਿੱਚ ਸ਼ਰਨ ਲੈਣ। ਨੰਗਲ ਇਲਾਕੇ ਦੇ ਪਿੰਡਾਂ ਹਰਸਾ ਬੇਲਾ, ਬੇਲਾ ਰਾਮਗੜ੍ਹ, ਬੇਲਾ ਧਿਆਨੀ ਅੱਪਰ, ਬੇਲਾ ਧਿਆਨੀ ਲੋਅਰ, ਸੈਂਸੋਵਾਲ, ਐਲਗਰਾ, ਬੇਲਾ ਸ਼ਿਵ ਸਿੰਘ, ਭਲਾਣ, ਭਨਾਮ, ਸਿੰਘਪੁਰਾ, ਪਲਾਸੀ, ਤਰਫ਼ ਮਜਾਰਾ, ਮਜਾਰੀ, ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਬੁਰਜ, ਚੰਦਪੁਰ ਬੇਲਾ, ਗਜਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਅਮਰਪੁਰ ਬੇਲਾ, ਲੋਧੀਪੁਰ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਰੂਪਨਗਰ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਸਤਲੁਜ ਦਰਿਆ ਦੇ ਕਿਨਾਰੇ ਸਥਿਤ ਸਾਰੇ ਪਿੰਡਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪਿੰਡ ਸ਼ਿਵਾਲਿਕ ਨਗਰ, ਢੋਲਵਾਹਾ, ਖਲਵਾਣਾ, ਦਿਓਵਾਲ, ਅਤੇ ਬਾਦੋਵਾਲ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਕਿਹਾ ਕਿ ਇਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਨਤਕ ਸੁਰੱਖਿਆ ਅਤੇ ਸਹੂਲਤ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਅਤੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਮੀਂਹ ਜਾਂ ਕੁਦਰਤੀ ਆਫਤ ਕਾਰਨ ਕਿਸੇ ਨੂੰ ਮੁਸ਼ਕਿਲ ਨਾ ਝੱਲਣੀ ਪਵੇ।

watch…..PUCA’s ₹11 Lakh Contribution to Punjab Flood Relief

ਕੈਬਨਿਟ ਮੰਤਰੀ ਸ਼੍ਰੀ ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮਿਲ ਕੇ ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪਿੰਡ ਮਰੜ ਅਤੇ ਕਿੜੀਆਂ ਵਿੱਚ ਦਰਿਆ ਦੀ ਢਾਹ ਨਾਲ ਜ਼ਮੀਨ ਅਤੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ।

ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਕੁੱਕੜ ਵਿੱਚ ਚਿੱਟੀ ਵੇਈਂ ਵਿੱਚ ਪਾਣੀ ਦੇ ਵਧੇ ਵਹਾਅ ਨੂੰ ਦੇਖਦਿਆਂ ਰਾਹਤ ਸਮੱਗਰੀ ਵੰਡੀ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਨਿਰੰਤਰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਜਲੰਧਰ ਜ਼ਿਲ੍ਹੇ ਦੇ ਪਿੰਡ ਸੰਗੋਵਾਲ ਵਿੱਚ ਸਤਲੁਜ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਨੇ ਫੌਜ ਦੀ ਮਦਦ ਲਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਚਾਅ ਕਾਰਜਾਂ ਦੀ ਨਿਗਰਾਨੀ ਵੀ ਕੀਤੀ।

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿੱਚ ਪੀੜਤ ਪਰਿਵਾਰਾਂ ਵਿੱਚ ਜਾ ਕੇ ਰਾਹਤ ਸਮੱਗਰੀ ਵੰਡੀ।

ਮਾਲ, ਮੁੜ-ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ 4 ਟਰੱਕ ਰਾਹਤ ਸਮੱਗਰੀ, ਜਿਸ ਵਿੱਚ ਪਸ਼ੂਆਂ ਲਈ ਫੀਡ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਸੀ, ਲੈ ਕੇ ਸੁਲਤਾਨਪੁਰ ਲੋਧੀ ਪਹੁੰਚੇ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਮੰਡ ਇੰਦਰਪੁਰ ਅਤੇ ਯੂਸਫਪੁਰ ਦਾਰੇਵਾਲ ਵਿੱਚ ਪਸ਼ੂਆਂ ਲਈ ਫੀਡ ਵੰਡੀ।

ਸਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਯਾਗਾਓਂ ਵਿੱਚ ਪਟਿਆਲਾ ਕੀ ਰਾਓ ਦੇ ਨਾਲ ਖੁੱਡਾ ਲਾਹੌਰਾ-ਨਾਡਾ ਸੜਕ ਦੇ ਨੁਕਸਾਨ ਦੀ ਰਿਪੋਰਟ ਮਿਲਣ ‘ਤੇ ਜ਼ਿਲ੍ਹਾ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਵਿੱਚ, ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਅਤੇ ਪਾੜ ਪੂਰਨ ਦੇ ਕੰਮ ਦੀ ਨਿਗਰਾਨੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਅਤੇ ਸੁਖਨਾ ਚੋਅ ਦੇ ਕਿਨਾਰਿਆਂ ‘ਤੇ ਵਸੇ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ।

ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਧੈਂਗੜਪੁਰ ਵਿੱਚ ਸਤਲੁਜ ਦੇ ਬੰਨ੍ਹ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਵਰਤਮਾਨ ਵਿੱਚ ਪਾਣੀ ਦਾ ਪੱਧਰ 65,000 ਕਿਊਸਿਕ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਧੈਂਗੜਪੁਰ ਵਿੱਚ ਬੰਨ੍ਹ ਨੂੰ ਮਾਮੂਲੀ ਢਾਹ ਲੱਗੀ ਸੀ, ਜਿਸ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮੇਂ ਸਿਰ ਰੋਕ ਲਿਆ ਗਿਆ, ਅਤੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਨਿਰੰਤਰ ਜਾਰੀ ਹੈ।

watch……Celebrities Unite for Punjab: A Call for Flood Relief

ਬਰਨਾਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਸੁਰੱਖਿਅਤ ਇਮਾਰਤਾਂ ਵਿੱਚੋਂ ਨਿਕਲ ਕੇ ਸਰਕਾਰ ਵੱਲੋਂ ਸਥਾਪਿਤ ਰਾਹਤ ਕੈਂਪਾਂ ਵਿੱਚ ਸ਼ਿਫਟ ਹੋ ਜਾਣ।

ਪਟਿਆਲਾ ਜ਼ਿਲ੍ਹੇ ਵਿੱਚ ਘੱਗਰ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ, ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਫੌਜ ਨੂੰ ਅਲਰਟ ‘ਤੇ ਰਹਿਣ ਦੀ ਹਦਾਇਤ ਕੀਤੀ ਅਤੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ।

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਸੈਨੀ ਵਾਲਾ ਹੈਡਵਰਕਸ ਤੋਂ ਸਤਲੁਜ ਨਦੀ ਵਿੱਚ 3 ਲੱਖ 11 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਲਈ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਸਤਲੁਜ ਕ੍ਰੀਕ ਪਾਰ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਹਰ ਸਮੇਂ ਮਦਦ ਲਈ ਤਿਆਰ ਹਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here