-ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ, ਸਮਾਂਬੱਧ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਪਟਿਆਲਾ, 2 ਅਗਸਤ,
– ਅਰਬਨ ਅਸਟੇਟ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ
– ਸਿਹਤ ਮੰਤਰੀ ਨੇ ਟੁੱਟੀਆਂ ਸੜਕਾਂ ਅਤੇ ਪਾਰਕਾਂ ਵਿੱਚ ਗੰਦਗੀ ਦਾ ਲਿਆ ਜਾਇਜ਼ਾ
– ਗਰਾਊਂਡ ਜ਼ੀਰੋ ‘ਤੇ ਸਮੱਸਿਆਵਾਂ ਸਮਝਣ ਅਤੇ ਹੱਲ ਕਰਨ ਦਾ ਮੁੱਖ ਉਦੇਸ਼
– ਹਰ ਸਮੱਸਿਆ ਦੀ ਜੀਓ-ਟੈਗਿੰਗ ਅਤੇ ਵੀਡੀਓ ਨਾਲ ਅਧਿਕਾਰੀਆਂ ਨੂੰ ਰਿਪੋਰਟ ਭੇਜੀ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਅਰਬਨ ਅਸਟੇਟ ਫੇਜ਼ 1, 2 ਅਤੇ 3 ਦਾ ਪੈਦਲ ਦੌਰਾ ਕਰਕੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਸਮਾਂਬੱਧ ਹੱਲ ਲਈ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਅਰਬਨ ਅਸਟੇਟ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਇਸ ਲਈ ਪੀ.ਡੀ.ਏ. (PUDA) ਅਧਿਕਾਰੀਆਂ ਨਾਲ ਨਿਰੰਤਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
watch…..ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਲਿੰਗ ਅਨੁਪਾਤ ਸੁਧਾਰਨ ਅਤੇ ਆਸ਼ਾ ਵਰਕਰਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ
ਦੌਰੇ ਦੀਆਂ ਮੁੱਖ ਗਤੀਵਿਧੀਆਂ
ਅਰਬਨ ਅਸਟੇਟ ਫੇਜ਼ 2 ਵਿਖੇ ਪਹੁੰਚ ਕੇ ਡਾ. ਬਲਬੀਰ ਸਿੰਘ ਨੇ ਵਰਧਮਾਨ ਹਸਪਤਾਲ ਵਾਲੀ ਮਾਰਕੀਟ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਟਵਾਲ ਫਿਲਿੰਗ ਸਟੇਸ਼ਨ ਦੇ ਪਿੱਛੇ ਟੁੱਟੀਆਂ ਸੜਕਾਂ ਦੀ ਮੁਰੰਮਤ ਅਤੇ ਨਾਲ ਲੱਗਦੇ ਪਾਰਕ ਦੀ ਸਫਾਈ ਲਈ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ। ਫੇਜ਼ 2 ਵਿੱਚ ਥਾਂ-ਥਾਂ ’ਤੇ ਦੱਬੀਆਂ ਅਤੇ ਟੁੱਟੀਆਂ ਸੜਕਾਂ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੇ ਹਦਾਇਤ ਕੀਤੀ ਕਿ ਬਰਸਾਤਾਂ ਤੋਂ ਤੁਰੰਤ ਬਾਅਦ ਸੜਕਾਂ ਦੀ ਮੁਰੰਮਤ ਯਕੀਨੀ ਬਣਾਈ ਜਾਵੇ ਅਤੇ ਪਹਿਲਾਂ ਸੜਕਾਂ ਬਣਾਉਣ ਵਾਲੇ ਠੇਕੇਦਾਰ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ, ਫੇਜ਼ 2 ਵਿੱਚ ਸਕੂਲ ਲਈ ਰਾਖਵੀਂ ਜਗ੍ਹਾ* ਤੇ ਪਈ ਗੰਦਗੀ ਅਤੇ ਬਾਈਪਾਸ ਰੋਡ ਨਾਲ ਜੰਗਲਾਤ ਦੀ ਜਗ੍ਹਾ ਦੀ ਸਫਾਈ ਲਈ ਵੀ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਅਰਬਨ ਅਸਟੇਟ ਫੇਜ਼ 3 ਦੇ ਵਸਨੀਕਾਂ ਨੇ ਪਟਿਆਲਾ-ਰਾਜਪੁਰਾ ਰੋਡ ’ਤੇ ਪੀ.ਡੀ.ਏ. ਵੱਲੋਂ ਵਿਕਸਤ ਕੀਤੀ ਜਾ ਰਹੀ ਕਮਰਸ਼ੀਅਲ ਸਾਈਟ ਤੋਂ ਪਹਿਲਾਂ ਰਿਹਾਇਸ਼ੀ ਖੇਤਰ ਦੀ ਸੁਰੱਖਿਆ ਲਈ ਕੰਧ ਬਣਾਉਣ ਦੀ ਮੰਗ ਰੱਖੀ। ਇਸ ’ਤੇ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਸਨੀਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਤੁਰੰਤ ਚੁੱਕੇ ਜਾਣ ਤਾਂ ਜੋ ਇੱਥੇ ਰਹਿਣ ਵਾਲਿਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਵਸਨੀਕਾਂ ਦੀਆਂ ਸਮੱਸਿਆਵਾਂ ’ਤੇ ਐਕਸ਼ਨ
ਡਾ. ਬਲਬੀਰ ਸਿੰਘ ਨੇ ਅਰਬਨ ਅਸਟੇਟ ਦੇ ਸਾਰੇ ਰਿਹਾਇਸ਼ੀ ਖੇਤਰਾਂ, ਪਾਰਕਾਂ, ਮਾਰਕਿਟਾਂ, ਅਤੇ ਈ.ਡਬਲਿਊ.ਐਸ. ਖੇਤਰ ਦਾ ਦੌਰਾ ਕਰਕੇ ਸਥਾਨਕ ਵਸਨੀਕਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਨੇ ਸੜਕਾਂ ਦੀ ਮੁਰੰਮਤ, ਬਰਸਾਤੀ ਪਾਣੀ ਦੀ ਨਿਕਾਸੀ, ਪਾਰਕਾਂ ਦੀ ਸਾਂਭ-ਸੰਭਾਲ, ਸੀਵਰੇਜ, ਸੁਰੱਖਿਆ, ਅਤੇ ਸਫਾਈ ਵਰਗੀਆਂ ਮੁਸ਼ਕਲਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਹਰੇਕ ਸਮੱਸਿਆ ਦੀ ਜੀਓ-ਟੈਗਿੰਗ ਅਤੇ ਵੀਡੀਓ ਨਾਲ ਰਿਕਾਰਡਿੰਗ ਕਰਕੇ ਸਬੰਧਤ ਅਧਿਕਾਰੀਆਂ ਨੂੰ ਭੇਜੀ ਗਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇੱਕ ਹਫਤੇ ਵਿੱਚ ਪੂਰੀ ਰਿਪੋਰਟ ਤਿਆਰ ਕਰਨ ਅਤੇ ਸਾਰੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਦੇ ਸਖਤ ਨਿਰਦੇਸ਼ ਦਿੱਤੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪੈਦਲ ਦੌਰੇ ਦਾ ਮੁੱਖ ਮਕਸਦ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਗਰਾਊਂਡ ਜ਼ੀਰੋ ’ਤੇ ਸਮਝਣਾ ਅਤੇ ਉਨ੍ਹਾਂ ਦਾ ਜਲਦੀ ਹੱਲ ਕਰਵਾਉਣਾ ਹੈ, ਤਾਂ ਜੋ ਅਰਬਨ ਅਸਟੇਟ ਦੇ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।


