Bank of Canada: ਬੈਂਕ ਔਫ਼ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਮੁੱਖ ਵਿਆਜ ਦਰ ਵਿੱਚ ਕੋਈ ਬਦਲਾਅ ਨਾ ਕਰਦਿਆਂ ਇਸ ਨੂੰ 2.25% ’ਤੇ ਹੀ ਬਰਕਰਾਰ ਰੱਖਿਆ ਹੈ। ਅਰਥਸ਼ਾਸਤਰੀਆਂ ਨੇ ਵੀ ਇਸੇ ਤਰ੍ਹਾਂ ਦੇ ਫੈਸਲੇ ਦੀ ਪੇਸ਼ੀਨਗੋਈ ਕੀਤੀ ਸੀ। ਬੈਂਕ ਔਫ਼ ਕੈਨੇਡਾ ਨੇ ਦਸੰਬਰ 2025 ਤੋਂ ਵਿਆਜ ਦਰ ਨੂੰ ਇਸੇ ਪੱਧਰ ‘ਤੇ ਬਰਕਰਾਰ ਰੱਖਿਆ ਹੈ ਅਤੇ ਬੁੱਧਵਾਰ ਦਾ ਫੈਸਲਾ ਲਗਾਤਾਰ ਸੱਤਵੀਂ ਵਾਰ ਹੈ ਜਦੋਂ ਕੇਂਦਰੀ ਬੈਂਕ ਨੇ ਆਪਣੀ ਵਿਆਜ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਆਪਣੇ ਫੈਸਲੇ ਵਿੱਚ ਬੈਂਕ ਨੇ ਕਿਹਾ ਕਿ ਹਾਲ ਹੀ ਵਿੱਚ ਮਿਲੇ ਆਰਥਿਕ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੈਨੇਡਾ ਦੀ ਅਰਥਵਿਵਸਥਾ ਵਿੱਚ ਹੌਲੀ-ਹੌਲੀ ਵਿਆਪਕ ਸੁਧਾਰ ਆ ਰਿਹਾ ਹੈ। ਹਾਲਾਂਕਿ, ਬੈਂਕ ਨੇ ਅਮਰੀਕਾ ਵੱਲੋਂ ਲਗਾਏ ਗਏ ਨਵੇਂ ਟੈਰਿਫ਼ਾਂ ਅਤੇ ਇਰਾਨ ਜੰਗ ਵਰਗੇ ਕਾਰਨਾਂ ਦਾ ਹਵਾਲਾ ਦਿੰਦਿਆਂ ਮਹਿੰਗਾਈ ਵਧਣ ਦੇ ਖ਼ਤਰੇ ਬਾਰੇ ਚਿੰਤਾ ਵੀ ਜ਼ਾਹਰ ਕੀਤੀ ਹੈ।
ਖੇੜੀ ਨੌਧ ਸਿੰਘ ਪੁਲਿਸ ’ਤੇ ਨੌਜਵਾਨ ਨੂੰ ਝੂਠੇ ਕੇਸ ’ਚ ਫਸਾਉਣ ਦੇ ਇਲਜ਼ਾਮ, ਵੀਡੀਓ ਵਾਇਰਲ
ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਮੱਧ ਪੂਰਬ ਵਿੱਚ ਟਕਰਾਅ ਅਜੇ ਵੀ ਜਾਰੀ ਹੈ ਅਤੇ ਸਟ੍ਰੇਟ ਔਫ਼ ਹੌਰਮੂਜ਼ ਨੂੰ ਮੁੜ ਖੋਲ੍ਹਣ ਵੱਲ ਬਹੁਤ ਘੱਟ ਪ੍ਰਗਤੀ ਹੋਈ ਹੈ। ਇਸ ਕਾਰਨ ਬੈਂਕ ਦੇ ਅਨੁਮਾਨ ਤੋਂ ਵੱਧ ਮਹਿੰਗਾਈ ਹੋਣ ਦਾ ਖ਼ਤਰਾ ਵਧ ਗਿਆ ਹੈ। ਬੈਂਕ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਤੇਲ ਦੀਆਂ ਉੱਚੀਆਂ ਕੀਮਤਾਂ ਲੰਬੇ ਸਮੇਂ ਤੱਕ ਜਾਰੀ ਰਹਿੰਦੀਆਂ ਹਨ, ਤਾਂ ਇਸ ਦਾ ਅਸਰ ਹੋਰ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ’ਤੇ ਵੀ ਪੈ ਸਕਦਾ ਹੈ। ਇਸ ਨਾਲ ਮਹਿੰਗਾਈ ’ਤੇ ਹੋਰ ਦਬਾਅ ਬਣ ਸਕਦਾ ਹੈ। 22 ਅਗਸਤ ਨੂੰ ਰੋਏਟਰਜ਼ ਵੱਲੋਂ ਕੀਤੇ ਗਏ ਅਰਥਸ਼ਾਸਤਰੀਆਂ ਦੇ ਸਰਵੇਖਣ ਵਿੱਚ ਸ਼ਾਮਲ ਸਾਰੇ 35 ਮਾਹਰਾਂ ਨੇ ਉਮੀਦ ਜਤਾਈ ਸੀ ਕਿ ਬੈਂਕ ਔਫ਼ ਕੈਨੇਡਾ ਇਸ ਵਾਰ ਵੀ ਵਿਆਜ ਦਰ ਨੂੰ 2.25% ’ਤੇ ਹੀ ਬਰਕਰਾਰ ਰੱਖੇਗਾ। ਬੈਂਕ ਔਫ਼ ਕੈਨੇਡਾ ਵੱਲੋਂ ਅਗਲੀ ਵਿਆਜ ਦਰ ਦਾ ਐਲਾਨ 28 ਅਕਤੂਬਰ ਨੂੰ ਕੀਤਾ ਜਾਣਾ ਹੈ।





