Onnline TV

ਪੰਜਾਬ ਪੰਜਾਬੀ

ਗਿਆਨੀ ਹਰਪ੍ਰੀਤ ਸਿੰਘ ਨੇ ਰਚੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ : ਸੁਖਬੀਰ ਬਾਦਲ

ਪਟਿਆਲਾ, 11 ਅਗਸਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ 2 ਦਸੰਬਰ 2024 ਨੂੰ ਜਾਰੀ ਹੁਕਮਨਾਮੇ ਦੀ ਉਲੰਘਣਾ ਕੀਤੀ, ਜਿਸ ਵਿੱਚ ਅਕਾਲੀ ਦਲ ਦੇ ਵੱਖ-ਵੱਖ ਧੜੇ ਬਣਾਉਣ ’ਤੇ ਪਾਬੰਦੀ ਸੀ। ਉਨ੍ਹਾਂ ਕਿਹਾ, “ਸਾਰੀ ਦੁਨੀਆਂ ਜਾਣਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਅਤੇ ਪੰਜਾਬ ਵਿਰੋਧੀ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਖਾਲਸਾ ਪੰਥ, ਪੰਜਾਬ ਅਤੇ ਅਕਾਲੀ ਦਲ ਨੂੰ ਵੰਡਣ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ। ਮੇਰੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੂਰਨ ਸਮਰਪਣ ਨਾਲ ਇਸ ਸਾਜ਼ਿਸ਼ ਨੂੰ ਮਾਤ ਪਈ। ਇਸ ਲਈ, ਇਨ੍ਹਾਂ ਤੱਤਾਂ ਨੇ ਸੂਬਾ ਪੁਲਿਸ ਨਾਲ ਮਿਲ ਕੇ ਮੈਨੂੰ ਸਰੀਰਕ ਤੌਰ ’ਤੇ ਖ਼ਤਮ ਕਰਨ ਦੀ ਸਾਜ਼ਿਸ਼ ਰਚੀ, ਜਦੋਂ ਮੈਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਣ ਗਿਆ ਸੀ। ਪਰ ਸ੍ਰੀ ਅਕਾਲ ਪੁਰਖ਼ ਨੇ ਮੈਨੂੰ ਬਚਾ ਲਿਆ ਅਤੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।”

ਬਾਦਲ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਜ਼ਮੀਨ ਹੜੱਪਣ ਦੀ ਸਕੀਮ ਵਿਰੁੱਧ ਪਟਿਆਲਾ ਵਿੱਚ ਵਿਸ਼ਾਲ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ, ਪਾਰਟੀ ਵਰਕਰਾਂ ਨੇ ‘ਸੁਖਬੀਰ ਤੇਰੀ ਸੋਚ ’ਤੇ, ਪਹਿਰਾ ਦੇਵਾਂਗੇ ਠੋਕ ਕੇ’ ਅਤੇ ‘ਤਖ਼ਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ’ ਵਰਗੇ ਨਾਅਰਿਆਂ ਨਾਲ ਜ਼ੋਰਦਾਰ ਸਵਾਗਤ ਕੀਤਾ।

ਸਰਕਾਰ ’ਤੇ ਸਿੱਧਾ ਹਮਲਾ ਬੋਲਦਿਆਂ, ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਆਪ ਸਰਕਾਰ ਨੂੰ 65,000 ਏਕੜ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਵਿੱਚੋਂ ਇੱਕ ਇੰਚ ਵੀ ਹੜੱਪਣ ਨਹੀਂ ਦੇਵੇਗਾ। ਉਨ੍ਹਾਂ ਨੇ ਦੁਹਰਾਇਆ ਕਿ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਐਕਵਾਇਰ ਕੀਤੀ ਜ਼ਮੀਨ ਮੁੜ ਅਸਲ ਮਾਲਕਾਂ ਨੂੰ ਵਾਪਸ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ ਅਰਵਿੰਦ ਕੇਜਰੀਵਾਲ, ਜਿਸ ਨੇ ਸੂਬਾ ਸਰਕਾਰ ਦੀ ਵਾਗਡੋਰ ਸੰਭਾਲੀ ਹੈ, ਨੇ ਦਿੱਲੀ ਦੇ ਬਿਲਡਰਾਂ ਨਾਲ 30 ਹਜ਼ਾਰ ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ, ਤਾਂ ਜੋ ਮੌਜੂਦਾ ਜ਼ਮੀਨ ਐਕਵਾਇਰ ਕਰਕੇ ਉਨ੍ਹਾਂ ਨੂੰ ਦਿੱਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਜ਼ਮੀਨ ਐਕਵਾਇਰ ਹੋਣ ਤੋਂ ਬਾਅਦ, ਅਗਲੇ ਪੜਾਅ ਵਿੱਚ ਇੱਕ ਲੱਖ ਏਕੜ ਜ਼ਮੀਨ ਹੋਰ ਐਕਵਾਇਰ ਕਰਨ ਦੀ ਯੋਜਨਾ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ, ਤਾਂ ਇਹ ਮੁਹਿੰਮ ਅੱਗੇ ਵਧਦੀ ਰਹੇਗੀ।

ਬਾਦਲ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਦੀਆਂ ਗਤੀਵਿਧੀਆਂ ਬਾਰੇ ਉਹ ਜ਼ਿਆਦਾ ਨਹੀਂ ਬੋਲਣਗੇ, ਪਰ ਪੰਜਾਬੀਆਂ ਨੂੰ ਸੱਚਾਈ ਦੱਸਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਮੈਨੂੰ ਅਤੇ ਅਕਾਲੀ ਲੀਡਰਸ਼ਿਪ ਨੂੰ ਤਲਬ ਕੀਤਾ, ਤਾਂ ਜੋ ਮੈਨੂੰ ਪੰਥ ਵਿੱਚੋਂ ਬਾਹਰ ਕੀਤਾ ਜਾ ਸਕੇ। ਇਸ ਮਕਸਦ ਲਈ ਸਾਜ਼ਿਸ਼ ਅਧੀਨ ਸ਼ਿਕਾਇਤਾਂ ਮੰਗਵਾਈਆਂ ਗਈਆਂ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਮਾਮਲਾ ਅਕਾਲੀ ਦਲ ਦੇ ਨੋਟਿਸ ਵਿੱਚ ਆਇਆ, ਤਾਂ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਕੋਈ ਦਲੀਲਬਾਜ਼ੀ ਨਹੀਂ ਕਰਨੀ। ਇਸੇ ਕਰਕੇ ਅਸੀਂ ਸਰਕਾਰ, ਪਾਰਟੀ ਜਾਂ ਕਿਸੇ ਅਧਿਕਾਰੀ ਦੀਆਂ ਗਲਤੀਆਂ ਦਾ ਦੋਸ਼ ਆਪਣੇ ਸਿਰ ਲੈ ਲਿਆ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਅਤੇ ਜਦੋਂ ਵਾਹਿਗੁਰੂ ਦੀ ਮਿਹਰ ਨਾਲ ਮੈਂ ਬਚ ਗਿਆ, ਤਾਂ ਦੋਸ਼ੀ ਨੂੰ ਕਮਜ਼ੋਰ ਐਫ.ਆਈ.ਆਰ. ਲਿਖ ਕੇ ਜ਼ਮਾਨਤ ਦਿਵਾਉਣ ਵਿੱਚ ਮਦਦ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਕਾਤਲਾਨਾ ਹਮਲਾ ਸਿਰਫ਼ ਧੱਕਾ-ਮੁੱਕੀ ਸੀ।

ਬਾਦਲ ਨੇ ਸਪਸ਼ਟ ਕੀਤਾ ਕਿ ਉਹ ਪੰਥ ਦੇ ਸਿਧਾਂਤਾਂ ਲਈ ਹਮੇਸ਼ਾ ਡਟੇ ਰਹਿਣਗੇ ਅਤੇ ਅਜਿਹੀਆਂ ਸਾਜ਼ਿਸ਼ਾਂ ਉਨ੍ਹਾਂ ਨੂੰ ਪੰਥ ਅਤੇ ਪੰਜਾਬ ਦੀ ਭਲਾਈ ਲਈ ਸੰਘਰਸ਼ ਕਰਨ ਤੋਂ ਨਹੀਂ ਰੋਕ ਸਕਦੀਆਂ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਪੁਰਖ਼ਿਆਂ ਦੀਆਂ ਸ਼ਹਾਦਤਾਂ ਨਾਲ ਬਣਿਆ ਹੈ ਅਤੇ ਹਮੇਸ਼ਾ ਆਪਣੇ ਸਿਧਾਂਤਾਂ ’ਤੇ ਅਡਿੱਗ ਰਹੇਗਾ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਵੇਖਣ ਅਤੇ ਸਮਝਣ ਕਿ ਖੇਤੀਬਾੜੀ ਮੰਡੀਆਂ, ਸਿੰਜਾਈ ਸਹੂਲਤਾਂ, ਮੁਫਤ ਬਿਜਲੀ, ਆਟਾ-ਦਾਲ, ਸ਼ਗਨ ਅਤੇ ਬੁਢਾਪਾ ਪੈਨਸ਼ਨ ਵਰਗੀਆਂ ਸਕੀਮਾਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਆਪ ਸਰਕਾਰ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਕੁਝ ਵੀ ਨਹੀਂ।

ਸਥਾਨਕ ਬਾਗੀ ਆਗੂਆਂ ਚੰਦੂਮਾਜਰਾ ਅਤੇ ਰੱਖੜਾ ਦਾ ਜ਼ਿਕਰ ਕਰਦਿਆਂ, ਸ. ਬਾਦਲ ਨੇ ਵਰਕਰਾਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਇਨ੍ਹਾਂ ਦੇ ਚੁੰਗਲ ਤੋਂ ਬਚਾ ਲਿਆ। ਉਨ੍ਹਾਂ ਨੇ ਕਿਹਾ, “ਮੈਨੂੰ ਇਨ੍ਹਾਂ ਆਗੂਆਂ ਦੀ ਜ਼ਰੂਰਤ ਨਹੀਂ, ਮੈਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ।” ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਪਛਾਣ ਕਰਨ ਜਿਨ੍ਹਾਂ ਨੇ ਪੰਥ ਨੂੰ ਧੋਖਾ ਦਿੱਤਾ ਅਤੇ ਵਿਸ਼ਾਲ ਇਕੱਠ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਕੇਜਰੀਵਾਲ ਨੇ ਵਿਕਾਸ ਅਥਾਰਟੀਆਂ ਦਾ ਮੁਖੀ ਬਦਲ ਕੇ ਮੁੱਖ ਸਕੱਤਰ ਅਤੇ ਚਾਰ ਬਾਹਰੀ ਵਿਅਕਤੀਆਂ ਨੂੰ ਮੈਂਬਰ ਨਿਯੁਕਤ ਕੀਤਾ, ਤਾਂ ਜੋ ਜ਼ਮੀਨ ਦੀ ਲੁੱਟ ਕੀਤੀ ਜਾ ਸਕੇ। ਆਪ ਸਰਕਾਰ ਨੇ 1995 ਦੇ ਐਕਟ ਦੀ ਵਰਤੋਂ ਕਰਕੇ ਜ਼ਮੀਨ ਸਸਤੇ ਭਾਅ ਐਕਵਾਇਰ ਕੀਤੀ, ਜਦਕਿ 2013 ਦੇ ਐਕਟ ਦੀ ਵਰਤੋਂ ਨਾ ਕਰਕੇ ਬਿਲਡਰਾਂ ਨੂੰ ਮਰਜ਼ੀ ਅਨੁਸਾਰ ਜ਼ਮੀਨ ਅਲਾਟ ਕੀਤੀ।

watch….ਬਾਗੀ ਅਕਾਲੀ ਦਲ ਦਾ ਇਜਲਾਸ: ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੀ ਚੇਅਰਪਰਸਨ ਚੁਣੇ

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਆਪ ਹਾਈ ਕਮਾਂਡ ਨਾਲ ਜੁੜੇ ਲੋਕਾਂ, ਜਿਵੇਂ ਸ਼ਾਲਿਨੀ ਮਿੱਤਰਾ, ਅਰਵਿੰਦ ਮੋਦੀ, ਵਿਜੇ ਨਾਇਰ, ਵੀਨਾ ਗੁਪਤਾ, ਦੀਪਕ ਚੌਹਾਨ ਅਤੇ ਰਾਕੇਸ਼ ਕੁਮਾਰ ਗੋਇਲ ਨੂੰ ਪੰਜਾਬ ਵਿੱਚ ਉੱਚ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ। ਸਾਬਕਾ ਆਈ.ਆਰ.ਐਸ. ਅਫਸਰ ਮਹੇਸ਼ ਪੂਰੀ ਨੂੰ ਪੰਜਾਬ ਵਿਜੀਲੈਂਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ, ਜੋ ਗੈਰ-ਅਧਿਕਾਰਤ ਤੌਰ ’ਤੇ ਵਿਭਾਗ ਦਾ ਕੰਮਕਾਜ ਵੇਖ ਰਿਹਾ ਹੈ।

ਇਸ ਮੌਕੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਐਨਕੇ ਸ਼ਰਮਾ, ਹਰਪ੍ਰੀਤ ਕੌਰ ਮੁਖਮੇਲਪੁਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੁਰਜੀਤ ਸਿੰਘ ਗੜ੍ਹੀ, ਕਬੀਰ ਦਾਸ, ਸਰਬਜੀਤ ਸਿੰਘ ਝਿੰਜਰ, ਜਗਮੀਤ ਹਰਿਆਊ, ਅਮਿਤ ਰਾਠੀ, ਜਸਪਾਲ  ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਮੱਖਣ ਸਿੰਘ ਲਾਲਕਾ, ਅਮਰਿੰਦਰ ਸਿੰਘ ਬਜਾਜ, ਅਮਰਜੀਤ ਸਿੰਘ ਪੰਜਰਥ, ਲਖਵੀਰ ਸਿੰਘ ਲੋਟ, ਜਸਮੇਰ ਸਿੰਘ ਲਾਛੜੂ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

LEAVE A RESPONSE

Your email address will not be published. Required fields are marked *