Onnline TV

ਪੰਜਾਬ ਪੰਜਾਬੀ

ਔਰਤਾਂ ਨੂੰ 1000 ਰੁਪਏ ਦੇਣ ਦੇ ਫੈਸਲੇ ਤੋਂ ਖਫਾ ਹੋ ਵਿਰੋਧੀ ਧਿਰ ਬਜਟ ਬਹਿਸ ਤੋਂ ਭੱਜੀ: ਮੁੱਖ ਮੰਤਰੀ ਮਾਨ

ਇਨ੍ਹਾਂ ਨੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੱਤਾ, ਅੱਜ ਸਾਡੇ ਬੱਚੇ JEE-NEET ਪਾਸ ਕਰ ਰਹੇ ਹਨ

ਪੰਜਾਬ ਸਰਕਾਰ ਦਾ ਬਜਟ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ

ਚੰਡੀਗੜ੍ਹ, 11 ਮਾਰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਨੇ ਬਜਟ ਬਹਿਸ ਵਿੱਚ ਹਿੱਸਾ ਨਹੀਂ ਲਿਆ ਕਿਉਂਕਿ ਉਹ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੇ ਇਤਿਹਾਸਕ ਫੈਸਲੇ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਲੋਕਾਂ ਨੂੰ ਗਰੀਬੀ ਵਿੱਚ ਧੱਕਣ ਵਾਲੀਆਂ ਪਾਰਟੀਆਂ ਹੁਣ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਆਮ ਪਰਿਵਾਰਾਂ ਦੇ ਸਸ਼ਕਤੀਕਰਨ ਤੋਂ ਬੁਖਲਾਈਆਂ ਹੋਈਆਂ ਹਨ।

ਪੰਜਾਬ ਸਰਕਾਰ ਦੇ ਪੰਜਵੇਂ ਸਾਲਾਨਾ ਬਜਟ ਨੂੰ “ਸ਼ਹੀਦਾਂ ਦੇ ਸੁਪਨਿਆਂ ਦਾ ਬਜਟ” ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮਕਸਦ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਸੁਪਨੇ ਪੂਰੇ ਕਰਨਾ ਹੈ। ਉਨ੍ਹਾਂ ਦੁਹਰਾਇਆ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਸਾਰੀਆਂ ਚੋਣ ਗਰੰਟੀਆਂ ਪੂਰੀਆਂ ਕਰ ਲਈਆਂ ਹਨ ਤੇ 2027 ਵਿਧਾਨ ਸਭਾ ਚੋਣਾਂ ਲਈ ਏਜੰਡਾ ਤਿਆਰ ਕਰ ਰਹੀ ਹੈ। ਵਿਰੋਧੀ ਧਿਰ ਪਹਿਲਾਂ ਹੀ ਜਾਣਦੀ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ 2027 ਵਿੱਚ ਵੀ ਸੱਤਾ ਵਿੱਚ ਵਾਪਸ ਆਵੇਗੀ, ਇਸ ਲਈ ਉਹ ਬਹਿਸ ਤੋਂ ਭੱਜ ਕੇ ਬਾਈਕਾਟ ਕਰ ਗਏ ਹਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 2026-27 ਲਈ ਪੇਸ਼ ਕੀਤੇ ਬਜਟ ‘ਤੇ ਬਹਿਸ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਚਾਰ ਸਾਲਾਂ ਵਿੱਚ ਸਾਰੀਆਂ ਚੋਣ ਗਰੰਟੀਆਂ ਪੂਰੀਆਂ ਕੀਤੀਆਂ ਹਨ। ਰਵਾਇਤੀ ਪਾਰਟੀਆਂ ਦੇ ਮੈਨੀਫੈਸਟੋ ਖਾਨਾਪੂਰਤੀ ਹੁੰਦੇ ਸਨ। ਅਸੀਂ ਲੋਕਾਂ ਦੇ ਸਹਿਯੋਗ ਨਾਲ 2027 ਵਿੱਚ ਵੀ ਇਸੇ ਭਾਵਨਾ ਨਾਲ ਸੇਵਾ ਕਰਾਂਗੇ। ਪਹਿਲੀ ਵਾਰ ਬਜਟ ਨੂੰ ਪਵਿੱਤਰ ਦਸਤਾਵੇਜ਼ ਮੰਨ ਕੇ ਹਰ ਵਾਅਦਾ ਪੂਰਾ ਕੀਤਾ ਹੈ।”

ਲੋਕ ਪੱਖੀ ਬਜਟ ਲਈ ਵਿੱਤ ਮੰਤਰੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਬਜਟ ਵਿੱਚ ਆਰਥਿਕ ਕਮਜ਼ੋਰੀ ਵਾਲੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਵਿੱਚ 97 ਫੀਸਦੀ ਮਹਿਲਾਵਾਂ ਨੂੰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ 1000 ਰੁਪਏ (ਐਸਸੀ ਔਰਤਾਂ ਨੂੰ 1500 ਰੁਪਏ), 40 ਲੱਖ ਪਰਿਵਾਰਾਂ ਨੂੰ ਮੇਰੀ ਰਸੋਈ ਯੋਜਨਾ ਅਧੀਨ ਮੁਫਤ ਰਾਸ਼ਨ ਤੇ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਸ਼ਾਮਲ ਹੈ। ਔਰਤਾਂ ਨੂੰ 1000-1500 ਰੁਪਏ ਦੇ ਐਲਾਨ ਤੋਂ ਵਿਰੋਧੀ ਘਬਰਾਏ ਹੋਏ ਹਨ ਤੇ ਸਦਨ ਬਾਈਕਾਟ ਕਰਕੇ ਭੱਜ ਗਏ ਹਨ।

ਪਿਛਲੀਆਂ ਸਰਕਾਰਾਂ ਦੇ ਬਜਟ ਗਲੀਆਂ-ਨਾਲੀਆਂ ਪੱਕੀਆਂ ਕਰਨ ਤੱਕ ਸੀਮਤ ਸਨ, ਪਰ ਅਸੀਂ ਵਿਸ਼ਵ ਪੱਧਰੀ ਸਿੱਖਿਆ, ਮਿਆਰੀ ਸਿਹਤ ਸਹੂਲਤਾਂ ਤੇ ਮੈਡੀਕਲ ਕਾਲਜਾਂ ਦੇ ਪ੍ਰਸਤਾਵ ਰੱਖੇ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ 7 ਨਵੇਂ ਮੈਡੀਕਲ ਕਾਲਜ ਬਣ ਰਹੇ ਹਨ (ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਲਹਿਰਾਗਾਗਾ, ਮਲੇਰਕੋਟਲਾ ਤੇ ਲੁਧਿਆਣਾ ਵਿੱਚ), ਜਿਨ੍ਹਾਂ ਨਾਲ 600 MBBS ਸੀਟਾਂ ਵਧਣਗੀਆਂ। 881 ਆਮ ਆਦਮੀ ਕਲੀਨਿਕਾਂ ਵਿੱਚ 5 ਕਰੋੜ OPD ਐਂਟਰੀਆਂ ਦਰਜ ਹੋਈਆਂ ਹਨ, ਜੋ ਸਿਹਤ ਸੇਵਾਵਾਂ ‘ਤੇ ਭਰੋਸਾ ਦਰਸਾਉਂਦੀਆਂ ਹਨ।

‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਆੜੇ ਹੱਥ ਲੈਂਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਅਮੀਰ ਆਗੂ ਗਰੀਬਾਂ ਨੂੰ ਜਾਣਬੁੱਝ ਕੇ ਬੇਇੱਜ਼ਤ ਕਰ ਰਹੇ ਹਨ। ਰਵਾਇਤੀ ਪਾਰਟੀਆਂ ਨੇ ਗਰੀਬਾਂ ਲਈ ਕਦੇ ਕੰਮ ਨਹੀਂ ਕੀਤਾ, ਅੱਜ ਵੀ ਬਹੁਤ ਪਰਿਵਾਰ ਗਰੀਬੀ ਵਿੱਚ ਜੀ ਰਹੇ ਹਨ। ਇਨ੍ਹਾਂ ਆਗੂਆਂ ਨੂੰ ਗਰੀਬਾਂ ਦੀ ਆਰਥਿਕ ਆਜ਼ਾਦੀ ਤੋਂ ਤਕਲੀਫ ਹੈ। ਉਹ ਆਪਣੇ ਬੱਚਿਆਂ ਨੂੰ ਪਹਾੜੀ ਕਾਨਵੈਂਟ ਸਕੂਲਾਂ ਵਿੱਚ ਪੜ੍ਹਾਉਂਦੇ ਹਨ ਪਰ ਗਰੀਬਾਂ ਨੂੰ ਅਨਪੜ੍ਹ ਰੱਖਣਾ ਚਾਹੁੰਦੇ ਹਨ। ਸਕੂਲ ਆਫ ਐਮੀਨੈਂਸ ਸ਼ੁਰੂ ਕਰਨ ਨਾਲ ਪੱਛੜੇ ਪਰਿਵਾਰਾਂ ਦੇ ਬੱਚੇ JEE, JEE ਮੇਨਜ਼ ਤੇ NEET ਪਾਸ ਕਰ ਰਹੇ ਹਨ।

ਮੇਰੀ ਰਸੋਈ ਸਕੀਮ 40 ਲੱਖ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਦੇਵੇਗੀ, ਜਿਸ ਅਧੀਨ ਪਰਿਵਾਰ ਨੂੰ 2 ਕਿਲੋ ਖੰਡ, 2 ਕਿਲੋ ਦਾਲ, 1 ਲੀਟਰ ਸਰ੍ਹੋਂ ਦਾ ਤੇਲ, 200 ਗ੍ਰਾਮ ਹਲਦੀ ਤੇ 1 ਕਿਲੋ ਲੂਣ ਮਿਲੇਗਾ।

ਪੰਜਾਬ ਪੁਲਿਸ ਵਿੱਚ 10,000 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ, ਜਿਸ ਨਾਲ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਪੁਲਿਸ ਮਜ਼ਬੂਤ ਹੋਵੇਗੀ। ਸਰਕਾਰ ਨੇ ਹੁਣ ਤੱਕ ਲਗਪਗ 64,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹੁਸ਼ਿਆਰਪੁਰ ਵਿੱਚ ਸਰਦਾਰ ਬਹਾਦਰ ਅਮੀਨ ਚੰਦ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤਿਆਰ ਹੈ ਤੇ ਇਸ ਸਾਲ ਦਾਖਲੇ ਸ਼ੁਰੂ ਹੋਣਗੇ।

watch…..PUNJAB GOVERNMENT SCHOOLS EXCEL: 260 STUDENTS CLEAR JEE (MAINS)

ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਉਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਭਾ ਵਿੱਚ ਪੇਸ਼ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ 57 ਫੀਸਦੀ ਮਾਨੀਟਰਿੰਗ ਵੈੱਲਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ (0 ਤੋਂ 4 ਮੀਟਰ ਤੱਕ)।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ਵ ਪੱਧਰੀ ਯੂਨੀਵਰਸਿਟੀ ਬਣ ਰਹੀ ਹੈ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 100 ਕਰੋੜ ਰੁਪਏ ਰੱਖੇ ਗਏ ਹਨ।

ਵਿਰੋਧੀ ਹਰ ਫੈਸਲੇ ਵਿੱਚ ਨੁਕਸ ਕੱਢਦੇ ਹਨ। ਪਹਿਲਾਂ ਮੁਫਤ ਬਿਜਲੀ ਨਹੀਂ ਦੇ ਸਕਦੇ ਸੀ, ਅਸੀਂ ਦਿੱਤੀ। ਫਿਰ ਕਿਹਾ ਇੱਕ ਸਾਲ ਵੀ ਮੁੱਖ ਮੰਤਰੀ ਨਹੀਂ ਰਹਾਂਗਾ, ਮੈਂ ਚਾਰ ਸਾਲਾਂ ਤੋਂ ਹਾਂ ਤੇ 2027 ਵਿੱਚ ਵੀ ਬਣਾਂਗਾ।

ਪੰਜਾਬ ਦੇ ਮਸਲਿਆਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬੇ ਪੰਜਾਬ ਨੂੰ ਵੱਡਾ ਭਰਾ ਬਣਾ ਕੇ ਸਰੋਤਾਂ ‘ਤੇ ਡਾਕਾ ਮਾਰਨਾ ਚਾਹੁੰਦੇ ਹਨ। ਹਿਮਾਚਲ ਚੰਡੀਗੜ੍ਹ ਵਿੱਚ ਹਿੱਸਾ ਤੇ ਪਾਣੀ ‘ਤੇ ਰਾਇਲਟੀ ਮੰਗਦਾ ਹੈ, ਹਰਿਆਣਾ SYL ਨਹਿਰ ਮੰਗਦਾ ਹੈ। ਅਸਾਡੇ ਸਟੈਂਡ ਕਾਰਨ ਹਰਿਆਣਾ ਨੇ ਆਪਣੇ ਬਜਟ ਵਿੱਚ SYL ਲਈ ਫੰਡ ਨਹੀਂ ਰੱਖੇ।

ਵਿਰੋਧੀ ਧਿਰ ਦੀ ਗੈਰਹਾਜ਼ਰੀ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕਿਆਂ ਦੇ ਮਸਲੇ ਚੁੱਕਣ ਲਈ ਗੰਭੀਰ ਨਹੀਂ ਸਨ ਤੇ 2027 ਵਿੱਚ ਸਿਆਸੀ ਨਕਸ਼ੇ ਤੋਂ ਗੈਰਹਾਜ਼ਰ ਹੋ ਜਾਣਗੇ। ਕਾਂਗਰਸ ਪਾਟੋਧਾੜ ਦਾ ਸ਼ਿਕਾਰ ਹੈ ਤੇ ਹਾਈਕਮਾਂਡ ਇੱਕ ਇਨੋਵਾ ਵਿੱਚ ਫਿੱਟ ਹੋ ਜਾਂਦੀ ਹੈ। ਅਕਾਲੀ ਦਲ ਨੂੰ ਨਸਲਕੁਸ਼ੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰ ਬਣਾਇਆ, ਜਿਸ ਨਾਲ ਪੀੜ੍ਹੀਆਂ ਬਰਬਾਦ ਹੋਈਆਂ। ਅਕਾਲੀ ਸਰਕਾਰ ਵਿੱਚ ਸਰਕਾਰੀ ਗੱਡੀਆਂ ਵਿੱਚ ਨਸ਼ਾ ਸਪਲਾਈ ਹੁੰਦਾ ਸੀ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਤੀਜੇ ਨੰਬਰ ‘ਤੇ ਰਹਿਣ ਵਾਲੇ ਅਕਾਲੀ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੇ ਹਨ, ਜੋ ਕਦੇ ਪੂਰੇ ਨਹੀਂ ਹੋਣਗੇ।

LEAVE A RESPONSE

Your email address will not be published. Required fields are marked *