ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਪਟਿਆਲਾ, 24 ਮਈ
ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼, ਸਰਾਭਾ ਵਿਖੇ ਕਰਵਾਇਆ ਗਿਆ। ਡਾਇਰੈਕਟਰ ਭਾਸ਼ਾਵਾਂ ਸ.ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਆਯੋਜਿਤ ਇਸ ਦੋ-ਪੜਾਵਾਂ ਵਾਲੇ ਸਮਾਗਮ ਵਿੱਚ ਵਿਚਾਰ ਚਰਚਾ ਅਤੇ ਕਵੀ ਦਰਬਾਰ ਰਾਹੀਂ ਸ਼ਹੀਦ ਸਰਾਭਾ ਅਤੇ ਗਦਰ ਲਹਿਰ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕੀਤਾ ਗਿਆ।
ਸਮਾਗਮ ਦੀ ਸਫਲਤਾ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਟਰਸਟ ਦੇ ਸੰਚਾਲਕ ਅਵਤਾਰ ਸਿੰਘ, ਕਰਨਲ ਰਣਧੀਰ ਸਿੰਘ, ਸਾਧੂ ਸਿੰਘ, ਜਸਵਿੰਦਰ ਰਾਣਾ, ਪਰਮਜੀਤ ਸਿੰਘ ਅਤੇ ਕਲੱਬ ਪ੍ਰਧਾਨ ਦਵਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਵਿਚਾਰ ਚਰਚਾ ਦੀ ਪ੍ਰਧਾਨਗੀ ਪ੍ਰੋ. ਜਗਮੋਹਨ ਸਿੰਘ ਨੇ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਜਸਵੀਰ ਸਿੰਘ ਨੇ ‘ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗਦਰ ਲਹਿਰ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਗਦਰ ਲਹਿਰ ਨੇ ਅੰਗਰੇਜ਼ ਹਕੂਮਤ ਵਿੱਚ ਡਰ ਪੈਦਾ ਕਰ ਦਿੱਤਾ ਸੀ ਅਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਵੀ ਆਜ਼ਾਦੀ ਦੀ ਲੜਾਈ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਗਦਰ ਲਹਿਰ ਦੇ ਸਿਧਾਂਤ ਅੱਜ ਵੀ ਸਮਾਜ ਲਈ ਮਾਰਗਦਰਸ਼ਕ ਹਨ।
watch…..Novelist Nanak Singh’s Personal Belongings Donated to Punjab Language Department
ਡਾ. ਸੁਮੇਲ ਸਿੰਘ ਸਿੱਧੂ ਨੇ ‘ਗਦਰ ਸਾਹਿਤ’ ਬਾਰੇ ਚਰਚਾ ਕਰਦਿਆਂ ਕਿਹਾ ਕਿ ਗਦਰੀ ਸਾਹਿਤ ਨੇ ਦੇਸ਼-ਪ੍ਰੇਮ ਨੂੰ ਆਜ਼ਾਦੀ ਦੀ ਲੜਾਈ ਨਾਲ ਜੋੜਿਆ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਗਦਰੀਆਂ ਨੇ ਮਿਹਨਤ-ਮਜ਼ਦੂਰੀ ਦੇ ਨਾਲ-ਨਾਲ ਉੱਚ ਕੋਟੀ ਦਾ ਸਾਹਿਤ ਵੀ ਸਿਰਜਿਆ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਗਦਰ ਲਹਿਰ ਨੇ ਔਰਤਾਂ ਨੂੰ ਵੀ ਬਰਾਬਰੀ ਦਾ ਦਰਜਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ’ਤੇ ਕਰਤਾਰ ਸਿੰਘ ਸਰਾਭਾ ਦੀ ਸ਼ਖ਼ਸੀਅਤ ਦਾ ਡੂੰਘਾ ਪ੍ਰਭਾਵ ਸੀ ਅਤੇ ਭਗਤ ਸਿੰਘ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ।
ਸਮਾਗਮ ਦੇ ਦੂਜੇ ਪੜਾਅ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਪੱਤਰਕਾਰ ਸੀ. ਮਾਰਕੰਡਾ ਨੇ ਕੀਤੀ। ਵੱਖ-ਵੱਖ ਕਵੀਆਂ ਅਤੇ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਰਾਹੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗਦਰ ਲਹਿਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਿੰ. ਮਹਿੰਦਰ ਕੌਰ ਗਰੇਵਾਲ, ਕਰਮਜੀਤ ਗਰੇਵਾਲ ਲਲਤੋਂ ਕਲਾਂ, ਇੰਦਰਜੀਤ ਕੌਰ ਵਡਾਲਾ ਗ੍ਰੰਥੀਆਂ, ਪ੍ਰਗਟ ਸਿੰਘ ਗਿੱਲ ਬਾਗੀ (ਆਸਟਰੇਲੀਆ), ਅਮਰਦੀਪ ਕੌਰ ਮੋਹਾਲੀ, ਪ੍ਰੋ. ਸਤਵੰਤ ਸਿੰਘ ਕੰਵਲ ਅਤੇ ਅਵਤਾਰਜੀਤ ਸਿੰਘ ਪਟਿਆਲਾ ਸਮੇਤ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਹੌਲ ਨੂੰ ਜੋਸ਼ ਅਤੇ ਭਾਵਨਾਵਾਂ ਨਾਲ ਭਰ ਦਿੱਤਾ।
ਮਾਰਕੰਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਕਨਾਲੋਜੀ ਦੇ ਯੁੱਗ ਵਿੱਚ ਵੀ ਸਾਹਿਤ ਦੀ ਮਹੱਤਤਾ ਕਦੇ ਘੱਟ ਨਹੀਂ ਹੋ ਸਕਦੀ ਅਤੇ ਸਾਹਿਤਕਾਰਾਂ ਦਾ ਫਰਜ਼ ਹੈ ਕਿ ਉਹ ਲੋਕਾਂ ਦੀ ਆਵਾਜ਼ ਬਣਨ।
ਅੰਤ ਵਿੱਚ ਸਾਰੇ ਬੁਲਾਰਿਆਂ ਅਤੇ ਕਵੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼ਾਲਾਂ ਅਤੇ ਪੁਸਤਕ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖੂਬੀ ਨਿਭਾਇਆ।
ਸਮਾਗਮ ਵਿੱਚ ਸੀ.ਐਮ.ਓ. ਲੁਧਿਆਣਾ ਡਾ. ਰਮਨਦੀਪ ਕੌਰ, ਪ੍ਰਿੰ. ਪ੍ਰਭਜੋਤ ਕੌਰ ਸੈਣੀ, ਡਾ. ਬਲਜੀਤ ਸਿੰਘ ਵਿਰਕ, ਹਰਪ੍ਰੀਤ ਸਿੰਘ, ਅੰਕੁਸ਼ ਕੁਮਾਰ, ਅਰੁਣ ਕੁਮਾਰ, ਤਰਲੋਕ ਨੇਗੀ ਅਤੇ ਸਿਮਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਅਤੇ ਸਰੋਤੇ ਹਾਜ਼ਰ ਰਹੇ।
ਸਮਾਗਮ ਦੀ ਸਮਾਪਤੀ ਉਪਰੰਤ ਸਾਰੇ ਬੁਲਾਰਿਆਂ, ਕਵੀਆਂ ਅਤੇ ਪ੍ਰਬੰਧਕਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਵਿਖੇ ਮੱਥਾ ਟੇਕ ਕੇ ਸ਼ਰਧਾਂਜਲੀ ਅਰਪਿਤ ਕੀਤੀ।

