ਚੰਡੀਗੜ੍ਹ, 26 ਅਗਸਤ
ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬਿਜਲੀ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਬਿਜਲੀ ਦੇ ਬਿੱਲਾਂ ਵਿੱਚ ਕਿਸੇ ਕਿਸਮ ਦੀ ਗੜਬੜੀ, ਵੱਧ ਬਿੱਲ, ਆਰਜ਼ੀ ਬਿੱਲ ਜਾਂ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਪੀ.ਐਸ.ਪੀ.ਸੀ.ਐਲ. ਦੀ ਸਮਰਪਿਤ ਹੈਲਪਲਾਈਨ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਖ਼ਪਤਕਾਰ +91 1613105055 ਜਾਂ +91 1616650355 ’ਤੇ ਸੰਪਰਕ ਕਰ ਸਕਦੇ ਹਨ। ਇਹ ਦੋਵੇਂ ਹੈਲਪਲਾਈਨ ਨੰਬਰ 24 ਘੰਟੇ ਕਾਰਜਸ਼ੀਲ ਰਹਿਣਗੇ ਅਤੇ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦਾ 15 ਦਿਨਾਂ ਦੇ ਅੰਦਰ ਨਿਪਟਾਰਾ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਖ਼ਪਤਕਾਰਾਂ ਨੂੰ ਆਮ ਨਾਲੋਂ ਵੱਧ ਬਿੱਲ, ਆਰਜ਼ੀ ਤੌਰ ’ਤੇ ਜਾਰੀ ਬਿੱਲ, ਗਲਤ ਜਾਂ ਤਰੁਟੀਆਂ ਵਾਲਾ ਬਿੱਲ ਪ੍ਰਾਪਤ ਹੋਇਆ ਹੈ, ਉਹ ਇਨ੍ਹਾਂ ਹੈਲਪਲਾਈਨ ਨੰਬਰਾਂ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਖ਼ਪਤਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਨਿਰਧਾਰਤ ਸਮੇਂ ਅੰਦਰ ਆਪਣੀ ਸ਼ਿਕਾਇਤ ਦਰਜ ਕਰਵਾਉਣ ਤਾਂ ਜੋ ਮਾਮਲੇ ਦੀ ਜਾਂਚ ਕਰਕੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ।
watch…..300 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਵੱਡੀ ਰਾਹਤ, ਵੱਧ ਬਿੱਲਾਂ ਦੀਆਂ ਸ਼ਿਕਾਇਤਾਂ 15 ਦਿਨਾਂ ’ਚ ਹੋਣਗੀਆਂ ਹੱਲ
ਸੌਂਦ ਨੇ ਕਿਹਾ ਕਿ ਇਸ ਸਮਰਪਿਤ ਹੈਲਪਲਾਈਨ ਦਾ ਮੁੱਖ ਮੰਤਵ ਬਿਜਲੀ ਬਿੱਲਾਂ ਨਾਲ ਜੁੜੀਆਂ ਸ਼ਿਕਾਇਤਾਂ ਲਈ ਖ਼ਪਤਕਾਰਾਂ ਨੂੰ ਸਰਲ, ਸਿੱਧਾ ਅਤੇ ਸੁਵਿਧਾਜਨਕ ਮੰਚ ਮੁਹੱਈਆ ਕਰਵਾਉਣਾ ਹੈ। ਇਸ ਰਾਹੀਂ ਸ਼ਿਕਾਇਤਾਂ ਦੀ ਸਮੇਂ ਸਿਰ ਜਾਂਚ ਅਤੇ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਖ਼ਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਬਿਲਿੰਗ ਪ੍ਰਕਿਰਿਆ ਨਾਲ ਸਬੰਧਤ ਜਾਇਜ਼ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਵਚਨਬੱਧ ਹੈ।
ਬਿਜਲੀ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਰਜ਼ੀ, ਤਰੁਟੀਆਂ ਵਾਲੇ ਜਾਂ ਵਧ ਕੇ ਆਏ ਬਿਜਲੀ ਬਿੱਲਾਂ ਕਾਰਨ ਕਿਸੇ ਵੀ ਯੋਗ ਖ਼ਪਤਕਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ।





