ਪਟਿਆਲਾ, 6 ਅਗਸਤ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸੇਵਾਵਾਂ ਦੇ ਸੰਪੂਰਨ ਡਿਜੀਟਲੀਕਰਨ ਅਤੇ ਆਧੁਨਿਕੀਕਰਨ ਨੂੰ ਹੋਰ ਗਤੀ ਦਿੰਦਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਆਪਣੀਆਂ ਬੱਸਾਂ ਵਿੱਚ ਨਵੀਆਂ ਆਨਲਾਈਨ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ (ਈ.ਟੀ.ਐਮ.) ਲਾਗੂ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਹੈ। ਇਸ ਸਬੰਧੀ ਅੱਜ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਅਤੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ (ਆਈ.ਏ.ਐਸ.) ਦੀ ਅਗਵਾਈ ਹੇਠ ਉੱਚ ਪੱਧਰੀ ਸਮੀਖਿਆ ਅਤੇ ਡੈਮੋ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਵਿੱਚ ਮੁੰਬਈ ਦੀ ਓਮਨੀਫਿਸੈਂਟ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਅਮਿਤ ਮਹਿਤਾ ਅਤੇ ਸਾਫਟਵੇਅਰ ਇੰਜੀਨੀਅਰ ਪ੍ਰਦੀਪ ਮਿਸ਼ਰਾ ਨੇ ਨਵੀਂ ਈ.ਟੀ.ਐਮ. ਪ੍ਰਣਾਲੀ ਦਾ ਲਾਈਵ ਡੈਮੋ ਪੇਸ਼ ਕੀਤਾ। ਇਸ ਦੌਰਾਨ ਪਟਿਆਲਾ ਡਿਪੂ ਵਿੱਚ ਚੱਲ ਰਹੇ ਪਾਇਲਟ ਪ੍ਰੋਜੈਕਟ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਵਾਂ ‘ਤੇ ਵੀ ਵਿਚਾਰ ਕੀਤਾ ਗਿਆ।
ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਨੇ ਮੌਕੇ ‘ਤੇ ਹੀ ਸੂਬੇ ਦੇ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਪੰਜਾਬ ਭਰ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਯਾਤਰੀਆਂ ਨੂੰ ਆਧੁਨਿਕ ਅਤੇ ਸੁਵਿਧਾਜਨਕ ਸੇਵਾਵਾਂ ਮਿਲ ਸਕਣ।
watch…..ਮਾਨ ਸਰਕਾਰ ਦੇ ਫ਼ੈਸਲਿਆਂ ਦੀ ਬਰਸਾਤ: ਫੀਸ ਕੰਟਰੋਲ ਤੋਂ ਡਿਜੀਟਲ ਯੂਨੀਵਰਸਿਟੀਆਂ ਤੱਕ ਵੱਡੇ ਐਲਾਨ
ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਖੁਦ ਨਵੀਆਂ ਮਸ਼ੀਨਾਂ ਦੀ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਹੁਣ ਯਾਤਰੀਆਂ ਨੂੰ ਨਕਦ ਰਕਮ ਨਾਲ ਯਾਤਰਾ ਕਰਨ ਦੀ ਲੋੜ ਨਹੀਂ ਪਵੇਗੀ। ਉਹ ਯੂ.ਪੀ.ਆਈ., ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਆਸਾਨੀ ਨਾਲ ਆਨਲਾਈਨ ਕਿਰਾਇਆ ਅਦਾ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਪੀ.ਆਰ.ਟੀ.ਸੀ. ਜਲਦ ਹੀ ਇੱਕ ਵਿਸ਼ੇਸ਼ ਮੋਬਾਈਲ ਐਪ ਵੀ ਲਾਂਚ ਕਰੇਗੀ। ਇਸ ਐਪ ਰਾਹੀਂ ਯਾਤਰੀ ਬੱਸਾਂ ਦੀ ਲਾਈਵ ਲੋਕੇਸ਼ਨ ਦੇਖ ਸਕਣਗੇ, ਆਨਲਾਈਨ ਟਿਕਟ ਬੁੱਕ ਕਰ ਸਕਣਗੇ ਅਤੇ ਬੱਸਾਂ ਦੀ ਸਮਾਂ-ਸਾਰਣੀ ਦੀ ਜਾਣਕਾਰੀ ਘਰ ਬੈਠੇ ਹੀ ਪ੍ਰਾਪਤ ਕਰ ਸਕਣਗੇ।
ਚੇਅਰਮੈਨ ਜੁਨੇਜਾ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਆਈ.ਟੀ. ਸੈੱਲ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਯਾਤਰੀਆਂ ਨੂੰ ਹਾਈ-ਟੈਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਤਕਨੀਕੀ ਪਹਿਲਕਦਮੀਆਂ ਜਾਰੀ ਰਹਿਣਗੀਆਂ। ਉਨ੍ਹਾਂ ਇਸ ਲੋਕ-ਹਿਤੈਸ਼ੀ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਸਿੰਘ ਗਰੇਵਾਲ, ਜਨਰਲ ਮੈਨੇਜਰ ਸੰਗਰੂਰ ਮਨਿੰਦਰਪਾਲ ਸਿੰਘ ਸਿੱਧੂ, ਜਨਰਲ ਮੈਨੇਜਰ (ਆਈ.ਟੀ.) ਰਮਨ ਸ਼ਰਮਾ ਅਤੇ ਆਈ.ਟੀ. ਵਿੰਗ ਦੇ ਹੋਰ ਅਧਿਕਾਰੀ ਹਾਜ਼ਰ ਸਨ, ਜਦਕਿ ਬਾਕੀ ਡਿਪੂਆਂ ਦੇ ਜਨਰਲ ਮੈਨੇਜਰ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।





