ਚੰਡੀਗੜ੍ਹ, 12 ਅਕਤੂਬਰ
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ 14 ਮਈ 2026 ਨੂੰ ਜਾਰੀ ਨੋਟੀਫਿਕੇਸ਼ਨ ਦੇ ਮੱਦੇਨਜ਼ਰ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (SIR) 2026 ਦੀ ਪ੍ਰਕਿਰਿਆ 25 ਜੂਨ 2026 ਤੋਂ ਸ਼ੁਰੂ ਕੀਤੀ ਗਈ ਸੀ। ਪੰਜਾਬ ਨੂੰ ਇਸ ਪ੍ਰਕਿਰਿਆ ਦੇ ਤੀਜੇ ਪੜਾਅ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਤਹਿਤ ਅੱਜ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ।
ਮੁੱਖ ਚੋਣ ਅਫ਼ਸਰ ਪੰਜਾਬ, ਅਨਿੰਦਿਤਾ ਮਿੱਤਰਾ, ਆਈ.ਏ.ਐੱਸ. ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀਆਂ ਜ਼ਿਲ੍ਹਾ ਚੋਣ ਅਫ਼ਸਰਾਂ (DEOs), ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (EROs) ਦੇ ਦਫ਼ਤਰਾਂ ਅਤੇ ਬੂਥ ਲੈਵਲ ਅਫ਼ਸਰਾਂ (BLOs) ਕੋਲ ਉਪਲਬਧ ਹਨ। ਇਨ੍ਹਾਂ ਨੂੰ ਮੁੱਖ ਚੋਣ ਅਫ਼ਸਰ ਪੰਜਾਬ ਦੀ ਅਧਿਕਾਰਤ ਵੈੱਬਸਾਈਟ www.ceopunjab.gov.in ਅਤੇ ਚੋਣ ਕਮਿਸ਼ਨ ਦੇ ਨਾਗਰਿਕ ਸੇਵਾ ਪੋਰਟਲ www.voters.eci.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
ਸੀ.ਈ.ਓ. ਪੰਜਾਬ ਵੱਲੋਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਦੀਆਂ ਹਾਰਡ ਕਾਪੀਆਂ ਅਤੇ ਸਾਫਟ ਕਾਪੀਆਂ ਸੌਂਪੀਆਂ ਗਈਆਂ। ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ’ਤੇ ਸੂਬੇ ਭਰ ਵਿੱਚ ਤਾਇਨਾਤ 89,395 ਬੂਥ ਲੈਵਲ ਏਜੰਟਾਂ (BLAs) ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਰਗਰਮ ਭਾਗੀਦਾਰੀ ਨਾਲ ਇਹ ਕੰਮ ਸਫ਼ਲਤਾਪੂਰਵਕ ਪੂਰਾ ਹੋ ਸਕਿਆ।
ਖਰੜਾ ਸੂਚੀ ਵਿੱਚ 1.93 ਕਰੋੜ, ਅੰਤਿਮ ਸੂਚੀ ਵਿੱਚ 2.01 ਕਰੋੜ ਵੋਟਰ
ਪੰਜਾਬ ਵਿੱਚ 9 ਜੂਨ 2026 ਤੱਕ ਕੁੱਲ 2,14,61,043 ਰਜਿਸਟਰਡ ਵੋਟਰ ਸਨ। ਇਨ੍ਹਾਂ ਵਿੱਚ 1,11,76,866 ਪੁਰਸ਼, 1,02,83,478 ਮਹਿਲਾ ਅਤੇ 699 ਤੀਜੇ ਲਿੰਗ ਦੇ ਵੋਟਰ ਸ਼ਾਮਲ ਸਨ।
ਘਰ-ਘਰ ਜਾ ਕੇ ਵੋਟਰਾਂ ਦੇ ਵੇਰਵੇ ਇਕੱਠੇ ਕਰਨ ਦਾ ਪੜਾਅ 25 ਜੂਨ ਤੋਂ 3 ਅਗਸਤ 2026 ਤੱਕ ਚਲਾਇਆ ਗਿਆ। ਇਸ ਦੌਰਾਨ ਬੂਥ ਲੈਵਲ ਅਫ਼ਸਰਾਂ ਵੱਲੋਂ ਰਜਿਸਟਰਡ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਗਏ ਅਤੇ ਭਰੇ ਹੋਏ ਫਾਰਮ ਇਕੱਠੇ ਕੀਤੇ ਗਏ।
ਖਰੜਾ ਵੋਟਰ ਸੂਚੀ 13 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿੱਚ ਕੁੱਲ 1,93,94,435 ਵੋਟਰ ਦਰਜ ਸਨ। ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖਰੜਾ ਸੂਚੀ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ, ਤਾਂ ਜੋ ਉਹ ਵੋਟਰਾਂ ਦੇ ਵੇਰਵਿਆਂ ਦੀ ਜਾਂਚ ਵਿੱਚ ਸਰਗਰਮ ਭੂਮਿਕਾ ਨਿਭਾਅ ਸਕਣ।
watch….Starlink in India: 90 Days Clearances, KBS Sidhu’s Policy Push
ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦੀ ਮਿਆਦ 13 ਅਗਸਤ ਤੋਂ 12 ਸਤੰਬਰ 2026 ਤੱਕ ਨਿਰਧਾਰਤ ਕੀਤੀ ਗਈ ਸੀ। ਇਸ ਦੌਰਾਨ ਨਾਗਰਿਕਾਂ ਨੂੰ ਆਪਣੇ ਵੇਰਵਿਆਂ ਦੀ ਜਾਂਚ ਕਰਨ ਅਤੇ ਲੋੜ ਪੈਣ ’ਤੇ ਦਾਅਵੇ ਜਾਂ ਇਤਰਾਜ਼ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ। ਅਰਜ਼ੀਆਂ ਆਨਲਾਈਨ, ECINET ਮੋਬਾਈਲ ਐਪ ਰਾਹੀਂ, ਬੀ.ਐੱਲ.ਓਜ਼ ਕੋਲ ਆਫ਼ਲਾਈਨ ਜਾਂ ਈ.ਆਰ.ਓਜ਼ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਈਆਂ ਗਈਆਂ।
ਮੁੱਖ ਚੋਣ ਅਫ਼ਸਰ ਪੰਜਾਬ, 19 ਰੋਲ ਆਬਜ਼ਰਵਰਾਂ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਵੱਲੋਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ ਵੀ ਕੀਤੀ ਗਈ।
35.49 ਲੱਖ ਵੋਟਰਾਂ ਨੂੰ ਨੋਟਿਸ ਜਾਰੀ
ਨੋਟਿਸ ਜਾਰੀ ਕਰਨ ਅਤੇ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ 13 ਅਗਸਤ ਤੋਂ 8 ਅਕਤੂਬਰ 2026 ਤੱਕ ਚਲਾਈ ਗਈ। ਇਸ ਦੌਰਾਨ ਅਣ-ਮੈਪਡ ਵੋਟਰਾਂ ਅਤੇ ਵੇਰਵਿਆਂ ਵਿੱਚ ਤਰੁੱਟੀਆਂ ਵਾਲੇ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ।
ਪਿੰਡ ਪੱਧਰ ’ਤੇ ਈ.ਆਰ.ਓਜ਼ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (AEROs) ਵੱਲੋਂ ਸੁਣਵਾਈਆਂ ਕੀਤੀਆਂ ਗਈਆਂ। ਸਬੰਧਤ ਦਸਤਾਵੇਜ਼ਾਂ ਅਤੇ ਬੀ.ਐੱਲ.ਓਜ਼ ਦੀਆਂ ਰਿਪੋਰਟਾਂ ਦੀ ਜਾਂਚ ਤੋਂ ਬਾਅਦ ਫ਼ੈਸਲੇ ਲਏ ਗਏ।
ਸੀ.ਈ.ਓ. ਪੰਜਾਬ ਅਨੁਸਾਰ, ਨੋਟਿਸ ਜਾਰੀ ਕੀਤੇ ਗਏ ਕੁੱਲ 35,49,036 ਵੋਟਰਾਂ ਵਿੱਚੋਂ 86,038 ਵੋਟਰਾਂ ਨੂੰ ਵਿਸਤ੍ਰਿਤ ਜਾਂਚ ਅਤੇ ਕਾਰਨਾਂ ਸਮੇਤ ਜਾਰੀ ਕੀਤੇ ਗਏ ਹੁਕਮਾਂ (Speaking Orders) ਰਾਹੀਂ ਅਯੋਗ ਕਰਾਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਦਸਤਾਵੇਜ਼ ਤਸਦੀਕ ਟੀਮਾਂ ਬਣਾਈਆਂ ਗਈਆਂ ਸਨ। ਇਸ ਤੋਂ ਇਲਾਵਾ, ਹਰ ਜ਼ਿਲ੍ਹੇ ਵਿੱਚ ਸ਼ਿਕਾਇਤ ਨਿਵਾਰਨ ਅਫ਼ਸਰਾਂ ਦੀ ਤਾਇਨਾਤੀ ਕੀਤੀ ਗਈ। ਵੋਟਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 1950 ਹੈਲਪਲਾਈਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਚਲਾਈ ਗਈ ਅਤੇ ਈ.ਆਰ.ਓ. ਤੇ ਡੀ.ਈ.ਓ. ਦਫ਼ਤਰਾਂ ਵਿੱਚ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ।
ਅੰਤਿਮ ਸੂਚੀ ਵਿੱਚ 1,03,76,026 ਪੁਰਸ਼ ਅਤੇ 97,24,195 ਮਹਿਲਾ ਵੋਟਰ
ਖਰੜਾ ਸੂਚੀ ਵਿੱਚ ਦਰਜ 1,93,94,435 ਵੋਟਰਾਂ ਦੇ ਮੁਕਾਬਲੇ ਅੰਤਿਮ ਵੋਟਰ ਸੂਚੀ ਵਿੱਚ ਕੁੱਲ ਗਿਣਤੀ ਵਧ ਕੇ 2,01,00,727 ਹੋ ਗਈ ਹੈ। ਇਹ ਖਰੜਾ ਸੂਚੀ ਦੇ ਮੁਕਾਬਲੇ 3.64 ਫ਼ੀਸਦੀ ਦਾ ਵਾਧਾ ਹੈ।
ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੁੱਲ 2,01,00,727 ਵੋਟਰਾਂ ਵਿੱਚ 1,03,76,026 ਪੁਰਸ਼, 97,24,195 ਮਹਿਲਾ ਅਤੇ 506 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।
ਇਸ ਦੇ ਨਾਲ ਹੀ ਸਰਵਿਸ ਵੋਟਰਾਂ ਲਈ ਵਿਸ਼ੇਸ਼ ਸੰਖੇਪ ਸੁਧਾਈ (Special Summary Revision) ਤਹਿਤ 1 ਅਕਤੂਬਰ 2026 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਤਿਆਰ ਕੀਤੀ ਅੰਤਿਮ ਵੋਟਰ ਸੂਚੀ ਵੀ ਅੱਜ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ।
ਪੋਲਿੰਗ ਸਟੇਸ਼ਨਾਂ ਦੀ ਗਿਣਤੀ 25,332 ਹੋਈ
ਵੋਟਰਾਂ ਦੀ ਸਹੂਲਤ ਅਤੇ ਪਹੁੰਚ ਨੂੰ ਬਿਹਤਰ ਬਣਾਉਣ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੋਲਿੰਗ ਸਟੇਸ਼ਨਾਂ ਦਾ ਤਰਕਸੰਗਤ ਪੁਨਰਗਠਨ ਕੀਤਾ ਗਿਆ। ਇਸ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧ ਕੇ 25,332 ਹੋ ਗਈ ਹੈ।
ਵੋਟਰਾਂ ਨੂੰ ਜਾਗਰੂਕ ਕਰਨ ਲਈ ਇੱਕ ਮਹੀਨੇ ਤੱਕ ‘ਸਵੀਪ’ (Systematic Voters’ Education and Electoral Participation) ਮੁਹਿੰਮ ਚਲਾਈ ਗਈ। ਇਸ ਤਹਿਤ 23 ਜੂਨ ਨੂੰ ਐੱਸ.ਆਈ.ਆਰ. 2026 ਦੀ ਸ਼ੁਰੂਆਤ ਮੌਕੇ 2,000 ਤੋਂ ਵੱਧ ਨੌਜਵਾਨਾਂ ਨੇ ਮਨੁੱਖੀ ਲੜੀ ਬਣਾਈ।
ਇਸ ਤੋਂ ਇਲਾਵਾ, ਮਹੱਤਵਪੂਰਨ ਤਾਰੀਖਾਂ ’ਤੇ ਐੱਸ.ਐੱਮ.ਐੱਸ. ਅਲਰਟ, ਰੇਡੀਓ ਜਿੰਗਲਜ਼, ਈ-ਰਿਕਸ਼ਿਆਂ ਰਾਹੀਂ ਆਡੀਓ ਸੰਦੇਸ਼ ਅਤੇ ਬੀ.ਐੱਲ.ਓਜ਼ ਵੱਲੋਂ ਮੁਨਾਦੀ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਲੈਕਟੋਰਲ ਲਿਟਰੇਸੀ ਕਲੱਬਾਂ ਵੱਲੋਂ ਪੋਸਟਰ ਬਣਾਉਣ, ਵਿਚਾਰ-ਵਟਾਂਦਰੇ, ਸੈਮੀਨਾਰਾਂ ਅਤੇ ਰੰਗੋਲੀ ਮੁਕਾਬਲਿਆਂ ਰਾਹੀਂ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ ਗਿਆ। ਬੈਂਕਾਂ ਵਿੱਚ ਵੀ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ। ਸੋਸ਼ਲ ਮੀਡੀਆ ਮੁਹਿੰਮਾਂ ਵਿੱਚ ਸਵੀਪ ਆਈਕਨਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ।
ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਜਾਂਚ ਕਰਨ ਅਤੇ ਲੋੜੀਂਦੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਹੂਲਤ ਲਈ 7 ਜੂਨ, 11 ਅਤੇ 12 ਜੁਲਾਈ, 19 ਜੁਲਾਈ ਅਤੇ 16 ਅਗਸਤ 2026 ਨੂੰ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਤੋਂ ਇਲਾਵਾ, ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਪੰਜਾਬ ਦੇ ਕਾਲਜਾਂ ਅਤੇ ਸਕੂਲਾਂ ਵਿੱਚ ਵੀ ਵਿਸ਼ੇਸ਼ ਕੈਂਪ ਲਗਾਏ ਗਏ।
ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਅਤੇ ਸਿਆਸੀ ਪਾਰਟੀਆਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਉਣ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਨਿਯਮਤ ਮੀਟਿੰਗਾਂ ਵੀ ਕੀਤੀਆਂ ਗਈਆਂ।
ਯੋਗ ਵੋਟਰ ਫਾਰਮ ਨੰਬਰ 6 ਰਾਹੀਂ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ
ਮੁੱਖ ਚੋਣ ਅਫ਼ਸਰ ਪੰਜਾਬ, ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸਾਰੇ ਯੋਗ ਵੋਟਰਾਂ ਨੂੰ ਸੂਚੀ ਵਿੱਚ ਸ਼ਾਮਲ ਕਰਨ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਪ੍ਰਕਿਰਿਆ ਸੁਚਾਰੂ, ਪਾਰਦਰਸ਼ੀ ਅਤੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਰਜ ਦੀ ਸਫ਼ਲਤਾ ਚੋਣ ਅਮਲੇ ਦੇ ਯਤਨਾਂ, ਵੋਟਰਾਂ ਦੇ ਸਹਿਯੋਗ ਅਤੇ ਸਮੂਹ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਦਾ ਨਤੀਜਾ ਹੈ।
ਮੁੱਖ ਚੋਣ ਅਫ਼ਸਰ ਨੇ ਉਨ੍ਹਾਂ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਾਰਨ ਕਰਕੇ ਉਨ੍ਹਾਂ ਦਾ ਨਾਂ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕਿਆ ਜਾਂ ਉਹ ਨਵੇਂ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ, ਤਾਂ ਉਹ ECINET ਐਪ ਰਾਹੀਂ ਆਨਲਾਈਨ ਜਾਂ ਆਪਣੇ ਸਬੰਧਤ ਬੂਥ ਲੈਵਲ ਅਫ਼ਸਰ ਕੋਲ ਫਾਰਮ ਨੰਬਰ 6 ਭਰ ਕੇ ਆਫ਼ਲਾਈਨ ਅਰਜ਼ੀ ਦੇ ਸਕਦੇ ਹਨ।





