Homeਪੰਜਾਬੀਪੰਜਾਬਭਾਸ਼ਾ ਵਿਭਾਗ ਪੰਜਾਬ ਨੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਮੀਡੀਆ ਬਾਰੇ...

ਭਾਸ਼ਾ ਵਿਭਾਗ ਪੰਜਾਬ ਨੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਮੀਡੀਆ ਬਾਰੇ ਸੰਵਾਦ ਰਚਾਇਆ

- Advertisement -spot_img

-ਆਸਟਰੇਲੀਆ ਵਸਦੇ ਗੁਰਸ਼ਮਿੰਦਰ ਮਿੰਟੂ ਬਰਾੜ ਬਣੇ ਸੰਵਾਦ ਦਾ ਧੁਰਾ

ਪਟਿਆਲਾ 28 ਜੂਨ

ਭਾਸ਼ਾ ਵਿਭਾਗ ਪੰਜਾਬ ਨੇ ਪਟਿਆਲਾ ਦੇ ਭਾਸ਼ਾ ਭਵਨ ਵਿਖੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮੀਡੀਆ ਦੀ ਮੌਜੂਦਾ ਸਥਿਤੀ ਬਾਰੇ ਇੱਕ ਜਾਣਕਾਰੀ ਭਰਪੂਰ ਸੰਵਾਦ ਦਾ ਆਯੋਜਨ ਕੀਤਾ। ਇਸ ਸੰਵਾਦ ਦਾ ਕੇਂਦਰ ਆਸਟਰੇਲੀਆ ਵਿੱਚ ਵਸਦੇ ਬਹੁਪੱਖੀ ਸ਼ਖਸੀਅਤ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਸਨ [ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਸਰੋਤਿਆਂ ਨੇ ਆਪਣੇ ਸਵਾਲਾਂ ਨਾਲ ਸੰਵਾਦ ਨੂੰ ਹੋਰ ਅਰਥਪੂਰਨ ਬਣਾਇਆ। ਇਸ ਮੌਕੇ ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ।

ਮਿੰਟੂ ਬਰਾੜ ਨੇ ਖਾਸ ਤੌਰ ‘ਤੇ ਆਸਟਰੇਲੀਆ ਵਿੱਚ ਪੰਜਾਬੀ ਭਾਸ਼ਾ ਦੇ ਪਸਾਰ ਬਾਰੇ ਦੱਸਿਆ ਕਿ ਉੱਥੇ ਦੇ ਸਾਰੇ ਸੂਬਿਆਂ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਸਟਰੇਲੀਆ ਸਰਕਾਰ ਆਪਣੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ ਤਹਿਤ ਹਰ ਪੰਜਾਬੀ ਨੂੰ ਹਰ ਪੱਖੋਂ ਹੁਲਾਰਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਨੂੰ ਪੰਜਾਬੀ ਭਾਸ਼ਾ ਨਾਲ ਸਬੰਧਤ ਕਈ ਖੇਤਰਾਂ ਵਿੱਚ ਪਹਿਲਕਦਮੀਆਂ ਕਰਨ ਦਾ ਮਾਣ ਪ੍ਰਾਪਤ ਹੈ। ਪੰਜਾਬੀ ਭਾਸ਼ਾ ਦੀਆਂ ਪਹਿਲੀਆਂ ਦੋ ਐਪਸ ‘ਸੁਹਾਵੀ’ ਅਤੇ ‘ਵਿਰਾਸਤ’ ਇਸ ਮੁਲਕ ਵਿੱਚ ਤਿਆਰ ਹੋਈਆਂ ਹਨ ਅਤੇ ਇਹ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਹਰ ਤਰ੍ਹਾਂ ਦੀ ਸਾਹਿਤਕ ਅਤੇ ਗਿਆਨ ਵਰਧਕ ਸਮੱਗਰੀ ਆਡੀਓ ਅਤੇ ਪ੍ਰਿੰਟ ਰੂਪ ਵਿੱਚ ਪ੍ਰਦਾਨ ਕਰ ਰਹੀਆਂ ਹਨ।

watch…..CM Mann Felicitates Government School Students for Cracking NEET, Hails Education as a Cure for All Ills

ਮਿੰਟੂ ਬਰਾੜ ਨੇ ਦੱਸਿਆ ਕਿ ਪੰਜਾਬੀ ਵਿੱਚ ਬਲੌਗ ਪਾਉਣ ਦਾ ਪ੍ਰਚੱਲਣ 2007 ਵਿੱਚ ਆਸਟਰੇਲੀਆ ਦੀ ਧਰਤੀ ‘ਤੇ ਉਨ੍ਹਾਂ ਵੱਲੋਂ ਆਰੰਭ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਿਜੀਟਲ ਰੂਪ ਪਰਥ ਵਿੱਚ ਵਸਦੇ ਗੁਰਵੰਤ ਸਿੰਘ ਉੱਪਲ ਨੇ ਤਿਆਰ ਕੀਤਾ। ਆਨਲਾਈਨ ਰੇਡੀਓ ਦੇ ਯੁੱਗ ਦੀ ਸ਼ੁਰੂਆਤ ਦੇ ਸਮੇਂ ਹੀ ‘ਹਰਮਨ ਰੇਡੀਓ’ ਵੀ ਆਸਟਰੇਲੀਆ ਵਿੱਚ ਸ਼ੁਰੂ ਹੋਇਆ। ਪੰਜਾਬੀ ਫੌਂਟਾਂ ਦੇ ਹੋਂਦ ਵਿੱਚ ਆਉਣ ਸਮੇਂ ਵੀ ਆਸਟਰੇਲੀਆ ਵਸਦੇ ਬਲਵੰਤ ਸਿੰਘ ਨੇ ਪੰਜਾਬੀ ਫੌਂਟ ਤਿਆਰ ਕਰਕੇ ਵੱਡਾ ਯੋਗਦਾਨ ਪਾਇਆ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਸਟਰੇਲੀਆ ਵਿੱਚ ਪੰਜਾਬੀ ਕਿੰਨੀ ਵਧੀਆ ਸਥਿਤੀ ਵਿੱਚ ਹੈ। ਪੰਜਾਬੀ ਸੱਭਿਆਚਾਰ ਦਾ ਅੰਗ ਮੰਨੀਆਂ ਜਾਂਦੀਆਂ ‘ਸਿੱਖ ਖੇਡਾਂ’ 37 ਸਾਲ ਪਹਿਲਾਂ ਭਾਰਤ ਤੋਂ ਬਾਹਰ ਪੰਜਾਬੀਆਂ ਦੀਆਂ ਉਲੰਪਿਕ ਖੇਡਾਂ ਦੇ ਰੂਪ ਵਿੱਚ ਆਸਟਰੇਲੀਆ ਵਿੱਚ ਸ਼ੁਰੂ ਹੋਈਆਂ ਸਨ, ਜੋ ਹਰ ਸਾਲ ਨਿਰੰਤਰ ਹੋ ਰਹੀਆਂ ਹਨ।

ਮਿੰਟੂ ਬਰਾੜ ਨੇ ਦੱਸਿਆ ਕਿ ਇਸ ਵੇਲੇ ਆਸਟਰੇਲੀਆ ਵਿੱਚ ਬਹੁਤ ਮਿਆਰੀ ਪੰਜਾਬੀ ਟੀਵੀ ਚੈਨਲ, ਰੇਡੀਓ ਅਤੇ ਅਖ਼ਬਾਰ ਨਿੱਕਲ ਰਹੇ ਹਨ, ਜਿਨ੍ਹਾਂ ਨੂੰ ਪੁਰਾਣੀ ਹੀ ਨਹੀਂ ਉੱਥੇ ਦੀ ਨਵੀਂ ਪੀੜ੍ਹੀ ਵੀ ਬਹੁਤ ਹੁੰਗਾਰਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਵਿੱਚ ਆਪਣੇ ਧਰਮ, ਭਾਸ਼ਾ, ਖੇਡਾਂ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਆਜ਼ਾਦੀ ਹੀ ਨਹੀਂ ਸਗੋਂ ਸਰਕਾਰ ਵੱਲੋਂ ਦਿਲ ਖੋਲ੍ਹਕੇ ਗ੍ਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ, ਜਿਸ ਸਦਕਾ ਇਸ ਦੇਸ਼ ਦਾ ਸੱਭਿਆਚਾਰ ਬਹੁਰੰਗਾ ਬਣ ਗਿਆ ਹੈ। ਉਨ੍ਹਾਂ ਨੇ ਭਾਸ਼ਾ ਵਿਭਾਗ ਵੱਲੋਂ ਸਤਿਕਾਰ ਦੇਣ ਲਈ ਧੰਨਵਾਦ ਕੀਤਾ।

ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਮਿੰਟੂ ਬਰਾੜ ਦੁਨੀਆ ਭਰ ਵਿੱਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਦੂਤ ਵਜੋਂ ਕਾਰਜਸ਼ੀਲ ਕੁਝ ਸਿਰਕੱਢ ਸ਼ਖਸੀਅਤਾਂ ਵਿੱਚ ਸ਼ਾਮਲ ਹਨ। ਮਿੰਟੂ ਬਰਾੜ ਦੀਆਂ ਸਰਗਰਮੀਆਂ ਨੂੰ ਦੇਖਕੇ ਮਹਿਸੂਸ ਹੁੰਦਾ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਦੁਨੀਆ ‘ਤੇ ਕੀ ਕਰਨ ਆਏ ਹਾਂ ਨਾ ਕਿ ਇਹ ਦੇਖਣ ਕਿ ਲੋਕੀ ਕੀ ਕਰਦੇ ਹਨ। ਮਿੰਟੂ ਬਰਾੜ ਇਸ ਧਾਰਨਾ ‘ਤੇ ਚਲਦਿਆਂ ਨਾਮਣਾ, ਨਾਮਾ ਤੇ ਸਕੂਨ ਖੱਟ ਰਿਹਾ ਹੈ, ਜਿਸ ਤੋਂ ਸਾਨੂੰ ਸਭ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੀ ਅਹੁਦਿਆਂ ਨਾਲ ਨਹੀਂ ਸੱਚੀ ਕਿਰਤ ਨਾਲ ਪਹਿਚਾਣ ਬਣਾਉਣੀ ਚਾਹੀਦੀ ਹੈ। ਉਨ੍ਹਾਂ ਮਿੰਟੂ ਬਰਾੜ ਦੀ ਪੁਸਤਕ ‘ਕੰਗਾਰੂਨਾਮਾ’ ਦੀ ਵੀ ਚਰਚਾ ਕੀਤੀ। ਵਿਭਾਗ ਵੱਲੋਂ ਮਿੰਟੂ ਬਰਾੜ ਨੂੰ ਸ਼ਾਲ ਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਤਿਕਾਰ ਦਿੱਤਾ ਗਿਆ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here