ਚੰਡੀਗੜ੍ਹ, 5 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਿਅਕਤੀ ਤੱਕ ਸੁਰੱਖਿਅਤ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸੋਮਵਾਰ ਨੂੰ ਇੱਥੇ ਮਿਊਂਸਪਲ ਭਵਨ ਵਿਖੇ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਖੂਨਦਾਨੀਆਂ, ਖੂਨਦਾਨ ਸੰਸਥਾਵਾਂ ਅਤੇ ਬਲੱਡ ਸੈਂਟਰਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਸਿਹਤ ਮੰਤਰੀ ਨੇ ਪੰਜਾਬ ਵੱਲੋਂ ਭਾਰਤ ਸਰਕਾਰ ਦੇ ਈ-ਰਕਤਕੋਸ਼ ਪੋਰਟਲ ’ਤੇ ਪ੍ਰਤੀ 10 ਲੱਖ ਆਬਾਦੀ ਸਵੈਇੱਛਕ ਖੂਨਦਾਨ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਤੀਜਾ ਸਥਾਨ ਹਾਸਲ ਕਰਨ ਅਤੇ ਲਗਾਤਾਰ ਖੂਨਦਾਨ ਕਰਨ ਵਾਲੇ ਸਵੈਇੱਛਕ ਦਾਨੀਆਂ ਦੇ ਮਾਮਲੇ ਵਿੱਚ ਦੇਸ਼ ਵਿੱਚ ਮੋਹਰੀ ਰਹਿਣ ਦੀ ਪ੍ਰਾਪਤੀ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ (PSBTC) ਦਾ ਵਿਸ਼ੇਸ਼ ਯਾਦਗਾਰੀ ਸੋਵੀਨਿਅਰ ਵੀ ਜਾਰੀ ਕੀਤਾ, ਜਿਸ ਵਿੱਚ ਸੂਬੇ ਦੀਆਂ ਪ੍ਰਾਪਤੀਆਂ, ਬਿਹਤਰੀਨ ਪਿਰਤਾਂ ਅਤੇ ਖੂਨਦਾਨੀਆਂ ਦੀਆਂ ਉਪਲਬਧੀਆਂ ਦਰਜ ਕੀਤੀਆਂ ਗਈਆਂ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਸੂਬੇ ਵਿੱਚ ਸਿਹਤ ਸੰਭਾਲ ਅਤੇ ਖੂਨ ਚੜ੍ਹਾਉਣ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਚਾਰ ਮੁੱਖ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਹਰ ਕਾਲਜ ਵਿਦਿਆਰਥੀ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰਨ ਦਾ ਪ੍ਰਣ ਲਵੇ।
ਸਰਗਰਮ ਖੂਨਦਾਨੀਆਂ ਨੂੰ ਇਸ ਮੁਹਿੰਮ ਦਾ ਚੈਂਪੀਅਨ ਬਣਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਖੂਨਦਾਨੀਆਂ ਨੇ ਆਪਣੀਆਂ ਨਿਸ਼ਕਾਮ ਸੇਵਾਵਾਂ ਰਾਹੀਂ ਆਪਣੀ ਵਚਨਬੱਧਤਾ ਸਾਬਤ ਕੀਤੀ ਹੈ। ਹੁਣ ਸਮਾਂ ਹੈ ਕਿ ਉਹ ‘ਸਟਾਰ ਡੋਨਰ’ ਤੋਂ ‘ਸਟਾਰ ਮੋਟੀਵੇਟਰ’ ਬਣਨ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
watch….ਪੰਜਾਬ ਦੀ ਹਰ ਮਾਂ-ਧੀ ਹੋਵੇਗੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮਾਨ
ਸੂਬੇ ਵਿੱਚ ਹੈਪੇਟਾਈਟਸ-ਸੀ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਸਿਹਤ ਮੰਤਰੀ ਨੇ ਸਿਹਤ ਵਿਭਾਗ ਨੂੰ ਮਿਸ਼ਨ ਮੋਡ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਸਖ਼ਤ ਸਕ੍ਰੀਨਿੰਗ, ਵਿਆਪਕ ਟ੍ਰੈਕਿੰਗ, ਸਮੇਂ ਸਿਰ ਇਲਾਜ ਨਾਲ ਜੋੜਨ ਅਤੇ ਖੂਨ ਦੀ ਸੁਰੱਖਿਆ ਲਈ ਸਖ਼ਤ ਪ੍ਰੋਟੋਕੋਲ ਰਾਹੀਂ ਪੰਜਾਬ ਵਿੱਚ ਹੈਪੇਟਾਈਟਸ-ਸੀ ਦੀ ਪਾਜ਼ੀਟਿਵਿਟੀ ਦਰ ਨੂੰ ਰਾਸ਼ਟਰੀ ਔਸਤ ਤੋਂ ਕਾਫ਼ੀ ਹੇਠਾਂ ਲਿਆਂਦਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਖੂਨ ਚੜ੍ਹਾਉਣ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਅਤੇ Nucleic Acid Testing (NAT) ਅਤੇ Chemiluminescence Immunoassay (CLIA) ਵਰਗੀਆਂ ਆਧੁਨਿਕ ਤਕਨੀਕਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਬਿਮਾਰੀਆਂ ਦੀ ਪਛਾਣ ਲਈ ਲੱਗਣ ਵਾਲਾ ਸਮਾਂ ਘਟੇਗਾ ਅਤੇ HIV, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਵਰਗੀਆਂ ਲਾਗਾਂ ਦੇ ਸੰਚਾਰ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
ਸੂਬੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ 198 ਲਾਇਸੰਸਸ਼ੁਦਾ ਬਲੱਡ ਸੈਂਟਰ ਹਨ, ਜਿਨ੍ਹਾਂ ਵਿੱਚ 49 ਸਰਕਾਰੀ, 7 ਫੌਜੀ ਅਤੇ 142 ਨਿੱਜੀ/ਟਰੱਸਟ ਵੱਲੋਂ ਚਲਾਏ ਜਾ ਰਹੇ ਸੈਂਟਰ ਸ਼ਾਮਲ ਹਨ। ਸਾਲ 2025-26 ਦੌਰਾਨ ਸੂਬੇ ਵਿੱਚ 6,583 ਖੂਨਦਾਨ ਕੈਂਪਾਂ ਰਾਹੀਂ ਕੁੱਲ 5,44,167 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸਰਕਾਰੀ ਬਲੱਡ ਸੈਂਟਰਾਂ ਵਿੱਚ ਇਕੱਠੇ ਕੀਤੇ ਗਏ 1,78,382 ਯੂਨਿਟਾਂ ਵਿੱਚੋਂ 1,77,583 ਯੂਨਿਟ, ਭਾਵ ਲਗਭਗ 99.6 ਫੀਸਦੀ, ਸਵੈਇੱਛਕ ਖੂਨਦਾਨੀਆਂ ਵੱਲੋਂ ਦਿੱਤੇ ਗਏ।
ਖੂਨਦਾਨ ਸਬੰਧੀ ਭਰਮਾਂ ਨੂੰ ਦੂਰ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਜਾਂ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੁੰਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਨਿਯਮਤ ਸਵੈਇੱਛਕ ਖੂਨਦਾਨ ਨੂੰ ਇੱਕ ਲਗਾਤਾਰ ਸਮਾਜਿਕ ਲਹਿਰ ਬਣਾਇਆ ਜਾਵੇ।
ਸੂਬਾ ਪੱਧਰੀ ਸਨਮਾਨ ਸਮਾਰੋਹ ਦੌਰਾਨ PBG Welfare Club, ਕੋਟਕਪੂਰਾ ਨੇ ਸਰਕਾਰੀ ਬਲੱਡ ਸੈਂਟਰਾਂ ਨੂੰ 8,933 ਯੂਨਿਟ ਖੂਨ ਇਕੱਠਾ ਕਰਕੇ ਮੁਹੱਈਆ ਕਰਵਾਉਣ ਲਈ ਸਵੈਇੱਛਕ ਖੂਨਦਾਨ ਸੰਸਥਾਵਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪੁਰਸ਼ ਖੂਨਦਾਨੀਆਂ ਵਿੱਚ ਬਠਿੰਡਾ ਦੇ ਸੁਰਿੰਦਰ ਪਾਲ ਨੇ 149 ਵਾਰ ਖੂਨਦਾਨ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮਹਿਲਾ ਖੂਨਦਾਨੀਆਂ ਵਿੱਚ ਜਲੰਧਰ ਦੀ ਹਰਵਿੰਦਰ ਕੌਰ ਨੇ 69 ਵਾਰ ਖੂਨਦਾਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ।
ਕੁੱਲ ਮਿਲਾ ਕੇ 17 ਸੈਂਚੁਰੀਅਨ ਪੁਰਸ਼ ਖੂਨਦਾਨੀਆਂ (100 ਤੋਂ ਵੱਧ ਵਾਰ ਖੂਨਦਾਨ), 18 ਮਹਿਲਾ ਖੂਨਦਾਨੀਆਂ (25 ਤੋਂ ਵੱਧ ਵਾਰ ਖੂਨਦਾਨ), ਚਾਰ ਵਿਸ਼ੇਸ਼ ਤੌਰ ’ਤੇ ਸਮਰੱਥ ਦਾਨੀਆਂ, 12 ਸਿੰਗਲ ਡੋਨਰ ਪਲੇਟਲੈਟ (SDP) ਅਫੇਰੇਸਿਸ ਦਾਨੀਆਂ ਅਤੇ ਛੇ ਸਵੈਇੱਛਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਲੰਬੇ ਸਮੇਂ ਤੱਕ ਸਵੈਇੱਛਕ ਖੂਨ ਸੰਚਾਰ ਦੇ ਖੇਤਰ ਵਿੱਚ ਸੇਵਾਵਾਂ ਨਿਭਾਉਣ ਲਈ ਸੇਵਾਮੁਕਤ ਸਿਵਲ ਸਰਜਨ ਡਾ. ਅਜੇ ਬੱਗਾ ਨੂੰ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ।
ਪਟਿਆਲਾ ਅਤੇ ਸੰਗਰੂਰ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਵਜੋਂ ਚੁਣਿਆ ਗਿਆ। ਇਸ ਤੋਂ ਇਲਾਵਾ ਘੱਟ ਤੋਂ ਘੱਟ ਖੂਨ ਬਰਬਾਦੀ ਦਰ, ਸਭ ਤੋਂ ਵੱਧ ਕੰਪੋਨੈਂਟ ਸੈਪਰੇਸ਼ਨ ਅਤੇ ਥੈਲੇਸੀਮੀਆ ਮਰੀਜ਼ਾਂ ਲਈ ਸਮਰਪਿਤ ਸਪਲਾਈ ਯਕੀਨੀ ਬਣਾਉਣ ਵਾਲੇ ਬਲੱਡ ਸੈਂਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। PGIMER, ਚੰਡੀਗੜ੍ਹ ਦੇ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਸਰਕਾਰੀ ਮੈਡੀਕਲ ਕਾਲਜ, ਸੈਕਟਰ-32, ਚੰਡੀਗੜ੍ਹ ਨੂੰ ਵੀ ਸ਼ਾਨਦਾਰ ਅਗਵਾਈ ਅਤੇ ਅਕਾਦਮਿਕ ਸਿਖਲਾਈ ਸਹਾਇਤਾ ਲਈ ਸਨਮਾਨਿਤ ਕੀਤਾ ਗਿਆ।
HIV ਕੰਟਰੋਲ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਨੂੰ ਦਰਸਾਉਂਦਿਆਂ ਮੰਤਰੀ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (PSACS) ਦੇ HIV 95–95–95 ਟਾਰਗੇਟਸ ਤਹਿਤ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਜ਼ਿਲ੍ਹਿਆਂ ਨੂੰ ਵੀ ਸਨਮਾਨਿਤ ਕੀਤਾ। ਪਠਾਨਕੋਟ ਨੂੰ ‘ਸਕਸ਼ਮ ਜ਼ਿਲ੍ਹਾ’ ਅਤੇ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਕਪੂਰਥਲਾ, SAS ਨਗਰ (ਮੋਹਾਲੀ) ਅਤੇ ਬਠਿੰਡਾ ਨੂੰ ‘ਸੁਰੱਖਿਅਤ ਜ਼ਿਲ੍ਹੇ’ ਦਾ ਖਿਤਾਬ ਦਿੱਤਾ ਗਿਆ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਏਡਜ਼ ਨੂੰ ਖਤਮ ਕਰਨ ਲਈ ਸਮੇਂ ਸਿਰ ਜਾਂਚ, ਤੁਰੰਤ ART ਨਾਲ ਜੋੜਨਾ, ਮਰੀਜ਼ਾਂ ਨੂੰ ਇਲਾਜ ਨਾਲ ਜੋੜ ਕੇ ਰੱਖਣਾ ਅਤੇ ਲਗਾਤਾਰ ਵਾਇਰਲ ਲੋਡ ਨੂੰ ਦਬਾਅ ਹੇਠ ਰੱਖਣਾ ਮੁੱਖ ਥੰਮ੍ਹ ਹਨ।
ਇਸ ਮੌਕੇ ਸਿਹਤ ਵਿਭਾਗ ਦੀ ਵਿਸ਼ੇਸ਼ ਸਕੱਤਰ-ਕਮ-ਪ੍ਰੋਜੈਕਟ ਡਾਇਰੈਕਟਰ PSACS ਅਤੇ ਡਾਇਰੈਕਟਰ PSBTC ਸਾਕਸ਼ੀ ਸਾਹਨੀ, ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਹਿਤਿੰਦਰ ਕੌਰ, ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ PSACS ਡਾ. ਵਿਸ਼ਾਲ ਗਰਗ, ਜੁਆਇੰਟ ਡਾਇਰੈਕਟਰ BTS ਡਾ. ਸੁਨੀਤਾ ਦੇਵੀ, ਜੁਆਇੰਟ ਡਾਇਰੈਕਟਰ BSD ਡਾ. ਸੁਖਵਿੰਦਰ ਕੌਰ, ਜੁਆਇੰਟ ਡਾਇਰੈਕਟਰ CST ਡਾ. ਹਰਪ੍ਰੀਤ ਕੌਰ, ਜੁਆਇੰਟ ਡਾਇਰੈਕਟਰ ਪ੍ਰੀਵੈਂਸ਼ਨ ਡਾ. ਮੀਨੂ ਅਤੇ ਜੁਆਇੰਟ ਡਾਇਰੈਕਟਰ IEC ਪਵਨ ਰੇਖਾ ਬੇਰੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।





